ਸਿੰਗਾਪੁਰ-ਪੰਜਾਬ ਅਸੈਂਬਲੀ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਆਪਣੇ ਪਰਿਵਾਰ ਸਮੇਤ ਸਿੰਗਾਪੁਰ ਵਿਖੇ ਭਾਈ ਮਹਾਰਾਜ ਸਿੰਘ ਜੀ ਦੇ ਸ਼ਹੀਦੀ ਯਾਦਗਾਰੀ ਅਸਥਾਨ ‘ਤੇ ਸਿੱਖ ਐਜੂਕੇਸ਼ਨ ਬੋਰਡ ਸਿੰਗਾਪੁਰ ਦੇ ਸਾਬਕਾ ਚੇਅਰਮੈਨ ਭਜਨ ਸਿੰਘ ਨਾਲ ਨਤਮਸਤਕ ਹੋਣ ਪਹੁੰਚੇ । ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ (ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਗੁਰੂ ਕਾ ਹਾਲੀ ਰੰਧਾਵਾ ਗੁਰੂ ਕੀ ਵਡਾਲੀ-ਛੇਹਰਟਾ), ਗੁ: ਸਿੱਲਟ ਰੋਡ ਦੇ ਸਹਾਇਕ ਮੈਨੇਜਰ, ਭਜਨ ਸਿੰਘ ਸਾਬਕਾ ਚੇਅਰਮੈਨ ਪੰਜਾਬੀ ਐਜੂਕੇਸ਼ਨ ਬੋਰਡ, ਮੋਹਨ ਸਿੰਘ ਮੋਗਾ ਅਤੇ ਸੱਚਨਦੀਪ ਸਿੰਘ ਸੰਧੂ ਵਲੋਂ ਸਪੀਕਰ ਸੰਧਵਾਂ ਅਤੇ ਪਰਿਵਾਰ ਦਾ ਨਿੱਘਾ ਸੁਆਗਤ ਕੀਤਾ ਗਿਆ । ਸੰਧਵਾਂ ਨੂੰ ਪ੍ਰੋ: ਬਾਬਾ ਰੰਧਾਵਾ, ਸਹਾਇਕ ਮੈਨੇਜਰ ਅਤੇ ਭਜਨ ਸਿੰਘ ਚੇਅਰਮੈਨ ਵਲੋਂ ਸੰਤ ਸਿਪਾਹੀ ਭਾਈ ਮਹਾਰਾਜ ਸਿੰਘ ਜੀ ਦੀ ਜੀਵਨੀ ਤੇ ਸੈਂਟਰਲ ਸਿੱਖ ਗੁ: ਬੋਰਡ ਵਲੋਂ ਛਪਵਾਈ ਕਿਤਾਬ ਵੀ ਭੇਟ ਕੀਤੀ ਗਈ । ਸਪੀਕਰ ਸੰਧਵਾਂ ਨੇ ਭਾਈ ਮਹਾਰਾਜ ਸਿੰਘ ਜੀ ਦੇ ਜੀਵਨ ‘ਤੇ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਭਾਈ ਮਹਾਰਾਜ ਸਿੰਘ ਜੀ ਭਾਰਤ ਦੇਸ਼ ਦੀ ਆਜ਼ਾਦੀ ਸੰਗਰਾਮ ਦੇ ਪਹਿਲੇ ਜਲਾਵਤਨੀ ਸ਼ਹੀਦ ਹੋਏ ਹਨ ਜਿਨ੍ਹਾਂ ਨੂੰ ਅੰਗਰੇਜ਼ੀ ਸਰਕਾਰ ਪੰਜਾਬ ਤੋਂ ਇਕ ਹੋਰ ਸਾਥੀ ਬਾਬਾ ਖੜਕ ਸਿੰਘ ਨੌਰੰਗਾਬਾਦ ਨਾਲ 1850 ਈ: ਵਿਚ ਗ੍ਰਿਫਤਾਰ ਕਰਕੇ ਸਿੰਗਾਪੁਰ ਲੈ ਆਈ ਸੀ । ਭਾਈ ਮਹਾਰਾਜ ਸਿੰਘ ਜੀ 1856 ਈ: ਵਿਚ ਸਿੰਗਾਪੁਰ ਦੀ ਔਕਟਰਮ ਜੇਲ ਵਿਚ ਸ਼ਹੀਦੀ ਪਾ ਗਏ ਸਨ ।
ਫੋਟੋ:— ਸਿੰਗਾਪੁਰ ਵਿਖੇ ਸਪੀਕਰ ਸੰਧਵਾਂ ਨੂੰ ਸਨਮਾਨਿਤ ਕਰਦੇ ਹੋਏ ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਰੰਧਾਵਾ, ਭਜਨ ਸਿੰਘ ਅਤੇ ਹੋਰ