ਵੈਨਕੂਵਰ ( ਦੇ ਪ੍ਰ ਬਿ)- ਬੀਤੇ ਦਿਨ ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਵਲੋਂ ਕੈਨੇਡਾ ਪਲੇਸ ਵੈਨਕੂਵਰ ਵਿਖੇ ਸਥਿਤ ਆਪਣੇ ਦਫਤਰ ਵਿਖੇ ਪ੍ਰਿੰਟ ਮੀਡੀਆ ਨਾਲ ਸਬੰਧਿਤ ਪੱਤਰਕਾਰਾਂ ਨਾਲ ਇਕ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ ਮੌਕੇ ਮੀਡੀਆ ਡਾਇਰੈਕਟਰ ਸ਼ਰੂਤੀ ਸ਼ਰਮਾ ਵਲੋਂ ਪ੍ਰੀਮੀਅਰ ਨਾਲ ਪੱਤਰਕਾਰਾਂ ਦੀ ਜਾਣ ਪਹਿਚਾਣ ਕਰਵਾਈ। ਪ੍ਰੀਮੀਅਰ ਡੇਵਿਡ ਈਬੀ ਨੇ ਪੱਤਰਕਾਰਾਂ ਦਾ ਸਵਾਗਤ ਕਰਦਿਆਂ ਉਹਨਾਂ ਨਾਲ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ। ਭਾਵੇਂਕਿ ਇਹ ਮਿਲਣੀ ਐਨ ਡੀ ਪੀ ਸਰਕਾਰ ਦੇ ਦੁਬਾਰਾ ਚੁਣੇ ਜਾਣ ਤੇ ਡੇਵਿਡ ਈਬੀ ਦੇ ਮੁੜ ਪ੍ਰੀਮੀਅਰ ਬਣਨ ਉਪਰੰਤ ਕੇਵਲ ਸ਼ੁਭ ਕਾਮਨਾਵਾਂ ਸਾਂਝੀਆਂ ਕਰਨ ਤੇ ਚਾਹ-ਪਾਣੀ ਨਾਲ ਮਿਲ ਬੈਠਣ ਦਾ ਪ੍ਰੋਗਰਾਮ ਸੀ ਪਰ ਇਸ ਦੌਰਾਨ ਪੱਤਰਕਾਰਾਂ ਵਲੋਂ ਸੂਬਾ ਸਰਕਾਰ ਦੀਆਂ ਨੀਤੀਆਂ , ਕੈਨੇਡਾ ਅਤੇ ਵਿਸ਼ਵ ਦੇ ਸਿਆਸੀ ਹਾਲਾਤ ਬਾਰੇ ਕਈ ਸਵਾਲ ਪੁੱਛੇ ਗਏ ਜਿਹਨਾਂ ਦਾ ਪ੍ਰੀਮੀਅਰ ਨੇ ਬੜੇ ਹੀ ਤਹੱਮਲ ਤੇ ਵਿਸਥਾਰ ਨਾਲ ਜਵਾਬ ਦਿੱਤਾ ਤੇ ਪੱਤਰਕਾਰਾਂ ਦੇ ਵਿਚਾਰ ਵੀ ਜਾਣੇ।
ਉਹਨਾਂ ਬੀ ਸੀ ਵਿਚ ਹਾਉਸਿੰਗ ਸਮੱਸਿਆ, ਕਿਰਾਏਦਾਰ ਤੇ ਮਾਲਕ ਮਕਾਨਾਂ ਦੀਆਂ ਸਮੱਸਿਆਵਾਂ, ਡਰੱਗ ਤੇ ਸੁਰੱਖਿਆ ਮੁੱਦੇ, ਸਕੂਲੀ ਸਿੱਖਿਆ ਤੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਹੋਰ ਯਤਨਾਂ ਤੋਂ ਇਲਾਵਾ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਟਰੰਪ ਵਲੋਂ ਕੈਨੇਡਾ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਬਾਰੇ ਵੀ ਚਰਚਾ ਕੀਤੀ। ਉਹਨਾਂ ਦੱਸਿਆ ਕਿ ਉਹ ਅਗਲੇ ਦਿਨਾਂ ਵਿਚ ਇਕ ਕੈਨੇਡੀਅਨ ਵਫਦ ਨਾਲ ਅਮਰੀਕੀ ਸਿਆਸਤਦਾਨਾਂ ਨਾਲ ਗੱਲਬਾਤ ਲਈ ਜਾ ਰਹੇ ਹਨ। ਉਹਨਾਂ ਕਿਹਾ ਅਮਰੀਕਾ ਤੇ ਕੈਨੇਡਾ ਦੇ ਦੁਵੱਲੇ ਸਬੰਧ ਕੇਵਲ ਵਪਾਰਕ ਹੀ ਨਹੀਂ ਪਰਿਵਾਰਕ ਵੀ ਹਨ ਤੇ ਦੋਵੇ ਮੁਲਕ ਕੌਮਾਂਤਰੀ ਪੱਧਰ ਤੇ ਇਕ ਦੂਸਰੇ ਦੇ ਪੂਰਕ ਹਨ।
ਇਸ ਮੌਕੇ ਵੱਖ-ਵੱਖ ਮੀਡੀਆ ਅਦਾਰਿਆਂ ਨਾਲ ਜੁੜੇ ਪੱਤਰਕਾਰਾਂ ਤੋਂ ਇਲਾਵਾ ਸਪੀਕਰ ਰਾਜ ਚੌਹਾਨ, ਕੈਬਨਿਟ ਮੰਤਰੀ ਜਗਰੂਪ ਬਰਾੜ, ਅਟਾਰਨੀ ਜਨਰਲ ਤੇ ਡਿਪਟੀ ਪ੍ਰੀਮੀਅਰ ਨਿੱਕੀ ਸ਼ਰਮਾ, ਕੈਬਨਿਟ ਮੰਤਰੀ ਗੈਰੀ ਬੈਗ, ਐਮ ਐਲ ਏ ਜੈਸੀ ਸੁੰਨੜ, ਐਮ ਐਲ ਏ ਰੀਆ ਅਰੋੜਾ, ਐਮ ਐਲ ਏ ਸੁਨੀਤਾ ਧੀਰ ਤੇ ਡਾਇਰੈਕਟਰ ਮੀਡੀਆ ਰਿਲੇਸ਼ਨਜ ਹਾਰੂਨ ਗੱਫਾਰ ਹਾਜ਼ਰ ਸਨ।