Headlines

ਨਵੇਂ ਲਿਬਰਲ ਆਗੂ ਵਜੋਂ ਕਾਰਨੀ ਤੇ ਫਰੀਲੈਂਡ ਵਿਚਾਲੇ ਮੁਕਾਬਲੇ ਦੀ ਸੰਭਾਵਨਾ

ਸਰਵੇਖਣ ਵਿਚ ਕਾਰਨੀ ਬਹੁਗਿਣਤੀ ਲਿਬਰਲਾਂ ਦੀ ਪਹਿਲੀ ਪਸੰਦ-

ਓਟਵਾ ( ਦੇ ਪ੍ਰ ਬਿ)- ਪ੍ਰਧਾਨ ਮੰਤਰੀ ਟਰੂਡੋ ਵਲੋਂ ਲਿਬਰਲ ਪਾਰਟੀ ਦੇ ਲੀਡਰ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਐਲਾਨ ਉਪਰੰਤ ਲਿਬਰਲ ਪਾਰਟੀ ਨੇ ਨਵੇਂ ਆਗੂ ਦੀ ਚੋਣ ਲਈ ਪ੍ਰੋਗਰਾਮ ਐਲਾਨ ਦਿੱਤਾ ਹੈ। ਨਵੇਂ ਆਗੂ ਦੀ ਚੋਣ 9 ਮਾਰਨ ਨੂੰ ਐਲਾਨੀ ਗਈ ਹੈ।ਇਸੇ ਦੌਰਾਨ ਸੰਭਾਵੀ ਪਾਰਟੀ ਆਗੂਆਂ ਵਲੋਂ ਆਪਣੀਆਂ ਸਰਗਰਮੀਆਂ ਆਰੰਭੀਆਂ ਗਈਆਂ ਹਨ। ਪਾਰਟੀ ਲੀਡਰਸ਼ਿਪ ਦੀ ਚੋਣ ਵਿਚ ਹੁਣ ਤੱਕ ਉਭਰਵੇਂ ਨਾਮ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਅਤੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰ ਕਾਰਨੀ ਦੇ ਨਾਮ ਉਭਰਵੇਂ ਰੂਪ ਵਿਚ ਸਾਹਮਣੇ ਆਏ ਹਨ ਜਦੋਂਕਿ ਕੈਬਨਿਟ ਮੰਤਰੀ ਅਨੀਤਾ ਆਨੰਦ, ਸਟੀਵ ਮੈਕਕਿਨਨ, ਬੀ ਸੀ ਦੀ ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਅਤੇ ਫ੍ਰਾਂਕੋਇਸ-ਫਿਲਿਪ ਸ਼ੈਂਪੇਨ ਜਿਹਨਾਂ ਦੇ ਨਾਵਾਂ ਦੀ ਚਰਚਾ ਸੀ ਉਹ ਦੌੜ ਤੋਂ ਬਾਹਰ ਹੋ ਗਏ ਹਨ ਜਾਂ ਚੋਣ  ਨਾ ਲੜਨ ਦਾ ਫੈਸਲਾ ਕੀਤਾ ਹੈ।

ਇਸੇ ਦੌਰਾਨ ਦੇ ਪ੍ਰਮੁੱਖ ਸੰਭਾਵੀ ਉਮੀਦਵਾਰਾਂ ਬਾਰੇ ਇਕ ਪੋਲ ਸਰਵੇਖਣ ਸਾਹਮਣੇ ਆਇਆ ਹੈ ਜਿਸ ਵਿਚ ਲਿਬਰਲ ਸਮਰਥਕਾਂ ਨੇ  ਸੰਭਾਵੀ ਉਮੀਦਵਾਰਾਂ ਚੋ ਮਾਰਕ ਕਾਰਨੀ ਨੂੰ ਆਪਣੇ ਅਗਲੇ ਨੇਤਾ ਵਜੋਂ ਤਰਜੀਹ ਦਿੱਤੀ । ਪੋਲਿੰਗ ਫਰਮ ਲੇਜਰ ਨੇ ਹਫਤੇ ਦੇ ਅੰਤ ਵਿੱਚ ਲਗਭਗ 1,500 ਲੋਕਾਂ ਤੇ  ਸਰਵੇਖਣ ਕੀਤਾ ਹੈ ਜਿਸ , ਇਹ ਪੁੱਛਿਆ ਕਿ ਉਨ੍ਹਾਂ ਦੇ ਵਿਚਾਰ ਵਿੱਚ ਜਸਟਿਨ ਟਰੂਡੋ ਦੀ ਥਾਂ ਕਿਸ ਨੂੰ ਪਾਰਟੀ ਦੇ ਨੇਤਾ ਵਜੋਂ ਚੁਣਨਾ ਚਾਹੀਦਾ ਹੈ।
ਸਰਵੇਖਣ ਵਿੱਚ ਕਾਰਨੀ ਨੂੰ 27 ਫੀਸਦੀ ਲਿਬਰਲ ਵੋਟਰਾਂ ਦੀ ਹਮਾਇਤ ਹਾਸਲ ਵਿਖਾਈ ਗਈ ਹੈ, ਜਦੋਂ ਕਿ ਕ੍ਰਿਸਟੀਆ ਫ੍ਰੀਲੈਂਡ  ਨੂੰ 21 ਫੀਸਦੀ ਨਾਲ ਦੂਜੇ ਅਤੇ ਕ੍ਰਿਸਟੀ ਕਲਾਰਕ ਛੇ ਫੀਸਦੀ ਨਾਲ ਤੀਜੇ ਸਥਾਨ ‘ਤੇ ਰਹੀ। ਕਾਰਨੀ ਅਤੇ ਫ੍ਰੀਲੈਂਡ ਪੋਲ ਦੇ ਸਾਰੇ ਉੱਤਰਦਾਤਾਵਾਂ ਵਿੱਚ ਲਗਭਗ ਬਰਾਬਰ ਸਨ। ਜ਼ਿਕਰਯੋਗ ਹੈ ਕਿ ਅਜੇ ਤੱਕ ਨਾ ਤਾਂ ਕਾਰਨੀ ਅਤੇ ਨਾ ਹੀ ਫ੍ਰੀਲੈਂਡ  ਅਧਿਕਾਰਤ ਤੌਰ ‘ਤੇ ਦੌੜ ਵਿੱਚ ਸ਼ਾਮਲ ਹੋਏ ਹਨ, ਹਾਲਾਂਕਿ ਦੋਵਾਂ ਤੋਂ ਇਸ ਹਫਤੇ ਐਲਾਨ  ਕਰਨ ਦੀ ਉਮੀਦ ਹੈ। ਸਰਵੇਖਣ ਵਿਚ ਕੁੱਲ ਮਿਲਾ ਕੇ 46 ਪ੍ਰਤੀਸ਼ਤ, ਅਤੇ 30 ਪ੍ਰਤੀਸ਼ਤ ਲਿਬਰਲ ਵੋਟਰਾਂ – ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਪਾਰਟੀ ਦਾ ਅਗਲਾ ਨੇਤਾ ਕੌਣ ਹੋਣਾ ਚਾਹੀਦਾ ਹੈ।
ਇਸ ਦੌਰਾਨ, ਪੋਲ ਸੁਝਾਅ ਦਿੰਦਾ ਹੈ ਕਿ ਜ਼ਿਆਦਾਤਰ ਕੈਨੇਡੀਅਨ ਫੈਡਰਲ ਸਰਕਾਰ ਦੀ ਕੈਨੇਡਾ-ਅਮਰੀਕਾ ਸਬੰਧਾਂ ਨੂੰ ਸੰਭਾਲਣ ਦੀ ਯੋਗਤਾ ਬਾਰੇ ਚਿੰਤਤ ਹਨ। ਕੁੱਲ ਮਿਲਾ ਕੇ, 78 ਪ੍ਰਤੀਸ਼ਤ ਉੱਤਰਦਾਤਾਵਾਂ ਨੇ ਕਿਹਾ ਕਿ ਉਹ ਡੋਨਾਲਡ ਟਰੰਪ ਦੇ ਆਉਣ ਵਾਲੇ ਪ੍ਰਸ਼ਾਸਨ ਨਾਲ ਸਬੰਧਾਂ ਦਾ ਪ੍ਰਬੰਧਨ ਕਰਨ ਦੀ ਸਰਕਾਰ ਦੀ ਯੋਗਤਾ ਬਾਰੇ ਚਿੰਤਤ ਸਨ।
ਟਰੰਪ ਨੇ 20 ਜਨਵਰੀ ਨੂੰ ਅਹੁਦਾ ਸੰਭਾਲਣ ‘ਤੇ ਕੈਨੇਡੀਅਨ ਵਸਤਾਂ ‘ਤੇ 25 ਫੀਸਦੀ ਟੈਰਿਫ ਲਗਾਉਣ ਦਾ ਧਮਕੀ ਦੇ ਰੱਖੀ ਹੈ।

ਭਾਰੀ ਦਬਾਅ ਉਪਰੰਤ ਅਸਤੀਫੇ ਦਾ ਐਲਾਨ ਕੀਤਾ-
ਜ਼ਿਕਰਯੋਗ ਹੈ ਕਿ  ਲਿਬਰਲ ਪਾਰਟੀ ਵਿਚ ਭਾਰੀ ਦਬਾਅ ਉਪਰੰਤ ਆਖਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਟੀ ਆਗੂ ਅਤੇ ਪ੍ਰਧਾਨ ਮੰਤਰੀ ਵਜੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ।  ਉਹਨਾਂ ਆਪਣੀ ਸਰਕਾਰੀ ਰਿਹਾਇਸ਼ ਦੇ ਬਾਹਰ ਰੋਣੀ ਸੂਰਤ ਬਣਾਉਂਦਿਆਂ ਭਰੇ ਮਨ ਨਾਲ ਆਪਣੇ ਉਕਤ ਫੈਸਲੇ ਬਾਰੇ ਐਲਾਨ ਕਰਦਿਆਂ ਕਿਹਾ ਕਿ ਉਹ ਲਿਬਰਲ ਪਾਰਟੀ ਦੇ ਨਵੇਂ ਆਗੂ ਦੀ ਚੋਣ ਤੱਕ ਅਹੁਦੇ ਤੇ ਬਣੇ ਰਹਿਣਗੇ। ਉਹਨਾਂ ਦੱਸਿਆ ਕਿ ਪਾਰਟੀ ਅਤੇ ਮੁਲਕ ਦੇ ਭਲੇ ਹਿੱਤ ਉਹਨਾਂ ਨੇ ਇਹ ਔਖਾ ਫੈਸਲਾ ਲਿਆ ਹੈ ਤੇ ਗਵਰਨਰ ਜਨਰਲ ਨੂੰ ਮਿਲਕੇ ਆਪਣੇ ਫੈਸਲੇ ਬਾਰੇ ਜਾਣੂ ਕਰਵਾ ਦਿੱਤਾ ਹੈ ਜਿਹਨਾਂ ਉਹਨਾਂ ਦੀ ਬੇਨਤੀ ਤੇ ਹਾਉਸ ਆਫ ਕਾਮਨਜ਼ ਦੀ ਕਾਰਵਾਈ 24 ਮਾਰਚ ਤੱਕ ਫਰੀਜ਼ ਕਰਨਾ ਸਵੀਕਾਰ ਕਰ ਲਿਆ ਹੈ।
ਉਨ੍ਹਾਂ ਕੈਨੇਡੀਅਨ ਇਤਿਹਾਸ ਵਿਚ ਇੱਕ ਘੱਟ ਗਿਣਤੀ ਸਰਕਾਰ ਨੂੰ ਲੰਮੇ ਸਮੇਂ ਤੱਕ ਚਲਾਇਆ ਅਤੇ 2015 ਤੋਂ ਲੈ ਕੇ ਹੁਣ ਤੱਕ ਲਗਪਗ 9 ਸਾਲ ਮੁਲਕ ਦੀ ਵਾਗਡੋਰ ਸੰਭਾਲੀ ਹੈ। ਕਰੋਨਾ ਦੌਰ ਦੌਰਾਨ ਉਹਨਾਂ ਦੀ ਸਰਕਾਰ ਵਲੋਂ ਲਏ ਫੈਸਲਿਆਂ ਨੂੰ ਕਾਫੀ ਸਲਾਹਿਆ ਗਿਆ ਪਰ ਇਮੀਗ੍ਰੇਸ਼ਨ ਨੀਤੀ ਦੇ ਬੁਰੀ ਤਰਾਂ ਫੇਲ ਹੋਣ ਕਾਰਣ ਉਹ ਕੈਨੇਡੀਅਨਾਂ ਦੇ ਗੁੱਸੇ ਦਾ ਨਿਸ਼ਾਨਾ ਬਣ ਰਹੇ ਹਨ।
ਉਨ੍ਹਾਂ ਨੇ ਆਪਣੀ ਸਰਕਾਰ ਦੇ ਚੰਗੇ ਕੰਮਾਂ ਨੂੰ ਗਿਣਾਉਣ ਦੇ ਨਾਲ ਲੋਕਤੰਤਰ ਚੋਣ ਪ੍ਰਣਾਲੀ ਵਿਚ ਸੁਧਾਰ ਨਾ ਲਿਆ ਸਕਣ ਨੂੰ ਅਫਸੋਸਨਾਕ ਦੱਸਿਆ। ਉਹਨਾਂ ਕਿਹਾ ਕਿ ਪਾਰਟੀ ਵਲੋਂ ਨਵਾਂ ਆਗੂ ਚੁਣਨ ਤੇ ਬੇਹਤਰ ਢੰਗ ਨਾਲ ਸਰਕਾਰ ਚਲਾਏ ਜਾਣ ਲਈ ਪੂਰਾ ਸਹਿਯੋਗ ਦੇਣਗੇ ਪਰ ਇਸੇ ਦੌਰਾਨ ਐਨ ਡੀ ਪੀ ਆਗੂ ਜਗਮੀਤ ਸਿੰਘ ਨੇ ਕਿਹਾ ਹੈ ਕਿ ਕੋਈ ਵੀ ਆਗੂ ਆਵੇ ਉਹਨਾਂ ਦੀ ਪਾਰਟੀ ਹੁਣ ਲਿਬਰਲ ਨੂੰ ਸਮਰਥਨ ਨਹੀਂ ਦੇਵੇਗੀ।

Leave a Reply

Your email address will not be published. Required fields are marked *