ਸੰਗਰੂਰ-ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬਾਦਲ ਧੜੇ ਦੀ ਮੁਕਤਸਰ ਕਾਨਫਰੰਸ ਨੇ ਸ਼੍ਰੋਮਣੀ ਅਕਾਲੀ ਦਲ ਦੀ ਰੂਹ ਜ਼ਖ਼ਮੀ ਕੀਤੀ ਹੈ। ਇਹ ਸੁਖਬੀਰ ਬਾਦਲ ਦੀ ਅਕਾਲ ਤਖ਼ਤ ਖ਼ਿਲਾਫ਼ ਲਾਮਬੰਦੀ ਦੀ ਸਾਜ਼ਿਸ਼ ਹੈ, ਜਿਸ ਦਾ ਮੁਕਾਬਲਾ ਕਰਨ ਲਈ ਪੰਥ ਹਿਤੈਸ਼ੀਆਂ ਨੂੰ ਸਾਹਮਣੇ ਆਉਣ ਦੀ ਲੋੜ ਹੈ। ਇੱਥੇ ਆਪਣੀ ਰਿਹਾਇਸ਼ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਨਾਲ ਜੁੜਿਆ ਹਰ ਗੁਨਾਹ ਅੱਗੇ ਤੋਂ ਅੱਗੇ ਤੁਰਦਾ ਜਾ ਰਿਹਾ ਹੈ। ਉਨ੍ਹਾਂ ਮਾਘੀ ਕਾਨਫਰੰਸ ਵਿੱਚ ਨਾ ਜਾਣ ਵਾਲੇ ਆਗੂਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਗੋਬਿੰਦ ਸਿੰਘ ਲੌਂਗੋਵਾਲ, ਇਕਬਾਲ ਸਿੰਘ ਝੂੰਦਾਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਅਕਾਲ ਤਖ਼ਤ ਸਾਹਿਬ ’ਤੇ ਹੋਏ ਫ਼ੈਸਲਿਆਂ ਖ਼ਿਲਾਫ਼ ਸਿਰਜੇ ਜਾ ਰਹੇ ਬਿਰਤਾਂਤ ਤੋਂ ਪਾਸਾ ਵੱਟਿਆ। ਉਨ੍ਹਾਂ ਦੋਸ਼ ਲਾਇਆ ਕਿ ਸੁਖਬੀਰ ਬਾਦਲ 2 ਦਸੰਬਰ ਨੂੰ ਅਕਾਲ ਤਖ਼ਤ ਦੀ ਫਸੀਲ ਤੋਂ ਹੋਏ ਹੁਕਮਨਾਮੇ ਨੂੰ ਪ੍ਰਵਾਨ ਕਰਨ ਦੀ ਬਜਾਏ ਹੁਕਮਨਾਮੇ ਨੂੰ ਰੋਲਣ ਲਈ ਹੇਠਲੇ ਦਰਜੇ ਦੀ ਸਿਆਸਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਖ਼ਿਲਾਫ਼ ਸ਼ੁਰੂ ਕੀਤੀ ਲਾਮਬੰਦੀ ਦਾ ਠੋਕਵਾਂ ਜਵਾਬ ਸੰਗਤ ਦੇਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਹੁਕਮਨਾਮੇ ਨੂੰ ਮੰਨਣ ਤੋਂ ਇਨਕਾਰੀ ਹੋਣ ਵਾਲੇ ਲੋਕਾਂ ਨੂੰ ਸੰਗਤ ਮੂੰਹ ਨਹੀਂ ਲਾਵੇਗੀ। ਇਸ ਮੌਕੇ ਢੀਂਡਸਾ ਨੇ ਪੰਥਕ ਸੰਸਥਾਵਾਂ, ਸਿਧਾਂਤਾਂ ਤੇ ਮਰਿਆਦਾ ਨੂੰ ਯਕੀਨੀ ਬਣਾਉਣ ਲਈ ਅਕਾਲ ਤਖ਼ਤ ਦੇ ਹੁਕਮਾਂ ਦੇ ਪਹਿਰੇਦਾਰ ਬਣਨ ਦੀ ਅਪੀਲ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਮਲਕੀਤ ਸਿੰਘ ਚੰਗਾਲ, ਤੇਜਾ ਸਿੰਘ ਕਮਾਲਪੁਰ, ਅਮਨਵੀਰ ਸਿੰਘ ਚੈਰੀ ਤੇ ਸਤਗੁਰ ਸਿੰਘ ਨਮੋਲ ਹਾਜ਼ਰ ਸਨ।