ਓਟਵਾ ( ਦੇ ਪ੍ਰ ਬਿ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਰਟਰਪਤੀ ਟਰੰਪ ਵਲੋਂ ਕੈਨੇਡਾ ਦੀਆਂ ਵਸਤਾਂ ਉਪਰ 25 ਪ੍ਰਤੀਸ਼ਤ ਟੈਕਸ ਲਗਾਏ ਜਾਣ ਦੀਆਂ ਧਮਕੀਆਂ ਦਰਮਿਆਨ ਇਥੇ ਪ੍ਰੀਮੀਅਰਾਂ ਦੀ ਹੋਈ ਇਕ ਮੀਟਿੰਗ ਉਪਰੰਤ ਪ੍ਰਧਾਨ ਮੰਤਰੀ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਉਹ ਅਗਲੀਆਂ ਫੈਡਰਲ ਚੋਣਾਂ ਵਿੱਚ ਐਮ ਪੀ ਵਜੋਂ ਮੁੜ ਚੋਣ ਨਹੀਂ ਲੜਨਗੇ। ਉਹਨਾਂ ਹੋਰ ਕਿਹਾ ਕਿ ਅਗਲੀਆਂ ਚੋਣਾਂ ਵਿੱਚ ਲਿਬਰਲਾਂ ਦੀ ਅਗਵਾਈ ਨਾ ਕਰਨ ਤੋਂ ਇਲਾਵਾ, ਉਹ ਕਿਊਬੈਕ ਤੋਂ ਪੈਪੀਨਿਊ ਹਲਕੇ ਤੋਂ ਆਪਣੀ ਸੀਟ ਦੀ ਮੰਗ ਨਹੀਂ ਕਰਨਗੇ। ਉਹਨਾਂ ਆਪਣੇ ਭਵਿੱਖ ਦੀ ਵਿਊਂਤਬੰਦੀ ਬਾਰੇ ਕਿਹਾ ਕਿ ਮੇਰੇ ਕੋਲ ਇਮਾਨਦਾਰੀ ਨਾਲ ਇਸ ਬਾਰੇ ਸੋਚਣ ਲਈ ਬਹੁਤਾ ਸਮਾਂ ਨਹੀਂ ਹੈ, ਮੈਂ ਪੂਰੀ ਤਰ੍ਹਾਂ ਉਸ ਕੰਮ ‘ਤੇ ਕੇਂਦਰਿਤ ਹਾਂ ਜੋ ਕੈਨੇਡੀਅਨਾਂ ਨੇ ਮੈਨੂੰ ਇਸ ਸਮੇਂ ਇੱਕ ਅਸਾਧਾਰਣ ਮਹੱਤਵਪੂਰਨ ਸਮੇਂ ਵਿੱਚ ਕਰਨ ਲਈ ਚੁਣਿਆ ਹੈ।
ਇਹ ਟਿੱਪਣੀ ਟਰੂਡੋ ਵੱਲੋਂ ਪਾਰਟੀ ਵੱਲੋਂ ਕੋਈ ਨਵਾਂ ਆਗੂ ਚੁਣਨ ਤੋਂ ਬਾਅਦ ਆਪਣੀ ਲੀਡਰਸ਼ਿਪ ਤੋਂ ਅਸਤੀਫਾ ਦੇਣ ਅਤੇ ਪ੍ਰਧਾਨ ਮੰਤਰੀ ਵਜੋਂ ਅਸਤੀਫਾ ਦੇਣ ਦਾ ਐਲਾਨ ਕੀਤੇ ਜਾਣ ਤੋਂ ਇੱਕ ਹਫ਼ਤੇ ਤੋਂ ਵੱਧ ਸਮਾਂ ਬੀਤਣ ਬਾਅਦ ਸਾਹਮਣੇ ਆਈ ਹੈ। ਪਾਰਟੀ ਦੇ ਨਵੇਂ ਆਗੂ ਦੀ ਚੋਣ 9 ਮਾਰਚ ਨੂੰ ਹੋ ਰਹੀ ਹੈ।
ਟਰੂਡੋ ਦੀ ਟਿੱਪਣੀ ਤੋਂ ਸੰਕੇਤ ਮਿਲਦਾ ਹੈ ਕਿ ਉਹ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸੰਸਦ ਦੇ ਮੈਂਬਰ ਦੇ ਤੌਰ ‘ਤੇ ਉਦੋਂ ਤੱਕ ਹੀ ਬਣੇ ਰਹਿਣਗੇ ਜਦੋਂ ਤੱਕ ਚੋਣ ਨਹੀਂ ਹੋ ਜਾਂਦੀ।
ਇੱਕ ਵਾਰ ਫੈਡਰਲ ਚੋਣ ਦਾ ਐਲਾਨ ਹੋਣ ਤੋਂ ਬਾਅਦ, ਉਹ ਪੈਪੀਨਿਊ ਦੇ ਐਮ ਪੀ ਨਹੀਂ ਰਹਿਣਗੇ।
ਟਰੂਡੋ ਪਹਿਲੀ ਵਾਰ 2008 ਵਿੱਚ ਐਮ ਪੀ ਚੁਣੇ ਗਏ ਸਨ।