ਪੰਜਾਬੀ ਭਾਈਚਾਰੇ ਨੇ ਤਾੜੀਆਂ ਨਾਲ ਕੀਤਾ ਸਵਾਗਤ-
ਕੈਲਗਰੀ- ਅਲਬਰਟਾ ਸੂਬੇ ਦੇ ਸ਼ਹਿਰ ਕੈਲਗਰੀ ‘ਚ ਕਰਵਾਏ ਗਏ ਇਕ ਪ੍ਰੋਗਰਾਮ ਦੌਰਾਨ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਪੰਜਾਬੀ ਗੀਤਾਂ ‘ਤੇ ਭੰਗੜਾ ਪਾਉਂਦੀ ਨਜ਼ਰ ਆਈ | ਹੈਂਡਜ ਆਫ਼ ਹੋਪ ਵਲੋਂ ਕਰਵਾਏ ਗਏ ਇਸ ਸਮਾਗਮ ਦੌਰਾਨ 135 ਸ਼ਖ਼ਸੀਅਤਾਂ ਨੂੰ ਸਨਮਾਨਿਆ ਗਿਆ ਅਤੇ ਇਸ ਸਮਾਗਮ ਦੌਰਾਨ ਯੰਗ ਭੰਗੜਾ ਕਲੱਬ ਦੇ ਕਲਾਕਾਰਾਂ ਵਲੋਂ ਪੰਜਾਬੀ ਸੱਭਿਆਚਾਰ ਦੀ ਵੰਨਗੀ ਭੰਗੜੇ ਨਾਲ ਰੌਣਕਾਂ ਲਾਈਆਂ ਗਈਆਂ ਤੇ ਇਸ ਦੌਰਾਨ ਪੰਜਾਬੀ ਗੀਤਾਂ ‘ਤੇ ਭੰਗੜਾ ਪਾਉਂਦੇ ਕਲਾਕਾਰਾਂ ਨੂੰ ਦੇਖ ਮੁੱਖ ਮੰਤਰੀ ਡੈਨੀਅਲ ਸਮਿਥ ਦੇ ਵੀ ਪੈਰ ਥਿਰਕਣ ਲੱਗੇ ਤੇ ਉਹ ਵੀ ਸਟੇਜ ‘ਤੇ ਚੜ ਗਈ ਤੇ ਕਲਾਕਾਰਾਂ ਨਾਲ ਭੰਗੜਾ ਪਾਉਣ ਲੱਗੀ | ਮੁੱਖ ਮੰਤਰੀ ਪੰਜਾਬੀ ਕਲਾਕਾਰਾਂ ਨੂੰ ਦੇਖ ਭੰਗੜੇ ਦੇ ਐਕਸ਼ਨ ਕਰਦੀ ਦਿਖੀ ਤੇ ਦਰਸ਼ਕਾਂ ਨੇ ਖੂਬ ਤਾੜੀਆਂ ਨਾਲ ਡੈਨੀਅਲ ਸਮਿਥ ਦਾ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਇਹ ਸਮਾਗਮ ਪੰਜਾਬੀ ਭਾਈਚਾਰੇ ਦੇ ਗੁਰਸਰਨ ਜੱਸੜ, ਜਗਰੂਪ ਸਿੰਘ, ਮੌਲਿਕ ਸਾਹ ਵਲੋਂ ਕਰਵਾਇਆ ਗਿਆ ਸੀ, ਇਸ ਮੌਕੇ ਹੈਪੀ ਮਾਨ, ਪ੍ਰੀਤਮ ਸਿੰਘ, ਜਤਿੰਦਰ ਸਿੰਘ ਲੰਮੇ ਸਮੇਤ ਹੋਰ ਸਖਸੀਅਤਾਂ ਹਾਜਰ ਸਨ |