ਮੁੰਬਈ, 16 ਜਨਵਰੀ- ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ‘ਤੇ ਵੀਰਵਾਰ ਤੜਕੇ ਇਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੇ ਘਰ ਵਿਚ ਵੜ ਕੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਚਾਕੂ ਲੱਗਣ ਕਾਰਨ ਅਦਾਕਾਰ ਗੰਭੀਰ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਖ਼ਾਨ (54) ਨੂੰ ਇਲਾਜ ਲਈ ਲੀਲਾਵਤੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਘਟਨਾ ਉਨ੍ਹਾਂ ਦੇ ਬਾਂਦਰਾ ਸਥਿਤ ਘਰ ‘ਚ ਤੜਕੇ ਕਰੀਬ 2.30 ਵਜੇ ਵਾਪਰੀ। ਲੀਲਾਵਤੀ ਹਸਪਤਾਲ ਦੇ ਸੀਓਓ ਡਾ. ਨੀਰਜ ਉਤਮਾਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਖ਼ਾਨ ‘ਤੇ ਉਨ੍ਹਾਂ ਦੇ ਬਾਂਦਰਾ ਸਥਿਤ ਘਰ ‘ਤੇ ਇੱਕ ਅਣਪਛਾਤੇ ਵਿਅਕਤੀ ਨੇ ਚਾਕੂ ਨਾਲ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਤੜਕੇ 3.30 ਵਜੇ ਹਸਪਤਾਲ ਲਿਆਂਦਾ ਗਿਆ। ਡਾਕਟਰ ਉਤਮਾਨੀ ਨੇ ਕਿਹਾ ਕਿ ਸੈਫ ਨੂੰ ਛੇ ਵਾਰ ਚਾਕੂ ਮਾਰਿਆ ਗਿਆ ਸੀ। ਉਸਦੇ ਦੋ ਡੂੰਘੇ ਜ਼ਖ਼ਮ ਹਨ, ਜਿਨ੍ਹਾਂ ਵਿੱਚੋਂ ਇੱਕ ਉਸਦੀ ਰੀੜ੍ਹ ਦੀ ਹੱਡੀ ਦੇ ਨੇੜੇ ਹੈ। ਨਿਊਰੋਸਰਜਨ ਡਾ. ਨਿਤਿਨ ਡਾਂਗੇ, ਕਾਸਮੈਟਿਕ ਸਰਜਨ ਡਾ. ਲੀਨਾ ਜੈਨ ਅਤੇ ਐਨਸਥੀਜ਼ਿਆਲੋਜਿਸਟ ਡਾ. ਨਿਸ਼ਾ ਗਾਂਧੀ ਦੀ ਅਗਵਾਈ ਹੇਠ ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦਾ ਅਪਰੇਸ਼ਨ ਕਰ ਰਹੀ ਹੈ।ਸੈਫ਼ ਦੀ ਪਤਨੀ ਅਤੇ ਅਦਾਕਾਰਾ ਕਰੀਨਾ ਕਪੂਰ ਦੀ ਟੀਮ ਨੇ ਇੱਕ ਬਿਆਨ ਵਿੱਚ ਕਿਹਾ, “ਕੱਲ੍ਹ ਰਾਤ ਸੈਫ ਅਲੀ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਕਰੀਨਾ ਕਪੂਰ ਖ਼ਾਨ ਦੇ ਘਰ ਚੋਰੀ ਦੀ ਕੋਸ਼ਿਸ਼ ਕੀਤੀ ਗਈ।” ਸੈਫ਼ ਦੇ ਹੱਥ ‘ਤੇ ਸੱਟ ਲੱਗੀ ਹੈ ਅਤੇ ਉਹ ਇਲਾਜ ਲਈ ਹਸਪਤਾਲ ਵਿੱਚ ਹੈ। ਪਰਿਵਾਰ ਦੇ ਬਾਕੀ ਮੈਂਬਰ ਠੀਕ ਹਨ।