ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਬੀਤੀ 20 ਜਨਵਰੀ ਸੋਮਵਾਰ ਨੂੰ ਡੈਲਟਾ ਸਿਟੀ ਕੌਂਸਲ ਨੇ ਮੇਅਰ ਜੌਰਜ ਹਾਰਵੀ ਦੀ ਅਗਵਾਈ ਹੇਠ ਇਕ ਮੀਟਿੰਗ ਦੌਰਾਨ ਫਰੇਜਰ ਰਿਵਰ ਵਿਚ ਅਸਥੀਆਂ ਨੂੰ ਜਲ-ਪ੍ਰਵਾਹ ਕਰਨ ਦਾ ਮਤਾ ਰੱਖਿਆ ਗਿਆ। ਇਸ ਮਤੇ ਨੂੰ ਬਿਨਾਂ ਕਿਸੇ ਬਹਿਸ ਤੇ ਕੌੰਸਲ ਵਲੋਂ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਇਸ ਮਤੇ ਦੇ ਪਾਸ ਹੋਣ ਉਪਰੰਤ ਮੇਅਰ ਨੇ ਦੱਸਿਆ ਕਿ ਫਰੇਜਰ ਰਿਵਰ ਦੀ ਸ਼ੋਰਲਾਈਨ ਉਪਰ ਅਸਥਘਾਟ ਬਣਾਉਣ ਲਈ ਸੂਬਾ ਸਰਕਾਰ ਵੀ ਵਿੱਤੀ ਸਹਾਇਤਾ ਦੇਣ ਲਈ ਤਿਆਰ ਹੈ। ਸਿਟੀ ਕੌਂਸਲ ਦੀ ਇਸ ਮੀਟਿੰਗ ਵਿਚ ਫਾਈਵ ਰਿਵਰ ਫਿਊਨਰਲ ਹੋਮ ਦੇ ਪ੍ਰਧਾਨ ਲੈਂਬਰ ਰਾਓ , ਜਨਰਲ ਸਕੱਤਰ ਜੁਗਿੰਦਰ ਸਿੰਘ ਸੁੰਨੜ, ਮੇਜਰ ਚਾਹਲ ਡਾਇਰੈਕਟਰ ਤੇ ਜਗਦੀਪ ਸਿੰਘ ਸੰਘੇੜਾ ਡਾਇਰੈਕਟਰ ਵੀ ਹਾਜ਼ਰ ਸਨ।
ਮੇਅਰ ਅਤੇ ਕੌਂਸਲ ਵੱਲੋਂ ਫਾਈਵ ਰਿਵਰ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ ਜੋ ਇਸ ਮੀਟਿੰਗ ਵਿਚ ਪਹੁੰਚੇ ਸਨ। ਫਾਈਵ ਰਿਵਰ ਦੇ ਪ੍ਰਧਾਨ ਤੇ ਸਕੱਤਰ ਵੱਲੋਂ ਵੀ ਕੌਂਸਲ ਤੇ ਮੇਅਰ ਜੌਰਜ ਹਾਰਵੀ ਦਾ ਧੰਨਵਾਦ ਕੀਤਾ ਗਿਆ। ਪਹਿਲਾਂ ਵੀ ਡੈਲਟਾ ਸਿਟੀ ਨੇ 100 ਕਾਰਾਂ ਦੀ ਪਾਰਕਿੰਗ ਫਿਊਨਰਲ ਹੋਮ ਦੇ ਨਜ਼ਦੀਕ ਟਿਲਵਰੀ ਰੋਡ ਤੇ ਹੋਪਕੋਟ ਸੜਕ ਦੇ ਨਜ਼ਦੀਕ ਲੀਜ਼ ਤੇ ਦਿੱਤੀ ਹੋਈ ਹੈ। ਪਿਛਲੇ ਸਾਲ ਸਿਟੀ ਆਫ਼ ਡੈਲਟਾ ਨੇ ਪਾਰਕਿੰਗ ਦੀ ਸਹੂਲਤ ਵੀ ਦਿੱਤੀ ਸੀ। ਪ੍ਰਬੰਧਕ ਕਮੇਟੀ ਸ ਮੇਜਰ ਸਿੰਘ ਚਾਹਲ ਦੇ ਧੰਨਵਾਦੀ ਹੈ ਜਿਨ੍ਹਾਂ ਦੀਆਂ ਕੋਸਿਸਾਂ ਸਦਕਾ ਇਹ ਦੋਵੇਂ ਕਾਰਜ ਸਿਰੇ ਚੜ੍ਹੇ ਹਨ। ਫਿਊਨਰਲ ਹੋਮ ਦੇ ਨਜ਼ਦੀਕ ਹੀ ਅਸਥੀਆਂ ਜਲ-ਪ੍ਰਵਾਹ ਕਰਨ ਦੀ ਜਗਾ ਡੈਲਟਾ ਸਿਟੀ ਵੱਲੋਂ ਤਿਆਰ ਕੀਤੀ ਜਾਵੇਗੀ। ਸਾਰੇ ਕੌਂਸਲਰਾਂ ਨੇ ਇਸ ਦੀ ਸਰਬ ਸੰਮਤੀ ਨਾਲ ਪ੍ਰਵਾਨਗੀ ਦਿੱਤੀ ਹੈ। ਸਿਟੀ ਦੇ ਮੈਨੇਜਰ ਹਾਊਸਿੰਗ ਮਨਿਸਟਰ ਤੇ ਮਿਊਸੀਪਲ ਅਫੇਅਰ ਮੰਤਰੀ ਰਵੀਂ ਕਾਹਲੋਂ ਨਾਲ ਗਰਾਂਟ ਦੀ ਗੱਲਬਾਤ ਕੀਤੀ ਜਾਵੇਗੀ ਤਾਂ ਜੋ ਇਹ ਕਾਰਜ ਛੇਤੀ ਸਿਰੇ ਚੜ ਜਾਵੇ। ਜਿਕਰਯੋਗ ਹੈ ਕਿ ਚਿਰਾਂ ਤੋਂ ਭਾਰਤੀ ਭਾਈਚਾਰਾ ਦੀ ਮੰਗ ਨੂੰ ਡੈਲਟਾ ਸਿਟੀ ਦੇ ਮੇਅਰ ਜੌਰਜ ਹਾਰਵੀ ਤੇ ਕੌਂਸਲਰਾਂ ਨੇ ਪੂਰਿਆਂ ਕੀਤਾ ਹੈ ਜਿਸ ਲਈ ਸਾਰੀ ਕਮਿਊਨਿਟੀ ਉਹਨਾਂ ਦੀ ਆਭਾਰੀ ਹੈ।