Headlines

ਵਸ਼ਿੰਗਟਨ ਦੀ ਨੈਸ਼ਨਲ ਕੈਥੀਡਰਲ ਦੀ ਬਿਸ਼ਪ ਮੈਰੀਅਮ ਐਡਗਰ ਬਡੀ ਵਲੋਂ ਟਰੰਪ ਨੂੰ ਨਸੀਹਤ

ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ

ਅਮਰੀਕਾ ਦਾ ਪ੍ਰੈਜ਼ੀਡੈਂਟ ਡੌਨਲਡ ਟਰੰਪ ਆਪਣੀ ਪ੍ਰੈਜ਼ੀਡੈਂਸੀ ਦੇ ਪਹਿਲੇ ਦਿਨ ਵਸ਼ਿੰਗਟਨ ਸ਼ਹਿਰ ਦੇ ਨੈਸ਼ਨਲ ਕੈਥੀਡਰਲ ਵਿੱਚ ਗਿਆ। ਇਸ ਸਮੇਂ ਦੌਰਾਨ
ਇਸ ਕੈਥੀਡਰਲ ਦੀ ਬਿਸ਼ਪ ਮੈਰੀਅਮ ਐਡਗਰ ਬਡੀ ਨੇ ਆਪਣੇ ਉਪਦੇਸ਼ ਵਿੱਚ ਪ੍ਰੈਜ਼ੀਡੈਂਟ ਟਰੰਪ ਨੂੰ ਇਹ ਕਿਹਾ:
"ਮਿਸਟਰ ਪ੍ਰੈਜ਼ੀਡੈਂਟ ਮੈਨੂੰ ਆਖਰੀ ਅਪੀਲ ਕਰਨ ਦੀ ਇਜਾਜ਼ਤ ਦਿਉ। ਕ੍ਰੋੜਾਂ ਲੋਕਾਂ ਨੇ ਤੁਹਾਡੇ ਵਿੱਚ ਭਰੋਸਾ ਜਤਾਇਆ ਹੈ, ਅਤੇ ਜਿਵੇਂ ਤੁਸੀਂ ਕੱਲ ਕੌਮ
(ਨੇਸ਼ਨ) ਨੂੰ ਦੱਸਿਆ ਸੀ ਕਿ ਤੁਸੀਂ ਪਿਆਰੇ ਰੱਬ ਦਾ ਮਿਹਰ ਭਰਿਆ ਹੱਥ ਮਹਿਸੂਸ ਕੀਤਾ ਹੈ। ਆਪਣੇ ਰੱਬ ਦੇ ਨਾਂ, ਮੈਂ ਤੁਹਾਨੂੰ ਆਪਣੇ ਦੇਸ਼ ਵਿਚਲੇ ਉਹਨਾਂ
ਲੋਕਾਂ `ਤੇ ਰਹਿਮ ਕਰਨ ਦੀ ਬੇਨਤੀ ਕਰਦੀ ਹਾਂ, ਜੋ ਡਰੇ ਹੋਏ ਹਨ। ਡੈਮੋਕਰੈਟਿਕ, ਰਿਪਬਲਕਿਨ ਅਤੇ ਅਜ਼ਾਦ ਪਰਿਵਾਰਾਂ ਵਿੱਚ ਗੇਅ, ਲੈਸਬੀਅਨ ਅਤੇ
ਟ੍ਰਾਂਸਜੈਂਡਰ ਬੱਚੇ ਹਨ- ਜਿਹਨਾਂ ਵਿੱਚੋਂ ਕੁੱਝ ਨੂੰ ਆਪਣੀਆਂ ਜ਼ਿੰਦਗੀਆਂ ਦਾ ਡਰ ਹੈ। ਉਹ ਲੋਕ ਜਿਹੜੇ ਸਾਡੀਆਂ ਫਸਲਾਂ ਕੱਟਦੇ/ਵੱਢਦੇ/ਚੁਗਦੇ ਹਨ ਅਤੇ
ਸਾਡੇ ਦਫਤਰਾਂ ਦੀਆਂ ਬਿਲਡਿੰਗਾਂ ਨੂੰ ਸਾਫ ਕਰਦੇ ਹਨ, ਜਿਹੜੇ ਸਾਡੇ ਪੋਲਟਰੀ ਫਾਰਮਾਂ ਅਤੇ ਮੀਟ-ਪੈਕਿੰਗ ਦੇ ਪਲਾਂਟਾਂ ਵਿੱਚ ਕੰਮ ਕਰਦੇ ਹਨ, ਜਿਹੜੇ
ਸਾਡੇ ਵਲੋਂ ਰੈਸਟੋਰੈਂਟਾਂ ਵਿੱਚ ਖਾਣ ਤੋਂ ਬਾਅਦ ਭਾਂਡੇ ਧੋਂਦੇ ਹਨ ਅਤੇ ਹਸਪਤਾਲਾਂ ਵਿੱਚ ਨਾਈਟ ਸ਼ਿਫਟਾਂ ਨੂੰ ਕੰਮ ਕਰਦੇ ਹਨ – ਹੋ ਸਕਦਾ ਹੈ ਉਹ ਸਿਟੀਜ਼ਨ
ਨਾ ਹੋਣ ਜਾਂ ਉਹਨਾਂ ਕੋਲ ਸਹੀ ਕਾਗਜ਼ ਨਾ ਹੋਣ, ਪਰ ਬਹੁਗਿਣਤੀ ਇੰਮੀਗ੍ਰੈਂਟ ਮੁਜਰਮ ਨਹੀਂ ਹਨ। ਉਹ ਟੈਕਸ ਦਿੰਦੇ ਹਨ ਅਤੇ ਚੰਗੇ ਗਵਾਂਢੀ ਹਨ। ਉਹ
ਸਾਡੀਆਂ ਚਰਚਾਂ ਅਤੇ ਮਸਜਿਦਾਂ, ਸਿਨਾਗੌਗਾਂ, ਗੁਰਦਵਾਰਿਆਂ ਅਤੇ ਮੰਦਿਰਾਂ ਦੇ ਵਿਸ਼ਵਾਸ ਕਰਨ ਵਾਲੇ ਮੈਂਬਰ ਹਨ।
ਮਿਸਟਰ ਪ੍ਰੈਜ਼ੀਡੈਂਟ, ਮੈਂ ਤੁਹਾਨੂੰ ਉਹਨਾਂ ਲੋਕਾਂ `ਤੇ ਰਹਿਮ ਕਰਨ ਦੀ ਅਪੀਲ ਕਰਦੀ ਹਾਂ ਜਿਹਨਾਂ ਦੇ ਬੱਚਿਆਂ ਨੂੰ ਡਰ ਹੈ ਕਿ ਉਹਨਾਂ ਦੇ ਮਾਪਿਆਂ ਨੂੰ ਚੁੱਕ
ਲਿਆ ਜਾਵੇਗਾ, ਅਤੇ ਉਹਨਾਂ ਲੋਕਾਂ ਦੀ ਮਦਦ ਕਰਨ ਦੀ ਅਪੀਲ ਕਰਦੀ ਹਾਂ ਜਿਹੜੇ ਆਪਣੇ ਦੇਸ਼ਾਂ ਵਿੱਚ ਲੱਗੀਆਂ ਜੰਗਾਂ ਅਤੇ ਜ਼ੁਲਮ ਤੋਂ ਭੱਜ ਕੇ ਇੱਥੇ
ਦਇਆ ਅਤੇ ਸਵਾਗਤ ਲਈ ਆਉਂਦੇ ਹਨ। ਸਾਡਾ ਰੱਬ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਅਜਨਬੀਆਂ `ਤੇ ਰਹਿਮ ਕਰੀਏ, ਕਿਉਂਕਿ ਕਿਸੇ ਸਮੇਂ ਅਸੀਂ ਵੀ ਇਸ
ਧਰਤੀ `ਤੇ ਅਜਨਬੀ ਸਾਂ। ਕਾਮਨਾ ਕਰਦੀ ਹਾਂ ਕਿ ਰੱਬ ਸਾਨੂੰ ਹਰ ਇਕ ਇਨਸਾਨ ਦੇ ਸਵੈਮਾਨ ਦੀ ਇੱਜ਼ਤ ਕਰਨ, ਪਿਆਰ ਨਾਲ ਇਕ ਦੂਸਰੇ ਅੱਗੇ ਸੱਚ
ਬੋਲਣ, ਅਤੇ ਇਸ ਮੁਲਕ ਅਤੇ ਸਮੁੱਚੀ ਦੁਨੀਆ ਦੇ ਸਾਰੇ ਲੋਕਾਂ ਦੀ ਭਲਾਈ ਲਈ ਇਕ ਦੂਸਰੇ ਨਾਲ ਅਤੇ ਆਪਣੇ ਰੱਬ ਨਾਲ ਨਿਰਮਾਨਤਾ ਨਾਲ ਤੁਰਨ
ਲਈ ਤਾਕਤ ਅਤੇ ਹੌਂਸਲਾ ਦੇਵੇ। ਅਮੀਨ।

Leave a Reply

Your email address will not be published. Required fields are marked *