ਕੈਲਗਰੀ-ਨਾਰਥ ਕੈਲਗਰੀ ਸੀਨੀਅਰਜ਼ ਸੋਸਾਇਟੀ ਦੀ ਮਾਸਕ ਮੀਟਿੰਗ 22 ਜਨਵਰੀ ਨੂੰ ਲਿਵਿੰਗਸਟਨ ਕਮਿਊਨਿਟੀ ਸੈਂਟਰ ਦੇ ਹਾਲ ਵਿਚ ਹੋਈ ਜਿਸ ਦੀ ਪ੍ਰਧਾਨਗੀ ਕੁਲਵੰਤ ਰਾਏ ਸ਼ਰਮਾ, ਯਾਦਵਿੰਦਰ ਸਿੱਧੂ ਅਤੇ ਹਰਜਿੰਦਰ ਸੈਣੀ ਨੇ ਕੀਤੀ। ਮੰਚ ਸੰਭਾਲ਼ਦਿਆਂ ਜਗਦੇਵ ਸਿੱਧੂ ਨੇ ਹੁਣੇ ਲੰਘੇ ਲੋਹੜੀ ਅਤੇ ਮਾਘੀ ਦੇ ਤਿਉਹਾਰਾਂ ਦੇ ਇਤਿਹਾਸਕ ਤੇ ਪਰਸੰਗਕ ਪੱਖਾਂ ਨੂੰ ਉਜਾਗਰ ਕੀਤਾ। 31 ਜਨਵਰੀ, 2020 ਨੂੰ ਦਲੀਪ ਕੌਰ ਟਿਵਾਣਾ ਅਤੇ ਠੀਕ ਅਗਲੇ ਦਿਨ ਪਹਿਲੀ ਫ਼ਰਵਰੀ ਨੂੰ ਜਸਵੰਤ ਸਿੰਘ ਕੰਵਲ ਦੇ ਅਕਾਲ ਚਲਾਣੇ ਦੇ ਇਤਫ਼ਾਕ ਨੂੰ ਯਾਦ ਕੀਤਾ। ਕੌਂਸਲਰ ਰਾਜ ਧਾਲ਼ੀਵਾਲ਼ ਨੇ ਸੋਸਾਇਟੀ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਜਨਵਰੀ ਮਹੀਨੇ ਪੈਂਦੇ ਜਨਮ ਦਿਨ ਵਾਲ਼ੇ 15 ਮੈਂਬਰਾਂ ਨੂੰ ਤੋਹਫ਼ੇ ਦੇ ਕੇ ਮੁਬਾਰਕਾਂ ਪਰੋਸੀਆਂ ।
ਇਸ ਮਗਰੋਂ ਗਾਇਕਾਂ ਨੇ ਕਮਾਲ ਦੀ ਆਵਾਜ਼, ਅੰਦਾਜ਼ ਅਤੇ ਪਰਪੱਕ ਗਾਈਕੀ ਦਾ ਮੁਜ਼ਾਹਰਾ ਕਰਦਿਆਂ ਦਰਸ਼ਕਾਂ ਨੂੰ ਕੀਲੀ ਰੱਖਿਆ। ਹਾਲ ਤਾੜੀਆਂ ਨਾਲ਼ ਗੂੰਜਦਾ ਰਿਹਾ। ਇਨ੍ਹਾਂ ਵਿੱਚੋਂ ਦੇਵਿੰਦਰ ਮਾਨ ਨੇ ਤਿੰਨ ਵੰਨਗੀਆਂ ਦੀ ਗਾਇਕੀ ਪੇਸ਼ ਕੀਤੀ – ਹੀਰ ਦੀ ਇਹ ਕਲੀ – ਰਾਂਝੇ ਚਾਕ ਨੇ ਦੁਹੱਥੜ ਪੱਟੀਂ ਮਾਰੀ, ਦੂਜਾ ਗੀਤ – ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ, ਤੀਜਾ – ਇਨ੍ਹਾਂ ਅੱਖੀਆਂ `ਚ ਪਾਵਾਂ ਕਿਵੇਂ ਕਜਲਾ ਵੇ ਅੱਖੀਆਂ `ਚ ਤੂੰ ਵਸਦਾ, ਡਾ. ਸਤਨਾਮ ਧੋਥੜ ਦਾ ਗੀਤ – ਸੱਜਣਾ ਵੇ ਸੱਜਣਾ ਅੱਜ ਤੇਰੇ ਸ਼ਹਿਰ ਵਿਚ, ਕਿੰਨੀ ਚੰਗੀ ਲਗਦੀ ਦੁਪਹਿਰ, ਮੁਨੱਵਰ ਅਹਿਮਦ ਦਾ ਨਵੇਂ ਸਾਲ ਦੀ ਮੁਬਾਰਕ ਵਾਲ਼ਾ ਗੀਤ – ਪਿੱਪਲ਼ਾਂ ਦੀਆਂ ਛਾਵਾਂ ਨੇ / ਸਾਲ ਹੋਵੇ ਖ਼ੁਸ਼ੀਆਂ ਦਾ, ਏਹੋ ਮੇਰੀਆਂ ਦੁਆਵਾਂ ਨੇ, ਅਤੇ ਫਿਲਮੀ ਗੀਤ -ਚੌਧਵੀਂ ਕਾ ਚਾਂਦ ਹੋ ਯਾ ਆਫ਼ਤਾਬ ਹੋ, ਸੁਖਮੰਦਰ ਗਿੱਲ ਦਾ ਮੁਬਾਰਕੀ ਗੀਤ – ਨਿੱਤ ਖਿੜਨ ਬਗੀਚੀਆਂ `ਚ ਫੁੱਲ ਸੋਹਣਿਆਂ / ਨਹੀਉਂ ਮਿਲਣ ਬਹਾਰਾਂ ਕਿਤੋਂ ਮੁੱਲ ਸੋਹਣਿਆਂ, ਅਤੇ -ਦਿਲ ਪਹਿਲਾਂ ਜਿਹਾ ਨਹੀਂ ਰਿਹਾ ਇਹ ਕਠੋਰ ਹੋ ਗਿਆ, ਦੇਰ ਤੱਕ ਦਰਸ਼ਕਾਂ ਦੇ ਮਨਾਂ `ਤੇ ਛਾਏ ਰਹਿਣਗੇ। ਸ਼ਿਵਾਲਿਕ ਟੀ.ਵੀ. ਦੇ ਪਰਮਜੀਤ ਭੰਗੂ ਨੇ ਇਨਕਲਾਬੀ ਕਵਿਤਾ ਉਸੇ ਜੋਸ਼ ਵਿਚ ਸੁਣਾਈ – ਕੱਖਾਂ ਦੀਏ ਕੁੱਲੀਏ ਪਹਾੜ ਬਣ ਜਾਈਂ। ਡਾ. ਰਮਨ ਗਿੱਲ ਦੀ ਕਵਿਤਾ ਦੀ ਇਕ ਸਤਰ ਸੀ – ਰੂਹਾਨੀਅਤ ਹੈ ਉਨ ਪਲੋਂ ਮੇਂ, ਜੋ ਦਿਲ ਕੇ ਦਰਵਾਜ਼ੇ ਪਰ ਦਸਤਕ ਦੇਂ ਬਾਰ-ਬਾਰ । ਕੰਵਲਜੀਤ ਧਾਲ਼ੀਵਾਲ਼ ਨੇ ਰੁਮਾਂਚਿਕ ਗ਼ਜ਼ਲ ਦੀ ਪੇਸ਼ਕਾਰੀ ਨਾਲ਼ ਮਸਤੀ ਬਿਖੇਰੀ – ਖ਼ਾਮੋਸ਼ ਲਬ ਹੈਂ ਝੁਕੀ ਹੈਂ ਪਲਕੇਂ, ਦਿਲ ਮੇਂ ਉਲਫ਼ਤ ਨਈ ਨਈ ਹੈ / ਅਭੀ ਮੁਹੱਬਤ ਨਈ ਨਈ ਹੈ। ਜਨਾਬ ਤਾਰਿਕ ਮਲਿਕ ਦੇ ਉਮਦਾ ਸ਼ੇਅਰਾਂ ਵਿੱਚੋਂ ਇਕ ਨਮੂਨਾ – ਕਾਂਚ ਕੋ ਹੀਰਾ ਸਮਝੇ, ਸਾਰੀ ਭੂਲ ਹਮਾਰੀ ਥੀ / ਇਸ ਝੂਠ ਕੋ ਸੱਚਾ ਸਮਝੇ ਸਾਰੀ ਭੂਲ ਹਮਾਰੀ ਥੀ। ਤਰਲੋਕ ਚੁੱਘ ਨੇ ਚੋਣਾਂ ਨਾਲ਼ ਸੰਬੰਧਤ ਚੁਟਕਲੇ ਸੁਣਾਕੇ ਹਾਸਰਸ ਦਾ ਮਾਹੌਲ ਸਿਰਜਿਆ। ਸੰਤ ਸਿੰਘ ਧਾਲ਼ੀਵਾਲ਼ ਨੇ ਸਮਾਜ ਭਲਾਈ ਦੇ ਉਪਰਾਲਿਆਂ ਬਾਰੇ ਦੱਸਿਆ। ਬਲਜੀਤ ਪੰਧੇਰ ਨੇ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਣ ਦੀ ਅਪੀਲ ਕੀਤੀ। ਬਿੱਕਰ ਸਿੰਘ ਸੰਧੂ ਨੇ ਕੈਨੇਡਾ ਅੰਦਰ ਮਿਲਦੀਆਂ ਸਹੂਲਤਾਂ ਲੈਣ ਦੇ ਢੰਗ-ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਜਗਦੇਵ ਸਿੱਧੂ ਨੇ ਦੱਸਿਆ ਕਿ ਬਿੱਕਰ ਸਿੰਘ ਸੰਧੂ ਭਾਰਤੀ ਸੈਨਾ ਦੇ ਮੁੱਖ ਦਫਤਰਾਂ ਵਿਚ ਕੰਮ ਕਰਦੇ ਰਹੇ ਅਤੇ ਸੇਵਾ-ਨਵਿਰਤੀ ਉਪ੍ਰੰਤ ਕੈਲਗਰੀ ਵਿਚ ਸਮਾਜਿਕ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਸਲਾਹ ਮਸ਼ਵਰਾ ਦੇਣ, ਫਾਰਮ ਭਰਨ, ਜ਼ਰੂਰੀ ਦਸਤਾਵੇਜ਼ ਜੁਟਾਉਣ ਵਰਗੇ ਕਾਰਜਾਂ ਲਈ ਨਿਸ਼ਕਾਮ ਸੇਵਾ ਕਰਦੇ ਆ ਰਹੇ ਹਨ। ਇਨ੍ਹਾਂ ਪਰਉਪਕਾਰੀ ਕੰਮਾਂ ਸਦਕਾ ਉਨ੍ਹਾਂ ਨੂੰ ਸਰਕਾਰ ਵੱਲੋਂ ਵੀ ਸਨਮਾਨਿਆ ਗਿਆ ਹੈ। ਅਖੀਰ ਵਿਚ ਕੁਲਵੰਤ ਰਾਏ ਸ਼ਰਮਾ ਨੇ ਪੇਸ਼ਕਾਰੀਆਂ ਦੇ ਮਿਆਰ ਨੂੰ ਸਲਾਹਿਆ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਅਗਲੀ ਮੀਟਿੰਗ 26 ਫ਼ਰਵਰੀ ਨੂੰ ਇਸੇ ਹਾਲ ਵਿਚ ਇਸੇ ਸਮੇ ਮੁਤਾਬਕ ਹੋਵੇਗੀ।
ਰਿਪੋਰਟ-ਜਗਦੇਵ ਸਿੰਘ ਸਿੱਧੂ