ਵੈਨਕੂਵਰ ( ਦੇ ਪ੍ਰ ਬਿ)-ਵੈਨਕੂਵਰ ਸਾਉਥ ਤੋਂ ਐਮ ਪੀ ਤੇ ਮੰਤਰੀ ਹਰਜੀਤ ਸਿੰਘ ਸੱਜਣ ਨੇ ਆਗਾਮੀ ਫੈਡਰਲ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਹੈ। ਇਸ ਹਲਕੇ ਤੋਂ 2015 ਤੋਂ ਐਮ ਪੀ ਚਲੇ ਆ ਰਹੇ ਸੱਜਣ ਨੇ ਇੱਕ ਜਨਤਕ ਬਿਆਨ ਵਿੱਚ ਆਪਣੇ ਭਾਈਚਾਰੇ ਦਾ ਉਨ੍ਹਾਂ ਪ੍ਰਤੀ ਅਟੁਟ ਸਮਰਥਨ ਲਈ ਧੰਨਵਾਦ ਪ੍ਰਗਟਾਇਆ ਹੈ।
ਆਪਣੇ ਕਾਰਜਕਾਲ ਦੌਰਾਨ, ਸੱਜਣ ਨੇ ਰੱਖਿਆ ਮੰਤਰੀ, ਅੰਤਰਰਾਸ਼ਟਰੀ ਵਿਕਾਸ ਮੰਤਰੀ, ਅਤੇ ਐਮਰਜੈਂਸੀ ਤਿਆਰੀ ਮੰਤਰੀ ਸਮੇਤ ਕੈਬਨਿਟ ਅਹੁਦਿਆਂ ‘ਤੇ ਕੰਮ ਕੀਤਾ ਹੈ।
ਸੱਜਣ ਨੇ ਕੈਨੇਡਾ ਚਾਈਲਡ ਕੇਅਰ ਬੈਨੀਫਿਟ, ਨੈਸ਼ਨਲ ਡੈਂਟਲ ਕੇਅਰ ਪਲਾਨ ਅਤੇ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਵਰਗੇ ਸਰਕਾਰੀ ਪ੍ਰੋਗਰਾਮਾਂ ਵਿੱਚ ਮਹੱਤਵਪੂਰਣ ਯੋਗਦਾਨ ਪਾਇਆ ਹੈ।
ਆਧੁਨਿਕ ਰਾਜਨੀਤੀ ਦੀਆਂ ਚੁਣੌਤੀਆਂ ਦੀ ਗੱਲ ਕਰਦਿਆਂ ਸੱਜਣ ਨੇ ਰਾਜਨੀਤਿਕ ਦ੍ਰਿਸ਼ਟੀਕੋਣ ਵਿੱਚ ਵੱਧ ਰਹੇ ਧਰੁਵੀਕਰਨ ਅਤੇ ਜ਼ਹਿਰੀਲੇਪਣ ‘ਤੇ ਅਫਸੋਸ ਪ੍ਰਗਟ ਕੀਤਾ ਹੈ ਤੇ ਕਿਹਾ ਕਿ ਵੱਧ ਤੋਂ ਵੱਧ ਸਭਿਅਕ, ਸਤਿਕਾਰ ਅਤੇ ਉਸਾਰੂ ਵਿਹਾਰ ਦੀ ਲੋੜ ਹੈ । ਉਹਨਾਂ ਲਿਬਰਲ ਪਾਰਟੀ ਦੀਆਂ ਕਦਰਾਂ-ਕੀਮਤਾਂ ਪ੍ਰਤੀ ਆਪਣੇ ਸਮਰਪਣ ਦੀ ਪੁਸ਼ਟੀ ਕੀਤੀ ਹੈ
ਉਹਨਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਹਨਾਂ ਦੇ ਸਹਿਯੋਗੀਆਂ, ਆਪਣੇ ਪਰਿਵਾਰ ਦਾ ਉਹਨਾਂ ਦੀ ਜਨਤਕ ਸੇਵਾ ਦੌਰਾਨ ਉਹਨਾਂ ਦੇ ਸਮਰਥਨ ਤੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ ਹੈ।