ਨਵੀਂ ਦਿੱਲੀ ( ਦਿਓਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਵਿਚ ਖਾਲਿਸਤਾਨੀ ਆਗੂ ਤੇ ਸਿਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਮੌਜੂਦਗੀ ਉਪਰ ਭਾਰਤ ਸਰਕਾਰ ਨੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ। ਪੰਨੂ ਦੇ ਲਿਬਰਟੀ ਬਾਲ ਵਿਚ ਸਹੂੰ ਚੁੱਕ ਸਮਾਗਮ ਦੌਰਾਨ ਭੀੜ ਵਿਚ ਖੜੇ ਹੋਣ ਅਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਉਣ ਦੀ ਵੀਡੀਓ ਵਾਇਰਲ ਹੋਣ ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਹੈ ਕਿ ਉਹ ਭਾਰਤ ਵਿਰੋਧੀ ਸਰਗਰਮੀਆਂ ਨਾਲ ਜੁੜੇ ਮੁੱਦੇ ਨੂੰ ਪਹਿਲਾਂ ਵੀ ਅਮਰੀਕੀ ਸਰਕਾਰ ਕੋਲ ਰੱਖਦੇ ਰਹੇ ਹਨ ਤੇ ਅੱਗੋਂ ਵੀ ਇਹ ਅਮਲ ਜਾਰੀ ਰਹੇਗਾ। ਜੈਸਵਾਲ ਨੇ ਹਫ਼ਤਾਵਾਰੀ ਮੀਡੀਆ ਬ੍ਰੀਫਿੰਗ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਜਦੋਂ ਕਦੇ ਵੀ ਭਾਰਤ ਵਿਰੋਧੀ ਸਰਗਰਮੀ ਹੋਈ ਹੈ, ਅਸੀਂ ਇਹ ਮੁੱਦਾ ਅਮਰੀਕੀ ਸਰਕਾਰ ਨਾਲ ਵਿਚਾਰਿਆ ਹੈ। ਅਸੀਂ ਅੱਗੋਂ ਵੀ ਅਮਰੀਕੀ ਸਰਕਾਰ ਨਾਲ ਅਜਿਹੇ ਮੁੱਦੇ ਵਿਚਾਰਦੇ ਰਹਾਂਗੇ, ਜਿਨ੍ਹਾਂ ਦਾ ਸਿੱਧਾ ਸਾਡੀ ਸੁਰੱਖਿਆ ’ਤੇ ਅਸਰ ਪੈਂਦਾ ਹੈ। ਜਿ਼ਕਰਯੋਗ ਹੈ ਭਾਰਤ ਸਰਕਾਰ ਵਲੋਂ ਪੰਨੂ ਦੇ 3 ਫਰਵਰੀ 2021 ਨੂੰ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹੋਏ ਹਨ। ਉਸਨੂੰ 29 ਨਵੰਬਰ 2022 ਨੂੰ ਭਗੌੜਾ ਵੀ ਕਰਾਰ ਦਿੱਤਾ ਗਿਆ ਹੈ। ਐਨ ਆਈ ਏ ਵਲੋਂ ਉਸਦੀ ਅੰਮ੍ਰਿਤਸਰ ਤੇ ਚੰਡੀਗੜ ਵਿਚ ਪ੍ਰਾਪਰਟੀ ਵੀ ਜ਼ਬਤ ਕੀਤੀ ਗਈ ਹੈ।
ਇਸੇ ਦੌਰਾਨ ਮੀਡੀਆ ਰਿਪੋਰਟਾਂ ਹਨ ਕਿ ਪੰਨੂੰ ਨੂੰ ਵਾਈਟ ਹਾਉਸ ਵਲੋਂ ਮਹਿਮਾਨ ਵਜੋਂ ਨਹੀ ਸੱਦਿਆ ਗਿਆ ਬਲਕਿ ਉਸਨੇ ਕਿਸੇ ਤਰਾਂ ਸਹੁੰ ਚੁੱਕ ਸਮਾਗਮ ਵਿਚ ਸ਼ਾਮਿਲ ਹੋਣ ਲਈ ਟਿਕਟ ਖਰੀਦੀ ਸੀ। ਵੀਡੀਓ ਵਿਚ ਵੀ ਉਹ ਸਰਕਾਰੀ ਮਹਿਮਾਨਾਂ ਤੋਂ ਕਾਫੀ ਦੂਰ ਭੀੜ ਵਿਚ ਖੜਾ ਦਿਖਾਈ ਦੇ ਰਿਹਾ ਹੈ।