ਸਮੀਖਿਆ- ਮਲਵਿੰਦਰ-
ਭਰ ਜੋਬਨ ਬੰਦਗੀ ਛਿੰਦਰ ਕੌਰ ਸਿਰਸਾ ਦਾ ਨਵਾਂ ਕਾਵਿ ਸੰਗ੍ਰਹਿ ਹੈ.ਇਸ ਤੋਂ ਪਹਿਲਾਂ ਦੋ ਕਾਵਿ ਸੰਗ੍ਰਹਿ ਅਤੇ ਇੱਕ ਸਫ਼ਰਨਾਮਾ ‘ ਕੈਨੇਡਾ ਦੇ ਸੁਪਨਮਈ ਦਿਨ ‘ ਛਪ ਚੁੱਕੇ ਹਨ. ਸ਼ੁਰੂ ਵਿਚ ‘ ਮੇਰੇ ਵੱਲੋਂ ‘ ਲਿਖੇ ਸ਼ਬਦਾਂ ਵਿੱਚ ਛਿੰਦਰ ਕੌਰ ਲਿਖਦੀ ਹੈ ਕਿ ਕਵਿਤਾ ਪਰਿਵਾਰਕ ਪਿਛੋਕੜ ਤੇ ਰਿਸ਼ਤਿਆਂ ਦਾ ਸਰਮਾਇਆ ਹੁੰਦੀ ਹੈ ਜੋ ਮਨੁੱਖੀ ਪਰਿਪੇਖ ‘ਚੋਂ ਉੱਪਜ ਕੇ ਨਿੱਜ ਦੇ ਸਫ਼ਰ ਨੂੰ ਤੈਅ ਕਰਦਿਆਂ ਹੋਇਆਂ ਸਮਾਜਿਕ ਯਥਾਰਥ ਨੂੰ ਪੇਸ਼ ਕਰਨ ਤਕ ਜਾਂਦੀ ਹੈ। ਇਹ ਸਤਰ ਕਵਿਤਰੀ ਦੀ ਕਾਵਿਕ ਸੂਝ ਨੂੰ ਦਰਸਾਉਂਦੀ ਹੈ. ਇਸ ਸੂਝ ਦਾ ਪ੍ਗਟਾਵਾ ਬਹੁਤ ਸਾਰੀਆਂ ਕਵਿਤਾਵਾਂ ਵਿਚ ਹੋਇਆ ਹੈ. ਇਹਨਾਂ ਕਵਿਤਾਵਾਂ ਵਿਚਲੀ ਭਾਸ਼ਾ ਵੀ ਕਵਿਤਰੀ ਦੀ ਕਾਵਿਕ ਸਮਰੱਥਾ ਨੂੰ ਦਰਸਾਉਂਦੀ ਹੈ. ਇਸ ਭਾਸ਼ਾ ਬਾਰੇ ਵੀ ਛਿੰਦਰ ਦਾ ਕਥਨ ਪੜ੍ਹਨਾ ਬਣਦਾ ਹੈ. ‘ ਮੇਰੀ ਕਵਿਤਾ ਵਿਚਲੇ ਸਾਰੇੇ ਸ਼ਬਦ ਮੇਰੀ ਦਾਦੀ ਦੀ ਦੇਣ ਹਨ ਜੋ ਪਾਕਿਸਤਾਨੋਂ ਉੱਜੜ ਕੇ ਆਉਣ ਦੀਆਂ ਗੱਲਾਂ ਅਤੇ ਉਥੇ ਰਹਿੰਦਿਆਂ ਹੋਇਆਂ ਗੁੱਜਰਾਂਵਾਲਾ ਦੇ ਨੇੜੇ ਆਪਣੇ ਪਿੰਡ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਬੋਲਬਾਣੀ ‘ਚੋਂ ਨਿਕਲੇ ਸ਼ਬਦ ਮੈਂ ਹਮੇਸ਼ਾ ਆਪਣੇ ਅੰਗ-ਸੰਗ ਮਹਿਸੂਸ ਕਰਦੀ ਹਾਂ.’ ਇਨ੍ਹਾਂ ਕਵਿਤਾਵਾਂ ਵਿਚ ਮੁਹੱਬਤ ਦੇ ਅਹਿਸਾਸ ਨੂੰ ਬੜੀ ਸ਼ਿਦਤ ਨਾਲ ਪੇਸ਼ ਕੀਤਾ ਗਿਆ ਹੈ
ਮੇਰੀ ਗਲ਼ੀਏ ਵੜਨਗੀਆਂ
ਉਨ੍ਹਾਂ ਹਵਾਵਾਂ ਦੇ ਮੱਥੇ ਤੇਰੇ
ਨਾਉਂ ਦਾ ਚੁੰਮਣ ਧਰਦੀ ਰਵਾਂਗੀਜਿਸ ਮੱਥੇ ਨੂੰ ਚੁੰਮਿਆ ਉਹਦੀ
ਜਨਮ ਦਾਤੀ ਨੇ ਸਭ ਤੋਂ ਪਹਿਲਾਂ
ਉਹਦੇ ਉਸੇ ਮੱਥੇ ਨੂੰ ਮੇਰੇ ਪਿਆਸੇ ਬੁੱਲ੍ਹ
ਚੁੰਮਣ ਦੀ ਰੀਝ ਰੱਖਦੇ ਨੇ
ਅਸਲ ਵਿੱਚ ਮੁਹੱਬਤ ਦਾ ਅਹਿਸਾਸ ਤੁਹਾਡੇ ਅੰਦਰਲੀ ਉਦਾਸੀ ਨੂੰ ਰੌਣਕ ਨਾਲ ਭਰ ਦਿੰਦੀ ਹੈ. ਤੁਹਾਡੇ ਇਰਧ ਗਿਰਦ ਦੀਆਂ ਵਸਤਾਂ ਵਰਤਾਰਿਆਂ ਦੇ ਅਰਥ ਬਦਲ ਜਾਂਦੇ ਹਨ. ਤੁਹਾਡੀ ਕਲਪਨਾ ਅੰਬਰ ਤੇ ਪੀਘਾਂ ਪਾਉਣ ਲੱਗਦੀ ਹੈ, ਧਰਤੀ ਨੂੰ ਕਲੀ ਕਰਵਾਉਣ ਦੇ ਸੁਪਨੇ ਲੈਣ ਲੱਗਦੀ ਹੈ. ਇਸ ਪ੍ਰਭਾਵ ਅਧੀਨ ਤੁਹਾਡੀ ਸ਼ਾਇਰੀ ਦੇ ਨਕਸ਼ ਵੀ ਰੁਮਾਂਟਿਕ ਅਤੇ ਭਾਵਪੂਰਤ ਹੋ ਜਾਂਦੇ ਹਨ.
ਉਹ ਸਾਗਰ ਹੋ ਕੇ ਨਾ ਸਮਝੇ
ਪਿਆਸ ਨਦੀ ਦੀ
ਚੰਦਰੇ ਦੋ ਬੁੱਲ੍ਹ ਤਰੇਲ
ਤੁਪਕਿਆਂ ਚ ਨਵਾਹ ਲਏ
ਛਿੰਦਰ ਕੌਰ ਸਿਰਸਾ ਦੀ ਇਸ ਪੁਸਤਕ ਵਿਚ ਹਿਜਰ, ਵਸਲ, ਬਿਰਹੜਾ,ਆਦਿ ਸ਼ਬਦਾਂ ਦੀ ਵਰਤੋਂ ਹੋਈ ਹੈ. ਇਹ ਸ਼ਿਵ ਕੁਮਾਰ ਬਟਾਲਵੀ ਦਾ ਅਸਰ ਵੀ ਹੋ ਸਕਦਾ ਤੇ ਕਵਿਤਰੀ ਦੇ ਨਿੱਜੀ ਅਨੁਭਵ ਵੀ
ਪੜ੍ਹ ਕੇ ਹਿਜਰ ਨਮਾਜ਼ਾਂ
ਅਸਲੋਂ ਵਸਲ ਦੇ ਨੇੜੇ
ਵਿਰਾਗੇ ਚਿੱਤ ਨੂੰ ਅੱਕ
ਜਾਇਕੇਦਾਰ ਲੱਗਣ
ਅੱਗ ਹਿਜਰ ਦੀ ਸੇਕੇ ਪਿੰਡਾ
ਸਾਡੀ ਰੂਹ ਵੀ ਰੰਗ ਵਟਾਇਆ
ਵਸਲ ਦੀਆਂ ਘੜੀਆਂ ਨੂੰ ਵਕਤ ਹਿਜਰ ਦੇ ਭੜੋਲੇ ਪਾ ਗਿਆ
ਪੰਜਾਬੀ ਜੀਵਨ ਜਾਚ ਵਿਚ ਦੇਸੀ ਮਹੀਨਿਆਂ ਦਾ ਆਪਣਾ ਮਹੱਤਵ ਹੈ. ਦਿਨ ਦਿਹਾਰ, ਮੌਸਮ, ਫਸਲਾਂ, ਮੇਲੇ, ਤਿਉਹਾਰ, ਵਿਆਹ ਆਦਿ ਇਹਨਾਂ ਮਹੀਨਿਆਂ ਦੇ ਹਿਸਾਬ ਨਾਲ ਵਾਪਰਨ ਵਾਲੇ ਵਰਤਾਰੇ ਹਨ. ਛਿੰਦਰ ਦੀਆਂ ਕਵਿਤਾਵਾਂ ਵਿਚ ਮਹੀਨਿਆਂ, ਮੌਸਮਾਂ, ਰੁੱਤਾਂ ਤੇ ਫਸਲਾਂ ਦੇ ਹਵਾਲੇ ਉਸ ਦੀ ਬਿਰਤੀ ਵਿਚ ਪਏ ਪੰਜਾਬੀ ਕਲਚਰ ਅਤੇ ਅੰਦਰ ਧੜਕਦੇ ਪੁਰਾਣੇ ਪੰਜਾਬ ਕਰਕੇ ਹੀ ਹੈ.
ਰੁੱਤਾਂ ਸਾਉਣ ਦੀਆਂ ਪੀਘਾਂ ਦੇ
ਸੰਗ ਲੈਣ ਹੁਲਾਰੇ
ਮੁਹੱਬਤਾਂ ਦੇ ਗੀਤ ਨੇ
ਸਾਡੇ ਬੁੱਲ੍ਹਾਂ ਤੇ ਗਾਉਣ ਨੂੰ
ਚੇਤਰ ਚੜ੍ਹੇ ਤੋਂ ਰੁੱਤਾਂ ਬਦਲੀਆਂ
ਸਾਡਾ ਹੱਸਣ ਨੂੰ ਜੀਅ ਚਾਹਵੇ
ਜਿਉਂ ਫੱਗਣ ਚ ਹੱਸਣ ਫੁੱਲ ਤੇ
ਕੱਤੇ ਚ ਹੱਸੇ ਕਪਾਹ ਸੱਜਣ ਜੀ
ਛਿੰਦਰ ਦੀ ਸ਼ਾਇਰੀ ਦੇ ਕਲਾਵੇ ਵਿਚ ਵਿਸ਼ਿਆਂ ਦੀ ਵਿਭਿੰਨਤਾ ਹੈ. ਜਦ ਉਹ ਧੀ ਹੁੰਦੀ ਹੈ ਤਾਂ ਸਾਥ ਛੱਡ ਗਏ ਬਾਪ ਨੂੰ ਯਾਦ ਕਰਦਿਆਂ ਕਹਿੰਦੀ ਹੈ ਕਿ ਤੇਰੇ ਹੁੰਦਿਆਂ ਵੇ ਮੇਰੇ ਧਰਮੀ ਬਾਬਲਾ, ਮੇਰੀਆਂ ਛੱਤਾਂ ਉੱਤੇ ਸੋਨਾ ਉਗਦਾ ਸੀ. ਪਰਵਾਸ ਦੇ ਵਰਤਾਰੇ ਨੂੰ ਮੁਖਾਤਿਬ ਹੁੰਦੀ ਹੈ ਕਿ ਹਰ ਬੂਹੇ ਤੇ ਦਿਸਣ ਵੱਜੇ ਅੱਜ ਕੱਲ ਜਿੰਦਰੇ, ਤੇਰੇ ਪਿੰਡ ਨਾਲੋਂ ਤਾਂ ਜੰਗਲ ਚੰਗਾ ਹੋਇਆ. ਮਰਦ ਦੀ ਹਉਂ ਨੂੰ ਵੰਗਾਰਦੀ ਹੈ, ਆਖਾਂ ਇਸ ਵਾਰ ਤੈਨੂੰ ਮੈਂ ਪਰਖਾਂ, ਤੂੰ ਸਦੀਆਂ ਤੋਂ ਮੈਨੂੰ ਅਜ਼ਮਾਉਂਦਾ ਆਇਆ ਏਂ. ਉਸਦਾ ਇੱਕ ਸ਼ੇਅਰ ਹੈ ‘ ਰੰਗ ਬਰੰਗੇ ਸੱਜਰੇ ਫੁੱਲ ਸਨ ਇਕੋ ਬਾਗ਼ ਦੇ, ਮੰਦਰੀਂ. ਮਸਜਿਦੀਂ ਤੇ ਕੁਝ ਕਬਰੀਂ ਚੜ੍ਹਾ ਆਈ ਹਾਂ ‘ ਇਸ ਸ਼ੇਅਰ ਦੇ ਅੰਤਰੀਵ ਚ ਪਿਆ ਸਾਂਝੀਵਾਲਤਾ ਦਾ ਸੰਦੇਸ਼ ਕਈ ਕੁਝ ਕਹਿੰਦਾ ਹੈ. ਉਸਦੀ ਸ਼ਾਇਰੀ ਮੁਹੱਬਤ ਨਾਲ ਲਬਰੇਜ਼ ਉਹ ਖ਼ਤ ਹੈ ਜਿਸਨੂੰ ਉਹ ਕਦੀ ਪੜ੍ਹਦੀ ਹੈ, ਕਦੇ ਰੱਖਦੀ ਹੈ. ‘ ਜੋਗੀ ਉੱਤਰ ਪਹਾੜੋਂ ਆਇਆ ‘ ਇਸ ਸੰਗ੍ਰਹਿ ਦੀ ਬਿਹਤਰੀਨ ਕਵਿਤਾ ਹੈ. ਆਪਣੀ ਸਿਰਜਣਾ ਤੇ ਮਾਣ ਕਰਦਿਆਂ ਉਹ ਕਹਿੰਦੀ ਹੈ ਕਿ ਸ਼ਾਇਰੀ ਚ ਦੰਮ ਹੈ ਅੱਖਰ ਵੀ ਕਮਾਲ, ਸਮਝ ਜਾਏਂਗਾ ਜੇ ਸੀਨੇ ਵਿਚ ਦਿਲ ਹੋਇਆ.
ਇਸ ਪੁਸਤਕ ਵਿਚ ਬਹੁਤ ਸਾਰੀਆਂ ਕਾਵਿ ਸਤਰਾਂ ਹਨ ਜਿਹਨਾਂ ਦਾ ਹਵਾਲਾ ਦਿੱਤਾ ਜਾ ਸਕਦਾ ਹੈ. ਛਿਆਨਵੇਂ ਪੰਨਿਆਂ ਦੀ ਇਸ ਪੁਸਤਕ ਵਿਚਲੇ ਕਾਵਿ ਦੀ ਥਾਹ ਪਾਉਣ ਲਈ ਇਸ ਨੂੰ ਇੱਕ ਤੋਂ ਵੱਧ ਵਾਰ ਪੜ੍ਹਨਾ ਪੈਂਦਾ ਹੈ. ਇਹ ਖਿਆਲ ਵੀ ਰੱਖਣਾ ਪੈਂਦਾ ਹੈ ਕਿ ਸੀਨੇ ਵਿਚ ਦਿਲ ਵੀ ਹੈ ਕਿ ਨਹੀਂ.ਇਹ ਪੁਸਤਕ ਸਪਰੈੱਡ ਪਬਲੀਕੇਸ਼ਨ ਰਾਮਪੁਰ ਨੇ ਛਾਪੀ ਹੈ ਅਤੇ ਇਸਦੀ ਕੀਮਤ ਦੋ ਸੌ ਰੁਪਏ ਹੈ.ਛਿੰਦਰ ਕੌਰ ਸਿਰਸਾ ਕੋਲੋਂ ਭਵਿੱਖ ਵਿੱਚ ਹੋਰ ਬਿਹਤਰ ਕਾਵਿ ਦੀ ਸੰਭਾਵਨਾ ਹੈ. ਇਸ ਪੁਸਤਕ ਲਈ ਉਸ ਨੂੰ ਬਹੁਤ ਬਹੁਤ ਮੁਬਾਰਕਾਂ.
ਮਲਵਿੰਦਰ