ਤ੍ਰਿਵੇਣੀ- ਦਮਦਮੀ ਟਕਸਾਲ ਚੌਕ ਮਹਿਤਾ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਧੁੰਮਾਂ ਵਲੋਂ ਦਮਦਮੀ ਟਕਸਾਲ ਦੇ ਹੋਰ ਸਿੰਘਾਂ ਨਾਲ ਮਿਲਕੇ ਕੁੰਭ ਮੇਲੇ ਦੌਰਾਨ ਸਨਾਤਨੀ ਵਿਸ਼ਵਾਸ ਮੁਤਾਬਿਕ ਗੰਗਾ ਇਸ਼ਨਾਨ ਕੀਤਾ। ਇਸ ਸਬੰਧੀ ਵਾਇਰਲ ਇਕ ਵੀਡੀਓ ਵਿਚ ਬਾਬਾ ਹਰਨਾਮ ਸਿੰਘ ਧੁੰਮਾਂ ਕੁਝ ਹੋਰ ਸਨਾਤਨੀ ਸਾਧੂਆਂ ਤੇ ਆਪਣੇ ਸਾਥੀਆਂ ਨਾਲ ਗੰਗਾ ਇਸ਼ਨਾਨ ਲਈ ਜਾਂਦੇ ਹੋਏ ਦਿਖਾਈ ਦਿੰਦੇ ਹਨ। ਉਹਨਾਂ ਦਾ ਸਨਾਤਨੀ ਸਾਧੂਆਂ ਵਲੋਂ ਸਨਮਾਨ ਵੀ ਕੀਤਾ ਜਾਂਦਾ ਹੈ ਤੇ ਗੰਗਾ ਵਿਚ ਡੁਬਕੀ ਲਗਾਉਂਦਿਆਂ ਦੀਆਂ ਤਸਵੀਰਾਂ ਵੀ ਦਿਖਾਈ ਦਿੰਦੀਆਂ ਹਨ। ਸੋਸ਼ਲ ਮੀਡੀਆ ਉਪਰ ਉਹਨਾਂ ਨਾਲ ਗੰਗਾ ਇਸ਼ਨਾਨ ਲਈ ਜਾ ਰਹੇ ਸ਼ਿਵ ਸੈਨਾ ਆਗੂ ਨਿਸ਼ਾਂਤ ਸ਼ਰਮਾ ਦਾ ਜ਼ਿਕਰ ਹੈ ਜਦੋਂਕਿ ਜਾਣਕਾਰ ਸੂਤਰਾਂ ਮੁਤਾਬਿਕ ਉਹਨਾਂ ਨਾਲ ਹਰਿਦੁਆਰ ਦੇ ਉਦਾਸੀ ਸਾਧੂ ਸੰਤ ਦਮੋਦਰ ਦਾਸ ਹਨ। ਸੰਤ ਦਮੋਦਰ ਦਾਸ ਵਲੋਂ ਉਹਨਾਂ ਦੇ ਗੰਗਾ ਇਸ਼ਨਾਨ ਦਾ ਵਿਸ਼ੇਸ਼ ਪ੍ਰਬੰਧ ਕੀਤੇ ਗਏ ਦੱਸੇ ਜਾਂਦੇ ਹਨ।