Headlines

ਸੰਪਾਦਕੀ- ਟਰੰਪ ਦਾ ਵਿਵਹਾਰ ਕੈਨੇਡੀਅਨ ਵਿਸ਼ਵਾਸ ਨੂੰ ਤੋੜਨ ਤੇ ਅਪਮਾਨ ਵਾਲਾ….

-ਸੁਖਵਿੰਦਰ ਸਿੰਘ ਚੋਹਲਾ-

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਇਕ ਚੰਗੇ ਗਵਾਂਢੀ ਤੇ ਸਭ ਤੋਂ ਨੇੜਲੇ ਤੇ ਇਤਿਹਾਸਕ ਸਹਿਯੋਗੀ ਕੈਨੇਡਾ ਸਾਹਮਣੇ ਇਕ ਤਾਨਾਸ਼ਾਹ ਤੇ ਦੁਸ਼ਮਣ ਵਾਂਗ ਖੜੇ ਦਿਖਾਈ ਦੇ ਰਹੇ ਹਨ। ਆਪਣੇ ਰਾਸ਼ਟਰਪਤੀ ਚੁਣੇ ਜਾਣ ਉਪਰੰਤ ਉਸਨੇ ਕੈਨੇਡਾ ਤੇ ਕੈਨੇਡੀਅਨ ਆਗੂਆਂ ਖਿਲਾਫ ਜਿਵੇਂ ਦੀਆਂ ਤਨਜ਼ ਭਰੀਆਂ ਟਿਪਣੀਆਂ ਕਰਦਿਆਂ ਕੈਨੇਡਾ ਨੂੰ ਅਮਰੀਕਾ ਦੀ 51ਵੀਂ ਸਟੇਟ ਬਣਾਉਣ ਅਤੇ ਭਾਰੀ ਟੈਰਿਫ ਲਗਾਉਣ ਦੀਆਂ ਚੇਤਾਵਨੀਆਂ ਦਿੱਤੀਆਂ ਸਨ, ਉਹਨਾਂ ਉਪਰ ਉਸਨੇ ਸੱਚਮੁੱਚ ਅਮਲ ਕਰਨਾ ਆਰੰਭ ਕਰ ਦਿੱਤਾ ਹੈ। ਬੀਤੇ ਦਿਨ ਵਾਈਟ ਹਾਉਸ ਵਲੋਂ ਕੈਨੇਡੀਅਨ ਵਸਤਾਂ ਉਪਰ 25 ਪ੍ਰਤੀਸ਼ਤ ਅਤੇ ਊਰਜਾ ਉਤਪਾਦਾਂ ਉਪਰ 10 ਪ੍ਰਤੀਸ਼ਤ ਟੈਰਿਫ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸਦੇ ਨਾਲ ਹੀ ਮੈਕਸੀਕੋ ਦੀਆਂ ਵਸਤਾਂ ਉਪਰ ਵੀ 25 ਪ੍ਰਤੀਸ਼ਤ ਅਤੇ ਚੀਨ ਦੀਆਂ ਵਸਤਾਂ ਉਪਰ 10 ਪ੍ਰਤੀਸ਼ਤ ਟੈਰਿਫ ਲਗਾਉਣ ਦੇ ਫੁਰਮਾਨ ਜਾਰੀ ਕੀਤੇ ਹਨ। ਰਾਸ਼ਟਰਪਤੀ ਜਿਸ ਚੀਨ ਵਰਗੇ ਮੁਲਕ ਉਪਰ ਸਭ ਤੋਂ ਵੱਧ 60 ਪ੍ਰਤੀਸ਼ਤ ਟੈਰਿਫ ਲਗਾਉਣ ਦੀ ਗੱਲ ਕਰਦੇ ਸਨ, ਉਸ ਉਪਰ ਤਾਂ 10 ਪ੍ਰਤੀਸ਼ਤ ਟੈਰਿਫ ਲਗਾਇਆ ਗਿਆ ਹੈ ਜਦੋਂਕਿ ਆਪਣੇ ਸਭ ਤੋਂ ਨੇੜਲੇ ਭਾਈਵਾਲ ਕੈਨੇਡਾ ਉਪਰ 25 ਪ੍ਰਤੀਸ਼ਤ ਟੈਰਿਫ ਲਗਾਕੇ ਇਕ ਤਰਾਂ ਦੀ ਵਪਾਰਕ ਜੰਗ ਦਾ ਐਲਾਨ ਕਰ ਦਿੱਤਾ ਹੈ। ਟਰੰਪ ਨੇ ਇਹ ਸਭ ਕੈਨੇਡਾ ਵਲੋਂ ਗੈਰ ਕਨੂੰਨੀ ਪ੍ਰਵਾਸ ਅਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਨੂੰ ਰੋਕਣ ਵਿਚ ਅਸਫਲ ਰਹਿਣ ਦੀ ਸਜ਼ਾ ਲਗਾਉਣ ਵਜੋਂ ਕਰਨ ਦਾ ਦਾਅਵਾ ਕੀਤਾ ਹੈ। ਜਦੋਂਕਿ ਸੱਚਾਈ ਇਹ ਹੈ ਕਿ ਇਹਨਾਂ ਸਮੱਸਿਆਵਾਂ ਲਈ ਕੈਨੇਡਾ ਇਕੱਲਾ ਜ਼ਿੰਮੇਵਾਰ ਨਹੀ ਹੈ। ਦੋਵਾਂ ਮੁਲਕਾਂ ਵਿਚਾਲੇ ਇਕ ਲੰਬੀ ਸਰਹੱਦ ਉਪਰ ਸੁਰੱਖਿਆ ਬੰਦੋਬਸਤ ਵਿਚ ਖਾਮੀਆਂ ਹੋ ਸਕਦੀਆਂ ਹਨ ਪਰ ਸਰਹੱਦ ਉਪਰ ਸੁਰੱਖਿਆ ਦੀ ਜ਼ਿੰਮੇਵਾਰੀ ਬਰਾਬਰ ਦੀ ਹੈ। ਅਮਰੀਕਾ ਵਿਚ ਗੈਰ ਕਨੂੰਨੀ ਪਰਵਾਸ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਾਂ ਅਪਰਾਧ ਦਰ ਵਿਚ ਵਾਧੇ ਦੀ ਰੋਕਥਾਮ ਲਈ ਖਰਚੇ ਨੂੰ ਟੈਕਸ ਰੂਪ ਵਿਚ ਕਿਸੇ ਗਵਾਂਡੀ ਮੁਲਕ ਉਪਰ ਥੋਪ ਦੇਣਾ ਤਰਕਪੂਰਣ ਨਹੀਂ। ਰਾਸ਼ਟਰਪਤੀ ਟਰੰਪ ਵਲੋਂ ਆਪਣੀ ਕਿਸੇ ਨਿੱਜੀ ਸਿਆਸੀ ਰੰਜਿਸ਼ ਨੂੰ ਮੁਲਕ ਦੀ ਲੜਾਈ ਬਣਾਕੇ ਪੇਸ਼ ਕਰਨ ਦਾ ਨਤੀਜਾ ਦੁਸ਼ਵਾਰੀਆਂ ਤੋਂ ਸਿਵਾਏ ਕੁਝ ਨਹੀ ਹੋਵੇਗਾ। ਕੈਨੇਡਾ ਪ੍ਰਤੀ ਉਹਨਾਂ ਦੇ ਇਸ ਵਿਵਹਾਰ ਨੇ ਵਿਸ਼ਵ ਰਾਜਨੀਤੀ ਦੀਆਂ ਉਹਨਾਂ ਮਾਨਤਾਵਾਂ ਨੂੰ ਝੂਠਾ ਪਾ ਦਿੱਤਾ ਹੈ ਜਿਥੇ ਇਹ ਸਮਝਿਆ ਜਾਂਦਾ ਸੀ ਕਿ ਅਮਰੀਕਾ-ਕੈਨੇਡਾ ਹਮੇਸ਼ਾ ਇਕ ਦੂਸਰੇ ਦੇ ਸਹਿਯੋਗੀ ਤੇ ਪੂਰਕ ਹਨ। ਜਿਥੇ ਕੈਨੇਡਾ ਨੇ ਅਮਰੀਕੀ ਨੀਤੀਆਂ ਦਾ ਅਨੁਸਰਣ ਕਰਦਿਆਂ ਉਸ ਵਲੋਂ ਸਹੇੜੀ ਜਾਂ ਸ਼ੁਰੂ ਕੀਤੀ ਹਰ ਜੰਗ ਵਿਚ ਉਸਦਾ ਸਾਥਾ ਦਿੱਤਾ ਤੇ ਆਪਣੇ ਜਵਾਨਾਂ ਦੀ ਅਹੂਤੀ ਦੇਣ ਤੋਂ ਵੀ ਝਿਜਕ ਨਹੀ ਵਿਖਾਈ। ਵਿਸ਼ਵ ਟਰੇਡ ਸੈਂਟਰ ਤੇ ਹਮਲੇ ਦੇ ਬਦਲੇ ਲਈ ਦੋ ਦਹਾਕੇ ਅਫਗਾਨਿਸਤਾਨ ਵਿਚ ਅਮਰੀਕੀ ਫੌਜਾਂ ਦਾ 40 ਹਜ਼ਾਰ ਤੋਂ ਉਪਰ ਕੈਨੇਡੀਅਨ ਸੈਨਿਕਾਂ ਨੇ ਸਾਥ ਦਿੱਤਾ ਤੇ 158 ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ। ਟਰੰਪ ਦਾ ਕੈਨੇਡਾ ਪ੍ਰਤੀ ਕੁਸੈਲਾ ਵਿਵਹਾਰ ਇਕ ਵਿਸ਼ਵਾਸ ਨੂੰ ਤੋੜਨ ਤੇ ਕੈਨੇਡੀਅਨਾਂ ਦੀ ਅਮਰੀਕਾ ਖਾਤਰ ਕੀਤੀਆਂ ਕੁਰਬਾਨੀਆਂ ਨੂੰ ਵੀ ਘੱਟੇ ਮਿਲਾਉਣ ਤੇ ਅਪਮਾਨ ਵਾਲਾ ਹੈ।  

ਵਿਸ਼ਵ ਰਾਜਨੀਤੀ ਤੋਂ ਇਲਾਵਾ ਕੈਨੇਡਾ, ਅਮਰੀਕਾ ਦਾ ਅਜਿਹਾ ਵਪਾਰਕ ਭਾਈਵਾਲ ਹੈ ਜੋ ਦੁਨੀਆ ਦੇ ਹੋਰ ਵੱਡੇ ਮੁਲਕਾਂ ਚੀਨ, ਜਾਪਾਨ, ਫਰਾਂਸ ਜਾਂ ਯੂਕੇ ਨਾਲੋਂ ਸਭ ਤੋਂ ਵੱਧ ਅਮਰੀਕੀ ਵਸਤਾਂ ਦੀ ਖਰੀਦ ਕਰਦਾ ਹੈ। ਬਦਲੇ ਵਿਚ ਕੈਨੇਡਾ ਵਲੋਂ ਅਮਰੀਕਾ ਨੂੰ ਕਈ ਤਰਾਂ ਦੇ ਖਣਿਜ ਜਿਹਨਾਂ ਵਿਚ ਐਲੂਮੀਨੀਅਮ,ਯੂਰੇਨੀਅਮ. ਐਨਰਜੀ ਉਤਪਾਦ ਅਤੇ ਮੋਟਾ ਆਨਾਜ ਵੀ ਸ਼ਾਮਿਲ ਹੈ, ਅਮਰੀਕਾ ਨੂੰ ਸਪਲਾਈ ਹੁੰਦੇ ਹਨ।  ਟਰੰਪ ਵਲੋਂ ਕੈਨੇਡੀਅਨ ਵਸਤਾਂ ਉਪਰ ਭਾਰੀ ਭਰਕਮ ਟੈਰਿਫ ਲਗਾਉਣ ਦਾ ਅਰਥ ਹੈ ਕਿ ਕੈਨੇਡਾ ਵੀ ਬਦਲੇ ਵਿਚ ਟੈਰਿਫ ਦਰਾਂ ਵਧਾ ਸਕਦਾ ਹੈ। ਇਸਦਾ ਸਿੱਧ ਅਸਰ ਦੋਵਾਂ ਮੁਲਕਾਂ ਦੇ ਖਪਤਕਾਰਾਂ ਉਪਰ ਪਵੇਗਾ। ਭਾਵ ਕੀਮਤਾਂ ਵਿਚ ਵਾਧਾ ਹੋਵੇਗਾ, ਮਹਿੰਗਾਈ ਵਧੇਗੀ।

ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ ਵਲੋਂ ਕੈਨੇਡਾ ਦੀਆਂ ਵਸਤਾਂ ਉਪਰ 25 ਪ੍ਰਤੀਸ਼ਤ ਟੈਰਿਫ ਲਗਾਉਣ ਨਾਲ ਕੈਨੇਡਾ ਦੀ ਜੀਡੀਪੀ 2.6 ਪ੍ਰਤੀਸ਼ਤ ਤੱਕ ਸੁੰਗੜ ਸਕਦੀ ਹੈ ਅਤੇ ਕੈਨੇਡੀਅਨ ਪਰਿਵਾਰਾਂ ਦੇ ਸਾਲਾਨਾ ਖਰਚੇ ਵਿਚ ਔਸਤਨ 1,900 ਡਾਲਰ ਦਾ ਵਾਧਾ ਹੋਣ ਦਾ ਅਨੁਮਾਨ ਹੈ ਜਦੋਂਕਿ ਅਮਰੀਕਾ ਦੀ ਜੀਡੀਪੀ ਉਪਰ ਇਸਦਾ 1.6 ਪ੍ਰਤੀਸ਼ਤ ਤੱਕ ਅਸਰ ਹੋ ਸਕਦਾ ਜਿਸਦਾ ਅਰਥ ਹੈ ਕਿ ਅਮਰੀਕਨ ਪਰਿਵਾਰਾਂ ਨੂੰ ਔਸਤਨ ਸਾਲਾਨਾ 1300 ਡਾਲਰ ਦਾ ਨੁਕਸਾਨ ਹੋ ਸਕਦਾ ਹੈ।  

ਕੈਨੇਡੀਅਨ ਚੈਂਬਰ ਆਫ਼ ਕਾਮਰਸ ਦੀ ਇਕ ਰਿਪੋਰਟ ਮੁਤਾਬਿਕ ਰੋਜ਼ਾਨਾ ਅਧਾਰ ਤੇ  3.6 ਬਿਲੀਅਨ ਡਾਲਰ ਵਸਤੂਆਂ ਅਤੇ ਸੇਵਾਵਾਂ ਦਾ ਕੈਨੇਡਾ ਅਤੇ ਅਮਰੀਕਾ ਵਿਚਾਲੇ ਆਦਾਨ ਪ੍ਰਦਾਨ ਹੁੰਦਾ ਹੈ, ਜਿਸ ਨਾਲ 1.3 ਟ੍ਰਿਲੀਅਨ ਡਾਲਰ ਸਾਲਾਨਾ ਵਪਾਰਕ ਸਬੰਧ ਬਣਦੇ ਹਨ ਜੋ ਕਿ ਸਰਹੱਦ ਦੇ ਦੋਵੇਂ ਪਾਸੇ ਲੱਖਾਂ ਨੂੰ ਰੁਜ਼ਗਾਰ ਦਿੰਦੇ ਹਨ। ਵੱਡੀ ਗੱਲ ਇਹ ਹੈ ਕਿ ਟਰੰਪ ਨੇ ਕੈਨੇਡੀਅਨ ਊਰਜਾ ਉਤਪਾਦਾਂ ਉਪਰ ਵੀ  ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ ਜਦੋਂਕਿ ਕੈਨੇਡਾ, ਅਮਰੀਕਾ ਨੂੰ ਊਰਜਾ ਦਾ ਨੰਬਰ ਇਕ ਸਪਲਾਇਰ ਹੈ, ਜੋ ਕਿ ਯੂ.ਐਸ. ਕੁਦਰਤੀ ਗੈਸ ਆਯਾਤ ਦਾ 99 ਪ੍ਰਤੀਸ਼ਤ, ਯੂ.ਐਸ. ਬਿਜਲੀ ਦਰਾਮਦ ਦਾ 85 ਪ੍ਰਤੀਸ਼ਤ, ਅਤੇ ਯੂ.ਐਸ. ਕੱਚੇ ਤੇਲ ਦਾ 60 ਪ੍ਰਤੀਸ਼ਤ ਸਪਲਾਈ ਕਰਦਾ ਹੈ।

ਕੈਨੇਡੀਅਨ ਊਰਜਾ ਉਪਰ 10 ਪ੍ਰਤੀਸ਼ਤ ਟੈਰਿਫ ਦਾ ਭਾਵ ਇਹ ਹੈ ਕਿ ਅਮਰੀਕੀ ਕੰਪਨੀਆਂ ਨੂੰ ਵਧੇਰੇ ਅਦਾਇਗੀ ਕਰਨੀ ਹੋਵੇਗੀ । ਕੈਨੇਡੀਅਨ ਊਰਜਾ ਉਤਪਾਦ ਅਜਿਹੇ ਹਨ ਜਿਹਨਾਂ ਦਾ ਬਦਲ ਕੋਈ ਸੌਖਾ ਨਹੀਂ। ਅਲਬਰਟਾ ਦਾ ਕੱਚਾ ਤੇਲ ਤੇ ਗੈਸ ਖਰੀਦਣ ਵਾਲੀਆਂ ਅਮਰੀਕਨ ਕੰਪਨੀਆਂ ਨੂੰ ਦਰਾਮਦਾਂ ਉਪਰ ਵਧੇਰੇ ਅਦਾਇਗੀ ਕਰਨ ਨਾਲ ਅਮਰੀਕੀ ਖਪਤਕਾਰਾਂ ਉਪਰ ਇਸਦਾ ਅਸਰ ਲਾਜ਼ਮੀ ਹੈ। ਪਰ ਇਥੇ ਰਾਸ਼ਟਰਪਤੀ ਟਰੰਪ ਨੇ ਅਮਰੀਕਨ ਕੰਪਨੀਆਂ ਦਾ ਕੁਝ ਬਚਾਅ ਕਰਨ ਦਾ ਯਤਨ ਕਰਦਿਆਂ ਐਨਰਜੀ ਉਤਪਾਦਾਂ ਉਪਰ ਟੈਰਿਫ 10 ਪ੍ਰਤੀਸ਼ਤ ਰੱਖਿਆ  ਹੈ ਜਦੋਂਕਿ ਬਾਕੀ ਵਸਤਾਂ ਤੇ 25 ਪ੍ਰਤੀਸ਼ਤ। ਆਰਥਿਕ ਮਾਹਿਰਾਂ ਮੁਤਾਬਿਕ ਟਰੰਪ ਟੈਰਿਫ ਕਾਰਣ ਯੂ ਐਸ ਗੈਸ ਦੀਆਂ ਕੀਮਤਾਂ ਪ੍ਰਤੀ ਗੈਲਨ ਲਗਭਗ 75 ਸੈਂਟ ਵੱਧ ਸਕਦੀਆਂ ਹਨ। ਕੁਝ ਯੂ ਐਸ ਮਿਡਵੈਸਟ ਰਿਫਾਇਨਰੀਆਂ ਪੂਰੀ ਤਰ੍ਹਾਂ ਅਲਬਰਟਾ ਤੋਂ  ਕੱਚੇ ਤੇਲ ਤੇ ਨਿਰਭਰ ਹਨ । ਇਸ ਨਾਲ ਬਿਜਲੀ ਦੀਆਂ ਦਰਾਂ ਵੀ ਚੜ ਸਕਦੀਆਂ ਹਨ ਕਿਉਂਕਿ ਬਹੁਤ ਸਾਰੇ ਅਮਰੀਕੀ ਰਾਜ ਲੱਖਾਂ ਅਮਰੀਕੀ ਘਰਾਂ ਵਿੱਚ ਲਾਈਟਾਂ ਨੂੰ ਚਾਲੂ ਰੱਖਣ ਲਈ ਬੀ ਸੀ, ਓਨਟਾਰੀਓ ਅਤੇ ਕਿਊਬਿਕ ਵਰਗੇ ਊਰਜਾ ਨਾਲ ਭਰਪੂਰ ਪ੍ਰਾਂਤਾਂ ਤੋਂ ਬਿਜਲੀ ਤੇ ਨਿਰਭਰ ਕਰਦੇ ਹਨ। ਕਿਸਾਨ ਸਸਕੈਚਵਨ ਪੋਟਾਸ਼ ਲਈ ਉੱਚੀਆਂ ਕੀਮਤਾਂ ਦਾ ਪ੍ਰਭਾਵ ਵੀ ਝੱਲ ਸਕਦੇ ਹਨ, ਜੋ ਖੇਤੀਬਾੜੀ ਵਿੱਚ ਵਰਤੀਆਂ ਜਾਣ ਵਾਲੀਆਂ ਖਾਦਾਂ ਵਿੱਚ ਇੱਕ ਮਹੱਤਵਪੂਰਨ ਤੱਤ ਹੈ। ਸਟੀਲ ਨਿਰਮਾਤਾ ਕਿਊਬਿਕ ਐਲੂਮੀਨੀਅਮ ਦੀ ਪ੍ਰਾਪਤੀ ਵਿਚ ਔਖ ਮਹਿਸੂਸ ਕਰ ਸਕਦੇ ਹਨ ਜੋ ਕਿ ਅਮਰੀਕਾ ਦੁਆਰਾ ਵੱਡੇ ਪੱਧਰ ਤੇ ਵਰਤਿਆ ਜਾਂਦਾ ਹੈਕੈਨੇਡੀਅਨ ਲੱਕੜ, ਯੂ ਐਸ ਹੋਮ ਬਿਲਡਰਾਂ ਦੀ ਪਹਿਲੀ ਪਸੰਦ ਹੈ, ਦੀਆਂ ਕੀਮਤਾਂ ਵਧਣ ਨਾਲ ਅਮਰੀਕਾ ਵਿਚ ਘਰਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋ ਸਕਦਾ ਹੈ।

ਅੰਕੜੇ ਦਸਦੇ ਹਨ ਕਿ ਟਰੰਪ ਟੈਰਿਫ ਨਾਲ ਜੇ ਕੈਨੇਡੀਅਨ ਅਰਥ ਵਿਵਸਥਾ ਦਾ ਨੁਕਸਾਨ ਹੁੰਦਾ ਹੈ ਤਾਂ ਅਜਿਹਾ ਨਹੀ ਕਿ ਅਮਰੀਕੀ ਅਰਥ ਵਿਵਸਥਾ ਉਪਰ ਇਸਦਾ ਕੋਈ ਅਸਰ ਨਹੀ ਹੋਵੇਗਾ। ਲਾਜ਼ਮੀ ਹੈ ਕਿ ਅਮਰੀਕੀ ਲੋਕਾਂ ਨੂੰ ਵੀ ਟਰੰਪ ਟੈਰਿਫ ਦਾ ਸੇਕ ਝਲਣਾ ਪਵੇਗਾ। ਇਸੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਅਮਰੀਕੀ ਰਾਸ਼ਟਰਪਤੀ ਵਲੋਂ ਕੈਨੇਡੀਅਨ ਵਸਤਾਂ ਉਪਰ ਭਾਰੀ ਟੈਕਸ ਲਗਾਏ ਜਾਣ ਦੇ ਜਵਾਬ ਵਿਚ ਅਮਰੀਕੀ ਵਸਤਾਂ ਉਪਰ ਵੀ ਬਰਾਬਰ ਦਾ ਟੈਕਸ ਲਗਾਉਣ ਦਾ ਐਲਾਨ ਕਰਦਿਆਂ ਆਪਣੇ ਲੋਕਾਂ ਨੂੰ ਇਸ ਬਿਪਤਾ ਦੀ ਘੜੀ ਕੈਨੇਡਾ ਨਾਲ ਖੜਨ ਦਾ ਸੱਦਾ ਦਿੱਤਾ ਹੈ। ਉਹਨਾਂ ਇਹ ਵੀ ਸਪੱਸ਼ਟ ਕੀਤਾ ਹੈ ਕਿ ਟਰੰਪ ਵਲੋਂ ਕੈਨੇਡੀਅਨ ਜਵਾਬ ਵਿਚ ਟੈਕਸ ਡਬਲ ਕੀਤੇ ਜਾਣ ਦੀ ਧਮਕੀ ਤੋਂ ਉਹ ਡਰਨ ਵਾਲੇ ਨਹੀਂ ਬਲਕਿ ਕੈਨੇਡਾ ਤੇ ਕੈਨੇਡੀਅਨ ਹਿੱਤਾਂ ਲਈ ਜੋ ਵੀ ਕਰਨਾ ਪਿਆ, ਉਹ ਕਰਨਗੇ। ਉਹਨਾਂ ਆਪਣੇ ਲੋਕਾਂ ਨੂੰ ਕੇਵਲ ਕੈਨੇਡੀਅਨ ਵਸਤਾਂ ਖਰੀਦਣ ਦਾ ਸੱਦਾ ਦਿੰਦਿਆਂ ਟਰੰਪ ਵਲੋਂ ਕੈਨੇਡੀਅਨ ਆਰਥਿਕਤਾ ਉਪਰ ਹਮਲੇ ਖਿਲਾਫ ਇਕਮੁੱਠ ਹੋਣ ਦਾ ਸੱਦਾ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਵਲੋਂ ਲਗਾਏ ਗਏ ਭਾਰੀ ਭਰਕਮ ਟੈਕਸ ਦੇ ਖਿਲਾਫ ਕੈਨੇਡੀਅਨ ਜਵਾਬ ਤੋਂ ਸਪੱਸ਼ਟ ਹੈ ਕਿ ਦੋਵਾਂ ਮਿੱਤਰ ਮੁਲਕਾਂ ਵਿਚਾਲੇ ਵਪਾਰਕ ਜੰਗ ਸ਼ੁਰੂ ਹੋ ਚੁੱਕੀ ਹੈ। ਇਸ ਵਪਾਰਕ ਜੰਗ ਦਾ ਅੰਤ ਜੋ ਵੀ ਹੋਵੇ ਪਰ ਇਹ ਜ਼ਰੂਰ ਹੈ ਕਿ ਟਰੰਪ ਟੈਰਿਫ ਨੇ ਕੈਨੇਡਾ ਨੂੰ ਨਿਰਮਾਣ ਖੇਤਰ ਵਿਚ ਆਤਮ ਨਿਰਭਰ ਹੋਣ ਅਤੇ ਆਪਣੀਆਂ ਸਰਹੱਦਾਂ ਦੀ ਰਾਖੀ ਦੇ ਸਮਰੱਥ ਹੋਣ ਲਈ ਵੀ ਹਲੂਣਿਆ ਹੈ।

Leave a Reply

Your email address will not be published. Required fields are marked *