ਸਰੀ ( ਪ੍ਰਭਜੋਤ ਕਾਹਲੋਂ)- ਸਰੀ ਦੀ ਮੇਅਰ ਬਰੈਂਡਾ ਲੌਕ ਨੇ ਇਥੇ ਜਾਰੀ ਇਕ ਬਿਆਨ ਵਿਚ ਬੀਸੀ ਵਾਸੀਆਂ ਨੂੰ ਅਮਰੀਕੀ ਟੈਰਿਫ ਤੋਂ ਰਾਹਤ ਲਈ ਪ੍ਰੀਮੀਅਰ ਡੇਵਿਡ ਈਬੀ ਤੋਂ ਬੀਸੀ ਵਸਤਾਂ ਉਪਰ ਪੀ ਐਸ ਟੀ ਅਤੇ ਗੈਸ ਟੈਕਸ ਵਿੱਚ ਤੁਰੰਤ ਕਟੌਤੀ ਕਰਨ ਦੀ ਮੰਗ ਕੀਤੀ ਹੈ।
ਆਪਣੇ ਬਿਆਨ ਵਿਚ ਉਹਨਾਂ ਕਿਹਾ ਕਿ ਮੈਂ ਜਾਣਦੀ ਹਾਂ ਕਿ ਪ੍ਰੀਮੀਅਰ ਈਬੀ ਨੇ ਇਨ੍ਹਾਂ ਟੈਰਿਫਾਂ ਨੂੰ “ਪੂਰੀ ਤਰਾਂ ਵਿਸ਼ਵਾਸਘਾਤ” ਕਰਾਰ ਦਿੰਦਿਆਂ ਬੀਸੀ ਵਿੱਚ ਕੁੱਝ ਅਮਰੀਕੀ ਸ਼ਰਾਬ ਦੀ ਦਰਾਮਦ ਨੂੰ ਰੋਕਣ ਦਾ ਐਲਾਨ ਕੀਤਾ ਹੈ। ਸਾਡੇ ਲੰਬੇ ਸਮੇਂ ਤੋਂ ਚੱਲ ਰਹੇ ਸੋਫਟਵੁਡ ਲੰਬਰ ਵਿਵਾਦ ਬਾਰੇ ਪ੍ਰੀਮੀਅਰ ਦੀਆਂ ਚਿੰਤਾਵਾਂ ਨਾਲ ਵੀ ਮੈਂ ਸਹਿਮਤ ਹਾਂ, ਜਿੱਥੇ ਸਾਡਾ ਸਾਰਾ ਭਾਈਚਾਰਾ ਸਥਿਰ ਜੰਗਲਾਤ ਖੇਤਰ(forestry sector) ‘ਤੇ ਨਿਰਭਰ ਕਰਦਾ ਹੈ। ਬੀਸੀ ਦੇ ਆਰਥਿਕ ਹਿੱਤਾਂ ਦੀ ਰਾਖੀ ਕਰਨ ਅਤੇ ਫੈਡਰਲ ਸਰਕਾਰ ਦੇ ਸਹਿਯੋਗ ਨਾਲ ਸੂਬਾਈ ਹਿੱਤਾਂ ਲਈ ਚੁੱਕੇ ਜਾ ਰਹੇ ਕਦਮਾਂ ਲਈ ਮੈਂ ਪ੍ਰੀਮੀਅਰ ਈਬੀ ਦਾ ਧੰਨਵਾਦ ਕਰਦੀ ਹਾਂ। ਪਰ, ਬ੍ਰਿਟਿਸ਼ ਕੋਲੰਬੀਆ ਕੈਨੇਡਾ ਵਿਚ ਸਭ ਤੋਂ ਵੱਧ ਟੈਕਸਾਂ ਦਾ ਘਰ ਹੈ, ਜੋ ਸਾਡੇ ਵਸਨੀਕਾਂ ‘ਤੇ ਵੱਡਾ ਬੋਝ ਹੈ । ਇਹੀ ਕਾਰਨ ਹੈ ਕਿ ਮੈਂ ਪ੍ਰੀਮੀਅਰ ਈਬੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ, ਉਹ ਟੈਕਸ ਵਿੱਚ ਕਟੌਤੀ ਅਤੇ ਇੱਕ ਵਿਆਪਕ ਰਾਹਤ ਪੈਕੇਜ ਲਾਗੂ ਕਰਨ, ਜਿਵੇਂ ਕਿ ਕੋਵਿਡ -19 ਮਹਾਂਮਾਰੀ ਦੌਰਾਨ ਪੇਸ਼ ਕੀਤਾ ਗਿਆ ਸੀ, ਤਾਂ ਜੋ ਸਰੀ ਦੇ ਨਾਗਰਿਕਾਂ ਅਤੇ ਸਾਰੇ ਬੀਸੀ ਵਾਸੀਆਂ ਲਈ ਟੈਰਿਫ਼ ਤੋਂ ਪ੍ਰਭਾਵਿਤ ਕਾਰੋਬਾਰਾਂ ਅਤੇ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਸਕੇ।
ਅਮਰੀਕੀ ਟੈਰਿਫ ਦੀ ਸ਼ੁਰੂਆਤ ਮਹੱਤਵਪੂਰਨ ਸਪਲਾਈ ਚੇਨ ਨੂੰ ਵਿਗਾੜ ਦੇਵੇਗੀ, ਹਜ਼ਾਰਾਂ ਨੌਕਰੀਆਂ ਨੂੰ ਪ੍ਰਭਾਵਤ ਕਰੇਗੀ, ਅਤੇ ਸੈਂਕੜੇ ਸਥਾਨਕ ਨੌਕਰੀਆਂ ਨੂੰ ਖ਼ਤਰੇ ਵਿੱਚ ਪਾ ਦੇਵੇਗੀ। ਪੱਛਮੀ ਕੈਨੇਡਾ ਵਿੱਚ ਸਭ ਤੋਂ ਵੱਡਾ ਸਰਹੱਦੀ ਲਾਂਘਾ ਸਰੀ ਰਾਹੀਂ ਹੋਣ ਕਾਰਨ, ਅਸੀਂ ਵਿਲੱਖਣ ਅਤੇ ਨਾਜ਼ੁਕ ਸਥਿਤੀ ਵਿੱਚ ਹਾਂ। ਸਾਡੇ ਅੰਕੜੇ ਦਰਸਾਉਂਦੇ ਹਨ ਕਿ ਸਰੀ ਦੇ 20٪ ਤੋਂ ਵੱਧ ਕਾਰੋਬਾਰਾਂ ਦੇ ਅਮਰੀਕਾ ਨਾਲ ਸਿੱਧੇ ਵਪਾਰਕ ਸਬੰਧ ਹਨ, ਜੋ ਸਾਲਾਨਾ ਸਰਹੱਦ ਪਾਰ ਵਪਾਰ ਵਿੱਚ ਲਗਭਗ 2.8 ਬਿਲੀਅਨ ਡਾਲਰ ਦੀ ਨੁਮਾਇੰਦਗੀ ਕਰਦੇ ਹਨ।
ਬਾਰਡਰ ਮੇਅਰਜ਼ ਅਲਾਇੰਸ ਵਜੋਂ, ਮੇਰਾ ਮੰਨਣਾ ਹੈ ਕਿ ਸਰਹੱਦੀ ਸ਼ਹਿਰਾਂ ਨੂੰ ਸਭ ਤੋਂ ਪਹਿਲਾਂ ਅਤੇ ਵੱਧ ਨੁਕਸਾਨ ਹੋਵੇਗਾ, ਪਰ ਅਸਲੀਅਤ ਇਹ ਹੈ ਕਿ ਇਨ੍ਹਾਂ ਟੈਰਿਫਾਂ ਦਾ ਪ੍ਰਭਾਵ ਹਰ ਕੈਨੇਡੀਅਨ ਭਾਈਚਾਰੇ ਨੂੰ ਕੁਚਲ ਦੇਵੇਗਾ। ਇਸ ਲਈ, ਮੈਂ ਆਪਣੇ ਵਸਨੀਕਾਂ ਦੀ ਸਹਾਇਤਾ ਕਰਨ ਅਤੇ “ਕੈਨੇਡਾ ਫ਼ਸਟ” ਪਹਿਲ ਕਦਮੀ ਨੂੰ ਉਤਸ਼ਾਹਿਤ ਕਰਨ ਲਈ ਹੋਰ ਬੀ.ਸੀ. ਸ਼ਹਿਰਾਂ ਨਾਲ ਕੰਮ ਕਰਾਂਗੀ ਤਾਂ ਜੋ ਹਰ ਕੋਈ ਕੈਨੇਡੀਅਨ ਉਤਪਾਦਾਂ ਅਤੇ ਕਾਰੋਬਾਰਾਂ ਨੂੰ ਤਰਜੀਹ ਦੇਵੇ । ਅਸੀਂ ਇਨ੍ਹਾਂ ਟੈਰਿਫਾਂ ਦਾ ਮੁਕਾਬਲਾ ਕਰਨ ਲਈ ਮਿਲ ਕੇ ਕੰਮ ਕਰਾਂਗੇ, ਮੇਰਾ ਵਿਸ਼ਵਾਸ ਹੈ ਕਿ ਸਾਡੀ ਮੁਹਾਰਤ ਅਤੇ ਸਰੋਤਾਂ ਨਾਲ ਅਸੀਂ ਆਪਣੇ ਭਾਈਚਾਰੇ ਲਈ ਵਧੇਰੇ ਪ੍ਰਭਾਵਸ਼ਾਲੀ ਕਦਮ ਚੁੱਕ ਸਕਾਂਗੇ।
ਮੈਂ ਸਰੀ ਦੇ ਮਹੱਤਵਪੂਰਨ ਹਿੱਸੇਦਾਰਾਂ ਤੱਕ ਸਰਗਰਮੀ ਨਾਲ ਪਹੁੰਚ ਕਰ ਰਹੀ ਹਾਂ, ਜਿਸ ਵਿੱਚ ਕਲੋਵਰਡੇਲ ਡਿਸਟ੍ਰਿਕਟ ਚੈਂਬਰ ਆਫ਼ ਕਾਮਰਸ, ਸਰੀ ਬੋਰਡ ਆਫ਼ ਟਰੇਡ ਅਤੇ ਬੀਸੀ ਟਰੱਕਿੰਗ ਐਸੋਸੀਏਸ਼ਨ ਸ਼ਾਮਲ ਹਨ। ਅਸੀਂ ਸਰੀ ਦੇ ਹਰ ਪੱਖ ਤੇ ਨਜ਼ਰਸਾਨੀ ਕਰ, ਪ੍ਰਭਾਵਤ ਖੇਤਰਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਾਂਗੇ, ਨਿਰਯਾਤ ਦੀ ਮਾਤਰਾ ਵਿੱਚ ਤਬਦੀਲੀਆਂ, ਨੌਕਰੀ ਦੇ ਅੰਕੜਿਆਂ ਅਤੇ ਹੋਰ ਬਹੁਤ ਕੁੱਝ ‘ਤੇ ਧਿਆਨ ਕੇਂਦਰਿਤ ਕਰਾਂਗੇ । ਉਹਨਾਂ ਹੋਰ ਕਿਹਾ ਕਿ ਸਾਡੀ ਆਰਥਿਕਤਾ, ਕਾਰੋਬਾਰਾਂ ਅਤੇ ਪਰਿਵਾਰਾਂ ਤੇ ਮੰਡਰਾ ਰਹੇ ਖ਼ਤਰਿਆਂ ਨੂੰ ਦੂਰ ਕਰਨ ਲਈ ਰਲ ਕੇ ਕਾਰਵਾਈ ਕਰਨ ਦੀ ਲੋੜ ਹੈ।