Headlines

ਅਮਰੀਕੀ ਫੌਜੀ ਜਹਾਜ਼ ਡਿਪੋਰਟ ਕੀਤੇ ਗੈਰ ਕਨੂੰਨੀ 104 ਪ੍ਰਵਾਸੀਆਂ ਨੂੰ ਲੈਕੇ ਅੰਮ੍ਰਿਤਸਰ ਪੁੱਜਾ

ਅੰਮ੍ਰਿਤਸਰ ( ਭੰਗੂ, ਲਾਂਬਾ )-ਰਾਸ਼ਟਰਪਤੀ ਟਰੰਪ ਵਲੋਂ ਗੈਰ ਕਨੂੰਨੀ ਪਰਵਾਸੀਆਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਤਹਿਤ ਅਮਰੀਕਾ ਵਲੋਂ ਭਾਰਤ ਦੇ ਡਿਪੋਰਟ ਕੀਤੇ 104 ਗੈਰ ਕਨੂੰਨੀ ਪਰਵਾਸੀਆਂ ਨਾਲ ਭਰਿਆ ਅਮਰੀਕੀ ਫੌਜ ਜਹਾਜ਼ ਬੀਤੇ ਦਿਨ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਪੁੱਜਾ। ਇਨ੍ਹਾਂ ਵਿਚੋਂ 30 ਡਿਪੋਰਟੀ ਪੰਜਾਬ, 33-33 ਹਰਿਆਣਾ ਤੇ ਗੁਜਰਾਤ, ਤਿੰਨ-ਤਿੰਨ ਮਹਾਰਾਸ਼ਟਰ ਤੇ ਯੂਪੀ ਅਤੇ ਦੋ ਚੰਡੀਗੜ੍ਹ ਨਾਲ ਸਬੰਧਤ ਹਨ। ਇਸ ਤੋਂ ਪਹਿਲਾਂ ਦਾਅਵਾ ਕੀਤਾ ਗਿਆ ਸੀ ਕਿ ਅਮਰੀਕੀ ਫੌਜੀ ਮਾਲਵਾਹਕ ਸੀ-17 ਜਹਾਜ਼ 205 ਗੈਰਕਾਨੂੰਨੀ ਪਰਵਾਸੀਆਂ ਨੂੰ ਵਾਪਸ ਲੈ ਕੇ ਆ ਰਿਹਾ ਹੈ। ਭਾਰਤੀ ਨਾਗਰਿਕਾਂ ਨੂੰ ਮੰਗਲਵਾਰ ਨੂੰ ਟੈਕਸਸ ਦੇ ਸਾਂ ਐਨਟੋਨੀਓ ਤੋਂ ਸੀ-17 ਜਹਾਜ਼ ਰਾਹੀਂ ਭਾਰਤ ਡਿਪੋਰਟ ਕੀਤਾ ਗਿਆ । ਡਿਪੋਰਟੀਆਂ ਵਿਚ 25 ਮਹਿਲਾਵਾਂ ਤੇ 12 ਨਾਬਾਲਗ ਵੀ ਸ਼ਾਮਲ ਹਨ ਜਦੋਂਕਿ ਸਭ ਤੋਂ ਛੋਟੀ ਉਮਰ ਦਾ ਮੁਸਾਫਰ 4 ਸਾਲ ਦਾ ਬੱਚਾ ਹੈ। ਇਨ੍ਹਾਂ ਵਿਚੋਂ 48 ਜਣਿਆਂ ਦੀ ਉਮਰ 25 ਸਾਲ ਤੋਂ ਵੀ ਘੱਟ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਨਾਲ ਸਬੰਧਤ ਪਰਵਾਸੀਆਂ ਨੂੰ ਸੜਕੀ ਰਸਤੇ ਜਦੋਂਕਿ ਗੁਜਰਾਤ ਸਣੇ ਹੋਰਨਾਂ ਰਾਜਾਂ ਨਾਲ ਸਬੰਧਤ ਵਿਅਕਤੀਆਂ ਨੂੰ ਉਡਾਣਾਂ ਰਾਹੀਂ ਘਰ ਭੇਜਿਆ ਜਾਵੇਗਾ। ਅੰਮ੍ਰਿਤਸਰ ਨਾਲ ਸਬੰਧਤ ਪੰਜ ਡਿਪੋਰਟੀਆਂ ਵਿਚੋਂ ਤਿੰਨ ਜਣੇ ਅਜੇ ਕੁਝ ਦਿਨ ਪਹਿਲਾਂ ਹੀ ਅਮਰੀਕਾ ਗੲੈ ਸਨ।

ਜਹਾਜ਼ ਬਾਅਦ ਦੁਪਹਿਰ 1.55 ਵਜੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਉੱਤੇ ਉੱਤਰਿਆ। ਇਸ ਦੌਰਾਨ ਹਵਾਈ ਅੱਡੇ ਦੇ ਬਾਹਰ ਸੁਰੱਖਿਆ ਵਜੋਂ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਤਾਇਨਾਤ ਰਹੇ।  ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਅਮਰੀਕਾ ਤੋਂ ਵਾਪਸ ਭੇਜੇ ਗੈਰਕਾਨੂੰਨੀ ਪਰਵਾਸੀਆਂ ਦੇ ਦਸਤਾਵੇਜ਼ਾਂ ਦੀ ਤਸਦੀਕ ਲਈ ਹਵਾਈ ਅੱਡੇ ’ਤੇ ਵਿਸ਼ੇਸ਼ ਕਾਊਂਟਰ ਸਥਾਪਿਤ ਕੀਤੇ ਗਏ ਹਨ ਤੇ ਕਿਸੇ ਵੀ ਭਾਰਤੀ ਨਾਗਰਿਕ ਨੂੰ ਬੇਵਜ੍ਹਾ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ।

ਉਧਰ ਪੰਜਾਬ ਦੇ ਐੱਨਆਰਆਈ ਮਾਮਲਿਆਂ ਬਾਰੇ ਮੰਤਰੀ ਕੁੁਲਦੀਪ ਸਿੰਘ ਧਾਲੀਵਾਲ ਨੇ ਗੈਰਕਾਨੂੰਨੀ ਪਰਵਾਸੀਆਂ ਨੂੰ ਵਾਪਸ ਭੇਜਣ ਦੇ ਅਮਰੀਕੀ ਸਰਕਾਰ ਦੇ ਫੈਸਲੇ ’ਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੇ ਦੇਸ਼ ਦੇ ਅਰਥਚਾਰੇ ’ਚ ਅਹਿਮ ਯੋਗਦਾਨ ਪਾਇਆ ਹੈ ਤੇ ਇਨ੍ਹਾਂ ਨੂੰ ਵਾਪਸ ਭੇਜਣ ਦੀ ਥਾਂ ਪੀ ਆਰ ਦੇਣੀ ਚਾਹੀਦੀ ਸੀ।

ਧਾਲੀਵਾਲ ਨੇ ਡਿਪੋਰਟ ਕੀਤੇ ਭਾਰਤੀ ਨਾਗਰਿਕਾਂ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਉਹ ਸਾਰੇ ਠੀਕ ਹਨ ਤੇ ਉਨ੍ਹਾਂ ਨੂੰ ਲੰਮੇ ਸਫ਼ਰ ਦੀ ਥਕਾਵਟ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਭਾਰਤੀ ਪਰਵਾਸੀਆਂ ਕੋਲ ਵੱਖ ਵੱਖ ਮੁਲਕਾਂ ਦੇ ਵੀਜ਼ੇ ਸਨ ਤੇ ਇਨ੍ਹਾਂ ਵਿਚੋਂ ਬਹੁਤੇ ਦੁਬਈ ਵਿਚ ਏਜੰਟਾਂ ਹੱਥੇ ਚੜ੍ਹ ਕੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਗਏ ਸਨ। ਧਾਲੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ  ਆਪਣੀ ਪ੍ਰਸਤਾਵਿਤ ਅਮਰੀਕਾ ਫੇਰੀ ਦੌਰਾਨ ਗੈਰਕਾਨੂੰਨੀ ਭਾਰਤੀ ਪਰਵਾਸੀਆਂ ਦਾ ਮੁੱਦਾ ਟਰੰਪ ਨਾਲ ਵਿਚਾਰਨਾ ਚਾਹੀਦਾ ਹੈ।

ਸੂਤਰਾਂ ਨੇ ਦੱਸਿਆ ਕਿ ਪੰਜਾਬ ਨਾਲ ਸਬੰਧਤ ਗੈਰ-ਕਾਨੂੰਨੀ ਪਰਵਾਸੀਆਂ ਵਿੱਚੋਂ ਛੇ ਕਪੂਰਥਲਾ ਤੋਂ, ਪੰਜ ਅੰਮ੍ਰਿਤਸਰ ਤੋਂ, ਚਾਰ ਪਟਿਆਲਾ ਅਤੇ ਜਲੰਧਰ ਤੋਂ, ਦੋ ਹੁਸ਼ਿਆਰਪੁਰ, ਲੁਧਿਆਣਾ, ਐਸਬੀਐਸ ਨਗਰ ਤੋਂ ਅਤੇ ਇੱਕ-ਇੱਕ ਗੁਰਦਾਸਪੁਰ, ਤਰਨ ਤਾਰਨ, ਸੰਗਰੂਰ, ਐਸਏਐਸ ਨਗਰ ਅਤੇ ਫਤਿਹਗੜ੍ਹ ਸਾਹਿਬ ਤੋਂ ਹੈ।

 

 

Leave a Reply

Your email address will not be published. Required fields are marked *