ਕੇਜਰੀਵਾਲ ਤੇ ਸਿਸੋਦੀਆਂ ਦੀ ਨਮੋਸ਼ੀਜਨਕ ਹਾਰ-ਆਤਿਸ਼ੀ ਜਿੱਤੀ- ਸਿਰਸਾ ਵੀ ਵੱਡੀ ਲੀਡ ਨਾਲ ਜਿੱਤੇ-
ਦਿੱਲੀ ਵਿਚ 27 ਸਾਲ ਬਾਦ ਬਣੇਗੀ ਭਾਜਪਾ ਦੀ ਸਰਕਾਰ-
ਨਵੀਂ ਦਿੱਲੀ ( ਦਿਓਲ ਅਤੇ ਏਜੰਸੀਆਂ)-ਦਿੱਲੀ ਦੀ ਸੱਤਾ ਵਿਚੋਂ ਆਮ ਆਦਮੀ ਪਾਰਟੀ ਦਾ ਪੱਤਾ ਸਾਫ਼ ਹੋ ਗਿਆ ਹੈ ਅਤੇ ਭਾਰਤੀ ਜਨਤਾ ਪਾਰਟੀ ਨੇ ਚੋਣਾਂ ਜਿੱਤ ਕੇ ਬਹੁਮਤ ਹਾਸਲ ਕਰ ਲਿਆ ਹੈ। ਭਾਜਪਾ ਨੇ 27 ਸਾਲਾਂ ਬਾਅਦ ਦਿੱਲੀ ਦੀ ਸੱਤਾ ਵਿਚ ਵਾਪਸੀ ਕੀਤੀ ਹੈ। ਚੋਣ ਕਮਿਸ਼ਨ ਤੋਂ ਪ੍ਰਾਪਤ ਵੇਰਵਿਆਂ ਮੁਤਾਬਕ ਭਾਜਪਾ ਨੇ ਦਿੱਲੀ ਵਿਧਾਨ ਸਭਾ ਦੀਆਂ 70 ਵਿੱਚੋਂ 38 ਸੀਟਾਂ ਜਿੱਤੀ ਲਈਆਂ ਹਨ।
ਇਸ ਤੋਂ ਇਲਾਵਾ ਭਾਜਪਾ 10 ਹੋਰ ਸੀਟਾਂ ‘ਤੇ ਗਿਣਤੀ ਵਿਚ ਅੱਗੇ ਵੀ ਚੱਲ ਰਹੀ ਹੈ। ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਨੇ 17 ਸੀਟਾਂ ਜਿੱਤ ਲਈਆਂ ਹਨ ਅਤੇ ਪਾਰਟੀ ਪੰਜ ਹੋਰ ‘ਤੇ ਅੱਗੇ ਹੈ। ਕਾਂਗਰਸ ਦਾ ਵੀ ਦਿੱਲੀ ਚੋਣਾਂ ਵਿਚ ਬੁਰੀ ਤਰ੍ਹਾਂ ਸਫ਼ਾਇਆ ਹੋ ਗਿਆ ਹੈ।
ਪਾਰਟੀ ਦੀ ਜਿੱਤ ਕਾਰਨ ਪਾਰਟੀ ਹਮਾਇਤੀਆਂ ਵੱਲੋਂ ਇਥੇ ਦਿੱਲੀ ਭਾਜਪਾ ਦੇ ਮੁੱਖ ਦਫ਼ਤਰ ਅੱਗੇ ਜ਼ੋਰਦਾਰ ਜਸ਼ਨ ਮਨਾਏ ਜਾ ਰਹੇ ਹਨ। ਇਸ ਮੌਕੇ ਭਾਜਪਾ ਹਮਾਇਤੀ ਢੋਲ ਦੇ ਡੱਗੇ ਉਤੇ ਨੱਚ ਰਹੇ ਸਨ ਤੇ ਪਾਰਟੀ ਦੇ ਝੰਡੇ ਲਹਿਰਾ ਰਹੇ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਨਤੀਜਿਆਂ ਉਤੇ ਟਿੱਪਣੀ ਕਰਦਿਆਂ ਇਸ ਨੂੰ ‘ਵਿਕਾਸ ਤੇ ਸੁਸ਼ਾਸਨ ਦੀ ਜਿੱਤ’ ਕਰਾਰ ਦਿੱਤਾ ਹੈ। ਸੋਸ਼ਲ ਮੀਡੀਆ ਪਲੈਟਫਾਰਮ ਐਕਸ ਉਤੇ ਪਾਈ ਇਕ ਪੋਸਟ ਵਿਚ ਉਨ੍ਹਾਂ ਕਿਹਾ, ‘‘ਅਸੀਂ ਦਿੱਲੀ ਦੇ ਸਰਵਪੱਖੀ ਵਿਕਾਸ ਲਈ ਕੋਈ ਕਸਰ ਨਹੀਂ ਛੱਡਾਂਗੇ।’’
ਦਿੱਲੀ ਵਿਧਾਨ ਸਭਾ ਚੋਣਾਂ ਲਈ ਸ਼ਨਿੱਚਰਵਾਰ ਨੂੰ ਜਾਰੀ ਵੋਟਾਂ ਦੀ ਗਿਣਤੀ ਦੇ ਆਏ ਰੁਝਾਨਾਂ ਤੋਂ ਹੁਣ ਲਗਪਗ ਸਪੱਸ਼ਟ ਹੋ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) 27 ਸਾਲ ਬਾਅਦ ਦਿੱਲੀ ਦੀ ਸੱਤਾ ਵਿੱਚ ਵਾਪਸੀ ਕਰਨ ਜਾ ਰਹੀ ਹੈ। ਆਮ ਆਦਮੀ ਪਾਰਟੀ (ਆਪ) ਦੇ ਆਗੂ ਅਰਵਿੰਦ ਕੇਜਰੀਵਾਲ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਕਈ ਹੋਰ ਪ੍ਰਮੁੱਖ ਆਗੂ ਵੀ ਚੋਣ ਹਾਰ ਗਏ ਹਨ। ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਜਿਤ ਗਈ ਹੈ ਤੇ ਉਸਨੇ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ ਤੇ ਕਾਂਗਰਸ ਦੀ ਅਲਕਾ ਲਾਂਬਾ ਨੂੰ 3500 ਤੋਂ ਵੋਟਾਂ ਨਾਲ ਹਰਾਇਆ।
ਕੇਜਰੀਵਾਲ ਨੇ ਭਾਜਪਾ ਨੂੰ ਵਧਾਈ ਦਿੱਤੀ ਅਤੇ ਆਮ ਆਦਮੀ ਪਾਰਟੀ ਲਈ ਮਿਹਨਤ ਕਰਨ ਵਾਲੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ਮੈਨੂੰ ਆਸ ਹੈ ਕਿ ਭਾਜਪਾ ਲੋਕਾਂ ਦੀਆਂ ਆਸਾਂ ’ਤੇ ਖਰੀ ਉਤਰੇਗੀ। ਦਿੱਲੀ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ, ‘‘ਇਹ ਹਾਰ ‘ਆਪ’ ਲਈ ਇਕ ਝਟਕੇ ਵਾਗ ਹੈ, ਪਰ ਸਾਨੂੰ ਲੋਕ ਫਤਵਾ ਪ੍ਰਵਾਨ ਹੈ। ਭਾਜਪਾ ਦੀ ਗੁੰਡਾਗਰਦੀ ਅਤੇ ਤਾਨਾਸ਼ਾਹੀ ਵਿਰੁੱਧ ਸਾਡੀ ਲੜਾਈ ਜਾਰੀ ਹਰੇਗੀ।’’
*** -ਕੇਜਰੀਵਾਲ ਤੇ ਸਿਸੋਦੀਆਂ ਹਾਰੇ- ਸਿਰਸਾ ਜਿੱਤੇ
ਦਿੱਲੀ ਵਿਧਾਨ ਸਭਾ ਚੋਣਾਂ ਵਿਚ ਜਿਥੇ ਆਮ ਆਦਮੀ ਪਾਰਟੀ ਨੂੰ ਕਰਾਰਾ ਝਟਕਾ ਲੱਗਾ ਹੈ ਉਥੇ ਪਾਰਟੀ ਸੁਪਰੀਮੋਟ ਕੇਜਰੀਵਾਲ ਅਤੇ ਉਸਦਾ ਸੱਜਾ ਹੱਥ ਸਮਝੇ ਜਾਂਦੇ ਮਨੀਸ਼ ਸਿਸੋਦੀਆਂ ਵੀ ਚੋਣ ਹਾਰ ਗਏ ਹਨ।
ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਹਾਰ ਗਏ ਹਨ। ਉਹਨਾਂ ਨੂੰ ਭਾਜਪਾ ਦੇ ਪਰਵੇਸ਼ ਵਰਮਾ ਨੇ 4000 ਤੋਂ ਵੱਧ ਵੋਟਾਂ ਨਾਲ ਹਰਾਇਆ। ਉਹ ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦਾ ਸਪੁੱਤਰ ਹੈ। ਇਸੇ ਤਰ੍ਹਾਂ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਜੰਗਪੁਰਾ ਸੀਟ ਤੋਂ ਹਾਰੇ ਹਨ ਅਤੇ ਭਾਜਪਾ ਆਗੂ ਤਰਵਿੰਦਰ ਸਿੰਘ ਮਰਵਾਹਾ ਨੇ ਜਿੱਤ ਹਾਸਲ ਕੀਤੀ ਹੈ। ਮਰਵਾਹਾ ਨੇ ਸਿਸੋਦੀਆਂ ਨੂੰ 675 ਵੋਟਾਂ ਨਾਲ ਹਰਾਇਆ। ਉਹ ਇਸ ਹਲਕੇ ਤੋਂ ਕਾਂਗਰਸ ਦੀ ਟਿਕਟ ਤੇ ਤਿੰਨ ਵਾਰ ਜਿੱਤ ਚੁੱਕੇ ਹਨ ਪਰ ਉਹ ਇਸ ਵਾਰ ਸੋਨੀਆ-ਰਾਹੁਲ ਵਲੋਂ ਮਿਲਣ ਦਾ ਸਮਾਂ ਨਾ ਦੇਣ ਤੋਂ ਨਾਰਾਜ਼ ਹੋਕੇ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ।
ਉਧਰ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਰਾਜੌਰੀ ਗਾਰਡਨ ਤੋਂ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ। ਸਿਰਸਾ ਨੇ ਆਮ ਆਦਮੀ ਪਾਰਟੀ ਦੇ ਧਨਵਤੀ ਚੰਦੇਲਾ ਨੂੰ 18000 ਤੋਂ ਵੱਧ ਦੇ ਵੱਡੇ ਫਰਕ ਨਾਲ ਹਰਾਇਆ।
![](https://deshpardes.ca/wp-content/uploads/2025/02/IMG_8895.jpg)
![](https://deshpardes.ca/wp-content/uploads/2025/02/IMG_8897.jpg)
![](https://deshpardes.ca/wp-content/uploads/2025/02/IMG_8898.jpg)