ਸਜ਼ਾ ਸੁਣਵਾਈ ਤੇ ਬਹਿਸ 18 ਫਰਵਰੀ ਨੂੰ-
ਨਵੀਂ ਦਿੱਲੀ- ਦਿੱਲੀ ਦੀ ਇੱਕ ਅਦਾਲਤ ਨੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਵਿਰੁੱਧ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਸਬੰਧੀ ਹੱਤਿਆ ਦੇ ਇੱਕ ਮਾਮਲੇ ’ਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਇਸ ਸਬੰਧੀ ਫੈਸਲਾ ਮੁਲਤਵੀ ਕਰ ਦਿੱਤਾ ਸੀ।
ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਦੋਸ਼ੀ ਠਹਿਰਾਉਣ ਦਾ ਹੁਕਮ ਦਿੱਤਾ ਅਤੇ ਸਜ਼ਾ ’ਤੇ ਬਹਿਸ 18 ਫਰਵਰੀ ਨੂੰ ਪਾ ਦਿੱਤੀ। ਕੁਮਾਰ ਨੂੰ ਫ਼ੈਸਲਾ ਸੁਣਾਉਣ ਲਈ ਤਿਹਾੜ ਜੇਲ੍ਹ ਤੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਹ ਮਾਮਲਾ 1984 ਦੇ ਸਿੱਖ ਕਤਲੇਆਮ ਦੌਰਾਨ ਇੱਥੇ ਸਰਸਵਤੀ ਵਿਹਾਰ ’ਚ ਦੋ ਵਿਅਕਤੀਆਂ ਦੀ ਹੱਤਿਆ ਨਾਲ ਸਬੰਧਤ ਹੈ। ਦਿੱਲੀ ਦੰਗਿਆਂ ਦੌਰਾਨ 1 ਨਵੰਬਰ, 1984 ਨੂੰ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ ਦੀ ਹੱਤਿਆ ਨਾਲ ਸਬੰਧਤ ਮਾਮਲੇ ’ਚ ਆਖ਼ਰੀ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ ।
ਹਾਲਾਂਕਿ ਸ਼ੁਰੂਆਤ ’ਚ ਕੇਸ ਪੰਜਾਬੀ ਬਾਗ਼ ਪੁਲੀਸ ਸਟੇਸ਼ਨ ਨੇ ਦਰਜ ਕੀਤਾ ਸੀ ਪਰ ਬਾਅਦ ਵਿਚ ਇੱਕ ਵਿਸ਼ੇਸ਼ ਜਾਂਚ ਟੀਮ ਨੇ ਮਾਮਲੇ ਦੀ ਜਾਂਚ ਆਪਣੇ ਹੱਥ ਲੈ ਲਈ ਸੀ। ਅਦਾਲਤ ਨੇ 16 ਦਸੰਬਰ, 2021 ਨੂੰ ਸੱਜਣ ਕੁਮਾਰ ਖ਼ਿਲਾਫ਼ ਦੋਸ਼ ਤੈਅ ਕੀਤੇ ਸਨ।