ਸਪੀਟ ਬੀ ਸੀ ਵੱਲੋਂ 30ਵਾਂ ਸਾਲਾਨਾ ਸਮਾਗਮ ਸਫਲਤਾਪੂਰਵਕ ਮਨਾਇਆ
ਸਰੀ, ਬੀ.ਸੀ. (ਦਲਜੋਤ ਸਿੰਘ) – ਬੀ ਸੀ ਦੇ ਪੰਜਾਬੀ ਇੰਜੀਨੀਅਰਾਂ ਤੇ ਟੈਕਨੋਲੋਜਿਸਟਾਂ ਦੀ ਸੰਸਥਾ (ਸਪੀਟ ਬੀ ਸੀ) ਨੇ ਪਹਿਲੀ ਫ਼ਰਵਰੀ 2025 ਨੂੰ ਆਪਣਾ 30ਵਾਂ ਸਾਲਾਨਾ ਸਮਾਗਮ ਮਨਾਇਆ। ਇਹ ਸਮਾਗਮ, ਜੋ ਕਿ ਇੱਕ ਫੰਡਰੇਜ਼ਿੰਗ ਡਿਨਰ ਸੀ, ਵਿੱਚ ਇੰਜੀਨੀਅਰ, ਵਪਾਰਕ ਆਗੂ ਅਤੇ ਸਮਾਜਕ ਨੁਮਾਇੰਦੇ ਇਕੱਠੇ ਹੋਏ। ਇਸ ਮੌਕੇ ‘ਤੇ ਸਪੀਟ ਬੀ ਸੀ ਨੇ ਆਪਣੇ ਸਪਾਂਸਰਜ਼ ਨੂੰ ਸਮਾਨਿਤ ਕੀਤਾ, ਜਿਨ੍ਹਾਂ ਦੀ ਮਦਦ ਨਾਲ ਸਾਲ ਭਰ ਵੱਖੋ ਵੱਖਰੇ ਪ੍ਰੋਗਰਾਮ ਕੀਤੇ ਜਾਂਦੇ ਹਨ, ਜੋ ਨਵੇਂ ਅਤੇ ਉੱਭਰਦੇ ਇੰਜੀਨੀਅਰਾਂ, ਪੇਸ਼ੇਵਰਾਂ ਅਤੇ ਵਪਾਰੀ ਸੰਸਥਾਵਾਂ ਵਿਚਕਾਰ ਮਿਲਵਰਤਣ ਵਧਾਉਂਦੇ ਹਨ।
ਸਪੀਟ ਬੀ ਸੀ ਸੰਸਥਾ, ਜੋ ਤੀਹ ਸਾਲ ਪਹਿਲਾਂ 1995 ਵਿੱਚ ਯੂ ਬੀ ਸੀ ਅਤੇ ਜੀ ਐੱਨ ਈ ਲੁਧਿਆਣਾ ਦੇ ਗ੍ਰੈਜੂਏਟਾਂ ਵੱਲੋਂ ਸਥਾਪਿਤ ਕੀਤੀ ਗਈ ਸੀ, ਪੰਜਾਬੀ ਭਾਈਚਾਰੇ ਵਿੱਚ ਇੰਜੀਨੀਅਰਿੰਗ ਨੂੰ ਉਤਸ਼ਾਹਿਤ ਕਰਨ ਅਤੇ ਇੰਜੀਨੀਅਰਿੰਗ ਖੇਤਰ ਵਿੱਚ ਪੰਜਾਬੀਅਤ ਨੂੰ ਉਭਾਰਨ ਦੇ ਯਤਨ ਕਰ ਰਹੀ ਹੈ। ਇਸ ਸਾਲ, ਸਪੀਟ ਬੀ ਸੀ ਨੇ ਇੰਜੀਨੀਅਰਿੰਗ ਵਿਦਿਆਰਥੀਆਂ ਨੂੰ 6000 ਡਾਲਰ ਦੀਆਂ ਸਕਾਲਰਸ਼ਿਪਾਂ ਦਿੱਤੀਆਂ, ਜੋ ਨਵੇਂ ਇੰਜੀਨੀਅਰਾਂ ਦੇ ਉਤਸ਼ਾਹ ਲਈ ਇੱਕ ਵੱਡਾ ਕਦਮ ਹੈ।
ਇਸ ਰਾਤ ਦੀ ਸ਼ੋਭਾ ਮੁੱਖ ਬੁਲਾਰੇ ਬੈਨ ਬੇਕਰ ਨੇ ਵਧਾਈ। ਉਨ੍ਹਾਂ ਨੇ ਆਪਣੇ ਸੰਦੇਸ਼ ‘ਚ ਤਬਦੀਲੀ ਦੀ ਅਹਿਮੀਅਤ ਨੂੰ ਬਿਆਨ ਕਰਦਿਆਂ ਦੱਸਿਆ ਕਿ ਤਬਦੀਲੀ ਭਾਵੇਂ ਔਖੀ ਅਤੇ ਚੁਣੌਤੀਪੂਰਨ ਹੋ ਸਕਦੀ ਹੈ, ਪਰ ਇਹ ਲੋੜੀਂਦੀ ਵੀ ਹੈ।
ਇਸ ਸਾਲ, “ਯਾਰਡ ਐਟ ਏ ਟਾਈਮ (ਯਾਟ) ਕੰਕਰੀਟ” ਸਮਾਗਮ ਦਾ ਟਾਈਟਲ ਸਪਾਂਸਰ ਰਿਹਾ। ਯਾਟ ਦੇ ਪ੍ਰਤੀਨਿਧੀਆਂ ਨੇ ਕੰਪਨੀ ਦੇ ਸਫਰ ਤੇ ਕੰਪਨੀ ਦੇ ਸਮਾਜਿਕ ਵਿਕਾਸ ਦੇ ਟੀਚੇ ਲਈ ਸਪੀਟ ਬੀ ਸੀ ਵਰਗੀਆਂ ਸੰਸਥਾਵਾਂ ਨੂੰ ਸਹਿਯੋਗ ਦੇਣ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ।
ਸਪੀਟ ਬੀ ਸੀ ਦੇ ਪ੍ਰਧਾਨ ਰਮਨੀਕ ਸਿੰਘ ਕੁਮਾਰ ਨੇ ਪ੍ਰਧਾਨਗੀ ਭਾਸ਼ਣ ਦਿੱਤਾ, ਜਦਕਿ ਉਪ-ਪ੍ਰਧਾਨ ਦਲਜੋਤ ਸਿੰਘ ਨੇ ਸੰਸਥਾ ਦੇਮੈਂਬਰਾਂ ਤਲਵਿੰਦਰ ਕੌਰ, ਇਸ਼ਿਤਾ ਸਵੈਨ ਅਤੇ ਹਰਮਨ ਢੀਂਡਸਾ ਦੇ ਨਾਲ ਮਿਲ ਕੇ ਸਮਾਗਮ ਦੀ ਮੇਜ਼ਬਾਨੀ ਕੀਤੀ।
ਸਪੀਟ ਬੀ ਸੀ ਆਪਣੇ ਮੀਡੀਆ ਸਹਿਯੋਗੀ ਦੇਸ਼-ਪਰਦੇਸ਼ ਟਾਈਮਜ਼ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ, ਜਿਸ ਨੇ ਸੰਸਥਾ ਦੇ ਉਦੇਸ਼ ਅਤੇ ਕਾਰਜਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ।
ਸਪੀਟ ਬੀ ਸੀ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ speatbc.org ‘ਤੇ ਜਾਓ ਜਾਂ ਸਾਨੂੰ speatbc@gmail.com ‘ਤੇ ਈਮੇਲ ਕਰੋ।