ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਸੁਖਵਿੰਦਰ ਸਿੰਘ ਚੋਹਲਾ, ਬਲਬੀਰ ਜੰਡੂ ਤੇ ਬਲਵਿੰਦਰ ਜੰਮੂ ਮੁੱਖ ਬੂਲਾਰੇ ਰਹੇ-
ਪੱਤਰਕਾਰਾਂ ਦੀ ਸੁਰੱਖਿਆ ਤੇ ਸਹੂਲਤਾਂ ਲਈ ਸਰਕਾਰ ਨੂੰ ਮੰਗ ਪੱਤਰ ਭੇਜਿਆ- ਵੱਖ ਵੱਖ ਸ਼ਖਸੀਅਤਾਂ ਦਾ ਸਨਮਾਨ-
ਰਈਆ ( ਦਵਿੰਦਰ ਸਿੰਘ ਭੰਗੂ, ਰਾਜਿੰਦਰ ਰਿਖੀ)-
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਅੰਮ੍ਰਿਤਸਰ ਦਿਹਾਤੀ ਇਕਾਈ ਵੱਲੋਂ ਪੱਤਰਕਾਰਾਂ ਦੀ ਸੁਰੱਖਿਆ ਅਤੇ ਦਰਪੇਸ਼ ਸਮੱਸਿਆਵਾਂ ਉੱਤੇ ਵਿਚਾਰ ਚਰਚਾ ਲਈ ਕਲਗ਼ੀਧਰ ਪਬਲਿਕ ਸਕੂਲ ਬਤਾਲਾ ਵਿਖੇ ਸੂਬਾ ਪੱਧਰੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਮੁੱਖ ਬੂਲਾਰੇ ਵਜੋਂ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਬਲਬੀਰ ਸਿੰਘ ਜੰਡੂ, ਬਲਵਿੰਦਰ ਸਿੰਘ ਜੰਮੂ ਤੇ ਸੁਖਵਿੰਦਰ ਸਿੰਘ ਚੋਹਲਾ ਦੇਸ਼ ਪ੍ਰਦੇਸ ਟਾਈਮਜ਼ ਕੈਨੇਡਾ ਸ਼ਾਮਿਲ ਹੋਏ ਤੇ ਉਹਨਾਂ ਵਲੋਂ ਵਿਚਾਰ ਰੱਖਣ ਦੇ ਨਾਲ ਪੰਜਾਬ ਭਰ ਤੋਂ ਪਹੁੰਚੇ ਵੱਖ ਵੱਖ ਅਦਾਰਿਆਂ ਨਾਲ ਜੁੜੇ ਪੱਤਰਕਾਰਾਂ ਨੇ ਪੱਤਰਕਾਰਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਤੇ ਚੁਣੌਤੀਆਂ ਉੱਤੇ ਗੰਭੀਰ ਚਰਚਾ ਕੀਤੀ।
ਇਸ ਮੌਕੇ ਯੂਨੀਅਨ ਦੇ ਕੌਮੀ ਸਕੱਤਰ ਜਨਰਲ ਬਲਵਿੰਦਰ ਜੰਮੂ ਨੇ ਪੱਤਰਕਾਰ ਭਾਈਚਾਰੇ ਵਲੋਂ ਹੁਣ ਤੱਕ ਦੇ ਸੰਘਰਸ਼ ਬਾਰੇ ਅਤੇ ਪੱਤਰਕਾਰਾਂ ਦੀਆਂ ਮੰਗਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਮੌਜੂਦਾ ਸਮੇਂ ਵਿੱਚ ਪੱਤਰਕਾਰਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਆਰਥਿਕ ਸ਼ੋਸ਼ਣ ਉੱਤੇ ਚਰਚਾ ਕਰਦੇ ਕਿਹਾ ਕਿ ਮੌਜੂਦਾ ਐਨਡੀਏ ਦੀ ਸਰਕਾਰ ਨੇ ਪੱਤਰਕਾਰਾਂ ਲਈ ਬਣਿਆ ਐਕਟ ਭੰਗ ਕਰਕੇ ਵੱਡਾ ਧਰੋਹ ਕਮਾਇਆ ਹੈ । ਅੱਜ ਪੱਤਰਕਾਰਾਂ ਨੂੰ ਜਿੱਥੇ ਫ਼ੀਲਡ ਵਿੱਚ ਕੰਮ ਕਰਦੇ ਹੋਏ ਆਪਣੀ ਜਾਨ ਨੂੰ ਜੋਖ਼ਮ ਵਿੱਚ ਪਾਉਣਾ ਪੈ ਰਿਹਾ ਹੈ ਉੱਥੇ ਉਹਨਾਂ ਦੇ ਅਦਾਰਿਆਂ ਵੱਲੋਂ ਵੀ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ । ਇਸ ਦੇ ਨਾਲ ਨਾਲ ਸਰਕਾਰਾਂ ਵੀ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਲਗਾਤਾਰ ਅਣਗੌਲ਼ਿਆ ਕਰ ਰਹੀਆਂ ਹਨ। ਉਹਨਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਜੇਕਰ ਇਹ ਮੁੱਦੇ ਹੱਲ ਨਾ ਹੋਏ ਤਾਂ ਪੱਤਰਕਾਰ ਵੀ ਆਮ ਲੋਕਾਂ ਦੀ ਤਰ੍ਹਾਂ ਸੜਕ ਉੱਤੇ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।
ਇਸ ਮੌਕੇ ਸੂਬਾ ਪ੍ਰਧਾਨ ਸ੍ਰੀ ਬਲਬੀਰ ਸਿੰਘ ਜੰਡੂ ਨੇ ਪੱਤਰਕਾਰਾਂ ਨੂੰ ਕੰਮ ਕਰਨ ਵਿੱਚ ਪੇਸ਼ ਆ ਰਹੀਆਂ ਔਕੜਾਂ ਉੱਤੇ ਚਰਚਾ ਕਰਦੇ ਹੋਏ ਇਹਨਾਂ ਦੇ ਫ਼ੌਰੀ ਹੱਲ ਲਈ ਸਰਕਾਰਾਂ ਕੋਲੋਂ ਦਖ਼ਲ ਦੀ ਮੰਗ ਕੀਤੀ ।
ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਅਖ਼ਬਾਰਾਂ ਅਤੇ ਹੋਰ ਮੀਡੀਆ ਅਦਾਰਿਆਂ ਵਿੱਚ ਤਨਖ਼ਾਹਾਂ ਦੇ ਵਾਧੇ ਲਈ ਵੇਜ ਬੋਰਡ ਲਾਗੂ ਕਰਵਾਇਆ ਪਰ ਕੁਝ ਇੱਕ ਅਦਾਰਿਆਂ ਨੂੰ ਛੱਡ ਕੇ ਬਾਕੀਆਂ ਨੇ ਚਕਮਾ ਦਿੰਦੇ ਹੋਏ ਜਾਂ ਆਪਣੀ ਰਾਜਸੀ ਪਹੁੰਚ ਵਰਤ ਕੇ ਇਸ ਵੇਜ ਬੋਰਡ ਨੂੰ ਲਾਗੂ ਨਹੀਂ ਕੀਤਾ ਜਿਸ ਕਾਰਨ ਪੱਤਰਕਾਰਾਂ ਦੀਆਂ ਤਨਖ਼ਾਹਾਂ ਵਿੱਚ ਮਹਿੰਗਾਈ ਦੇ ਬਰਾਬਰ ਵਾਧਾ ਨਹੀਂ ਹੋ ਸਕਿਆ ।
ਦੇਸ਼ ਪ੍ਰਦੇਸ ਟਾਈਮਜ਼ ਕੈਨੇਡਾ ਦੇ ਸੰਪਾਦਕ ਤੇ ਪ੍ਰਵਾਸੀ ਪੱਤਰਕਾਰ ਸੁਖਵਿੰਦਰ ਸਿੰਘ ਚੋਹਲਾ ਨੇ ਆਪਣਾ ਪੰਜਾਬ ਦੀ ਪੱਤਰਕਾਰੀ ਅਤੇ ਕੈਨੇਡਾ ਦੀ ਪੱਤਰਕਾਰੀ ਦਾ ਤਜੁਰਬਾ ਸਾਂਝਾ ਕਰਦਿਆਂ ਭਾਰਤ ਅਤੇ ਵਿਕਸਿਤ ਮੁਲਕਾਂ ਵਿਚ ਪੱਤਰਕਾਰਾਂ ਨੂੰ ਦਰਪੇਸ਼ ਚੁਣੌਤੀਆਂ ਦਾ ਜ਼ਿਕਰ ਕੀਤਾ। ਉਹਨਾਂ ਭਾਰਤੀ ਸਿਸਟਮ ਵਿਚ ਰਾਜਸੀ ਪ੍ਰਭੂਆਂ ਦੀ ਮੀਡੀਆ ਉਪਰ ਧੌਂਸ ਅਤੇ ਆਪਣੀਆਂ ਮਨਮਾਨੀਆਂ ਦੇ ਉਲਟ ਵਿਕਸਿਤ ਮੁਲਕਾਂ ਦੇ ਮੀਡੀਆ ਦੇ ਕੰਮਕਾਰ ਵਿਚ ਰਾਜਸੀ ਜਾਂ ਪ੍ਰਸਾਸ਼ਨਿਕ ਅਧਿਕਾਰੀਆਂ ਦੇ ਦਖਲ ਤੋਂ ਬਿਨਾਂ ਕਿਸੇ ਡਰ ਖੌਫ ਦੇ ਕੰਮ ਕਰਨ ਅਤੇ ਆਜ਼ਾਦਾਨਾ ਸੋਚ ਦੇ ਪਨਪਣ ਵਿਚ ਲੋਕਾਂ ਦੇ ਜਾਗਰੁਕ ਹੋਣ ਅਤੇ ਸਿਸਟਮ ਨੂੰ ਜਵਾਬਦੇਹ ਬਣਾਏ ਜਾਣ ਦੇ ਅੰਤਰ ਬਾਰੇ ਆਪਣੇ ਅਨੁਭਵ ਦੱਸੇ। ਉਹਨਾਂ ਕਿਸੇ ਵੀ ਲੋਕਤੰਤਰ ਦੀ ਮਜ਼ਬੂਤੀ ਵਿਚ ਪੱਤਰਕਾਰ ਭਾਈਚਾਰੇ ਤੇ ਸਿਵਲ ਸੁਸਾਇਟੀਜ਼ ਦੀ ਭੂਮਿਕਾ ਅਤੇ ਮਹੱਤਤਾ ਦੀ ਗੱਲ ਕਰਦਿਆਂ ਕਿਹਾ ਕਿ ਹੁਕਮਰਾਨਾਂ ਤੇ ਸਿਸਟਮ ਨੂੰ ਜਵਾਬਦੇਹ ਬਣਾਉਣ ਲਈ ਲੋਕਾਂ ਦਾ ਜਾਗਰੁਕ ਹੋਣਾ ਬਹੁਤ ਜ਼ਰੂਰੀ ਹੈ ਤੇ ਇਸ ਲਈ ਉਹਨਾਂ ਦਾ ਪੱਤਰਕਾਰ ਭਾਈਚਾਰੇ ਅਤੇ ਲੋਕਾਂ ਲਈ ਖੜਨ ਤੇ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਸਹਿਯੋਗ ਦੇਣਾ ਹੋਰ ਵੀ ਜ਼ਰੂਰੀ ਹੈ। ਉਹਨਾਂ ਫੀਲਡ ਵਿਚ ਕੰਮ ਕਰਦੇ ਸਮੇਂ ਕਈ ਖਤਰਿਆਂ ਦਾ ਸਾਹਮਣਾ ਕਰਦੇ ਅਤੇ ਮਾਮੂਲੀ ਉਜਰਤਾਂ ਦੇ ਬਾਵਜੂਦ ਆਪਣੇ ਲੋਕਾਂ ਲਈ ਕੰਮ ਕਰਨ ਵਾਲੇ ਪੱਤਰਕਾਰਾਂ ਦਾ ਸਾਥ ਦੇਣ ਲਈ ਲੋਕਾਂ ਨੂੰ ਸੱਦਾ ਦਿੱਤਾ। ਉਹਨਾਂ ਕੋਵਿਡ ਦੌਰਾਨ ਅਮਰੀਕਾ ਵਿਚ ਪੁਲਿਸ ਜ਼ਬਰ ਕਾਰਣ ਮਾਰੇ ਜਾਣ ਵਾਲੇ ਇਕ ਕਾਲੇ ਵਿਅਕਤੀ ਜੌਰਜ ਦੇ ਹੱਕ ਵਿਚ ਪੂਰੇ ਅਮਰੀਕਾ ਦੇ ਖੜੇ ਹੋਣ ਅਤੇ ਸਰਕਾਰ ਨੂੰ ਕਨੂੰਨ ਵਿਚ ਤਬਦੀਲੀ ਕਰਨ ਲਈ ਮਜ਼ਬੂਰ ਕਰ ਦੇਣ ਵਾਲੇ ਜਾਗਰੁਕ ਲੋਕਾਂ ਅਤੇ ਭਾਰਤੀ ਲੋਕ ਜਿਥੇ ਪਿਛਲੇ 10 ਸਾਲਾਂ ਦੌਰਾਨ ਆਪਣੀ ਡਿਊਟੀ ਨਿਭਾਉਣ ਵਾਲੇ 13 ਪੱਤਰਕਾਰ ਮਾਰੇ ਜਾ ਚੁੱਕੇ ਹਨ, ਪਰ ਉਹਨਾਂ ਦੇ ਹੱਕ ਵਿਚ ਲੋਕਾਂ ਵਲੋਂ ਆਵਾਜ਼ ਬੁਲੰਦ ਨਾ ਕੀਤੇ ਜਾਣ ਤੇ ਅਫਸੋਸ ਪ੍ਰਗਟਾਇਆ ਤੇ ਦੱਸਿਆ ਕਿ ਸਰਕਾਰਾਂ ਨੂੰ ਜਵਾਬਦੇਹ ਬਣਾਉਣ ਵਾਲੇ ਵਿਕਸਿਤ ਮੁਲਕਾਂ ਤੇ ਸਾਡੇ ਲੋਕਾਂ ਵਿਚ ਇਹੀ ਇਕ ਫਰਕ ਹੈ। ਉਹਨਾਂ ਇਕ ਚੰਗੇ ਸਿਸਟਮ ਦੀ ਸਥਾਪਨਾ ਲਈ ਸਰਕਾਰਾਂ ਨੂੰ ਜਵਾਬਦੇਹ ਬਣਾਉਣ ਅਤੇ ਲੋਕਾਂ ਦੇ ਜਾਗਰੁਕ ਹੋਣ ਦੇ ਨਾਲ ਲੋਕਾਂ ਲਈ ਕੰਮ ਕਰਨ ਵਾਲੇ ਪੱਤਰਕਾਰ ਭਾਈਚਾਰੇ ਦਾ ਸਾਥ ਦੇਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼ੇਰ ਜੰਗ ਸਿੰਘ ਹੁੰਦਲ ਨੇ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਪੱਤਰਕਾਰਾਂ ਨੂੰ ਭਰੋਸਾ ਦਿੱਤਾ ਕਿ ਤੁਹਾਡੇ ਜੋ ਵੀ ਮਸਲੇ ਪੰਜਾਬ ਸਰਕਾਰ ਨਾਲ ਸੰਬੰਧਿਤ ਹਨ ਉਹ ਪੰਜਾਬ ਸਰਕਾਰ ਕੋਲ ਉਠਾਏ ਜਾਣਗੇ ਅਤੇ ਤੁਹਾਡੀ ਸੁਰੱਖਿਆ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਆਂਚ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਲੋਕਤੰਤਰ ਦੀ ਬਹਾਲੀ ਲਈ ਪ੍ਰੈੱਸ ਦਾ ਵੱਡਾ ਯੋਗਦਾਨ ਹੈ ਅਤੇ ਇਸ ਦੀ ਮਹੱਤਤਾ ਨੂੰ ਕਦੇ ਵੀ ਘੱਟ ਨਹੀਂ ਹੋਣ ਦਿੱਤਾ ਜਾਵੇਗਾ। ਸੈਮੀਨਾਰ ਨੂੰ ਬੀਬੀਸੀ ਦੇ ਪੱਤਰਕਾਰ ਰਾਵਿੰਦਰ ਸਿੰਘ ਰੋਬਿਨ, ਐਡਵੋਕੇਟ ਅਰਵਿੰਦਰ ਸਿੰਘ ਭੱਟੀ ਨੇ ਵੀ ਸੰਬੋਧਨ ਕੀਤਾ। ਪ੍ਰਸਿਧ ਹਾਸਰਸ ਕਲਾਕਾਰ ਸੁਰਿੰਦਰ ਫਰਿਸ਼ਤਾ ਉਰਫ ਘੁੱਲੇ ਸ਼ਾਹ ਨੇ ਆਪਣੇ ਢੰਗ ਨਾਲ ਮੰਚ ਤੇ ਹਾਜ਼ਰੀ ਲਗਾਈ। ਪੱਤਰਕਾਰ ਜਗਦੀਸ਼ ਸਿੰਘ ਬਮਰਾਹ ਨੇ ਮਰਹੂਮ ਸ਼ਾਇਰ ਸੁਰਜੀਤ ਪਾਤਰ ਨੂੰ ਯਾਦ ਕਰਦਿਆਂ ਉਹਨਾਂ ਦੀ ਇਕ ਗਜ਼ਲ ਤੁਰੰਨਮ ਵਿਚ ਸੁਣਾਈ।
ਇਸ ਮੌਕੇ ਪੰਜਾਬ ਐਂਡ ਚੰਡੀਗੜ ਜਰਨਲਿਸਟ ਯੂਨੀਅਨ ਦੀ ਅੰਮ੍ਰਿਤਸਰ ਦਿਹਾਤੀ ਇਕਾਈ ਵੱਲੋਂ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨ ਵਾਲੇ ਸੱਤ ਅਧਿਕਾਰੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਜਿਨ੍ਹਾਂ ਵਿਚ ਸੁਖਵਿੰਦਰ ਪਾਲ ਸਿੰਘ ਡੀ ਐੱਸ ਪੀ ਵਿਜੀਲੈਂਸ ਪਠਾਨਕੋਟ,ਜ਼ਿਲ੍ਹਾ ਮੰਡੀ ਅਫ਼ਸਰ ਅਮਨਦੀਪ ਸਿੰਘ,ਕਾਮੇਡੀਅਨ ਸੁਰਿੰਦਰ ਫਰਿਸਤਾ, ਡਾ ਗੁਰਵਿੰਦਰ ਸਿੰਘ ਬੱਲ ਪੀ ਜੀ ਆਈ ਚੰਡੀਗੜ੍ਹ, ਸੀਨੀਅਰ ਸਹਾਇਕ ਮੁਖਤਾਰ ਸਿੰਘ, ਪ੍ਰਿੰਸੀਪਲ ਰਾਜੀਵ ਕਪੂਰ ਬਿਆਸ, ਮਿਸ ਬਾਵਾ ਚੀਮਾ ਬਾਠ ਦੇ ਨਾਮ ਸ਼ਾਮਲ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਸ ਡੀ ਐਮ ਬਾਬਾ ਬਕਾਲਾ ਸ ਅਮਨਪ੍ਰੀਤ ਸਿੰਘ, ਡੀ ਐੱਸ ਪੀ ਡੀ ਬਲਰਾਜ ਸਿੰਘ ਹਾਜ਼ਰ ਹੋਏ ਅਤੇ ਯੂਨੀਅਨ ਵਲੋ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਦਿਹਾਤੀ ਇਕਾਈ ਦੇ ਚੇਅਰਮੈਨ ਦਵਿੰਦਰ ਸਿੰਘ ਭੰਗੂ, ਪ੍ਰਧਾਨ ਰਜਿੰਦਰ ਰਿਖੀ, ਸਕੱਤਰ ਜਨਰਲ ਬਲਰਾਜ ਸਿੰਘ ਰਾਜਾ ,ਰਾਜਨ ਮਾਨ, ਸੁਰਜੀਤ ਸਿੰਘ,ਜਗਦੀਸ਼ ਸਿੰਘ ਬਮਰਾਹ, ਰਾਕੇਸ਼ ਬਾਬਾ ਬਕਾਲਾ, ਪਰਮਿੰਦਰ ਸਿੰਘ ਜੋਸਨ ਜੰਡਿਆਲਾ ਗੁਰੂ, ਐਨ ਪੀ ਧਵਨ, ਦਵਿੰਦਰ ਬਜਾਜ,ਪ੍ਰਿੰਸੀਪਲ ਦਿਲਬਾਗ ਸਿੰਘ ਮਾਨ,ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ, ਨਗਰ ਪੰਚਾਇਤ ਬਾਬਾ ਬਕਾਲਾ ਦੇ ਪ੍ਰਧਾਨ ਸੁਰਜੀਤ ਸਿੰਘ ਕੰਗ, ਕਾਂਗਰਸ ਦੇ ਪ੍ਰਦੀਪ ਸਿੰਘ ਭਲਾਈਪੁਰ, ਜਰਮਨ ਜੀਤ ਸਿੰਘ ਜਸਪਾਲ ਸਮੇਤ ਵੱਡੀ ਗਿਣਤੀ ਵਿਚ ਪੱਤਰਕਾਰ,ਸਿਆਸੀ ਆਗੂ ਅਤੇ ਸਿਵਲ ਅਧਿਕਾਰੀ ਪੁੱਜੇ ਹੋਏ ਸਕੈਪਸਨ- ਪੰਜਾਬ ਐਡ ਚੰਡੀਗੜ੍ਹ ਯੂਨੀਅਨ ਦੇ ਪੰਜਾਬ ਪੱਧਰੀ ਸੈਮੀਨਾਰ ਦੌਰਾਨ ਮੁੱਖ ਬੁਲਾਰੇ ਅਤੇ ਆਪਣੀ ਡਿਊਟੀ ਦੌਰਾਨ ਚੰਗਾ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਕਰਨ ਸਮੇਂ ਯੂਨੀਅਨ ਆਗੂ ਅਤੇ ਐੱਸ ਡੀ ਐਮ ਬਾਬਾ ਬਕਾਲਾ ਅਮਨਦੀਪ ਸਿੰਘ ,ਡੀ ਪੀ ਆਰ ਉ ਸੇਰ ਜੰਗ ਸਿੰਘ ਹੁੰਦਲ, ਡੀ ਐੱਸ ਪੀ ਬਲਰਾਜ ਸਿੰਘ ਤੇ ਹੋਰ।
ਇਸ ਮੌਕੇ ਕਲਗੀਧਰ ਪਬਲਿਕ ਸਕੂਲ ਦੇ ਬੱਚਿਆਂ ਵਲੋਂ ਨਸ਼ਿਆਂ ਦੇ ਖਿਲਾਫ ਇਕ ਨਾਟਕ ਵੀ ਖੇਡਿਆ ਗਿਆ। ਬੱਚਿਆਂ ਵਲੋਂ ਸਮਾਜਿਕ ਕੋਹੜ ਨੂੰ ਦੂਰ ਕਰਨ ਲਈ ਦਿੱਤੇ ਗਏ ਸੰਦੇਸ਼ ਅਤੇ ਸਫਲ ਪੇਸ਼ਕਾਰੀ ਦੀ ਦਰਸ਼ਕਾਂ ਨੇ ਭਰਪੂਰ ਪ੍ਰਸੰਸਾ ਕੀਤੀ।