Headlines

ਸੁਖਬੀਰ ਬਾਦਲ ਦੀ ਬੇਟੀ ਹਰਕੀਰਤ ਕੌਰ ਦਾ ਐਨ ਆਰ ਆਈ ਕਾਰੋਬਾਰੀ ਤੇਜਬੀਰ ਸਿੰਘ ਤੂਰ ਨਾਲ ਹੋਇਆ ਧੂਮਧਾਮ ਨਾਲ ਵਿਆਹ

ਨਵੀ ਦਿੱਲੀ ਦੇ ਫਾਰਮ ਹਾਉਸ ਵਿਚ ਹੋਏ ਸਮਾਗਮ ਦੌਰਾਨ ਵੱਡੇ ਸਿਆਸੀ ਆਗੂਆਂ ਨੇ ਜੋੜੀ ਨੂੰ ਦਿੱਤਾ ਅਸ਼ੀਰਵਾਦ-
ਨਵੀਂ ਦਿੱਲੀ ( ਦਿਓਲ)- ਸ਼੍ਰੋਮਣੀ ਅਕਾਲੀ ਦਲ ਦੇ ਅਸਤੀਫਾ ਦੇ ਚੁੱਕੇ  ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸ  ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਅਕਾਲੀ ਐਮ ਪੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਵੱਡੀ ਬੇਟੀ ਹਰਕੀਰਤ ਕੌਰ ਦਾ ਸ਼ੁਭ ਵਿਆਹ ਬੀਤੀ 12 ਫਰਵਰੀ ਨੂੰ ਕਪੂਰਥਲਾ ਦੇ ਪਿੰਡ ਪੱਤੜ ਕਲਾਂ ਨਾਲ ਸਬੰਧਿਤ ਕੈਨੇਡਾ ਅਤੇ ਆਬੂਧਾਬੀ ਦੇ ਉਘੇ ਐਨ ਆਰ ਆਈ ਕਾਰੋਬਾਰੀ  ਸਰਦਾਰ ਗੁਰਦੀਪ ਸਿੰਘ ਤੂਰ ਤੇ ਸਰਦਾਰਨੀ ਬਲਜਿੰਦਰ ਕੌਰ  ਦੇ ਸਪੁੱਤਰ  ਤੇਜਬੀਰ ਸਿੰਘ ਤੂਰ ਦੇ ਨਾਲ ਹੋਇਆ। ਇਹ ਵਿਆਹ ਸਮਾਗਮ ਰਾਜਧਾਨੀ ਦਿੱਲੀ  ਦੇ ਨੇੜੇ  ਪੁੰਜ ਫਾਰਮ, ਪ੍ਰਕਿਰਤੀ ਮਾਰਗ ਸੁਲਤਾਨਪੁਰ ਵਿਖੇ ਕੀਤਾ ਗਿਆ, ਜਿੱਥੇ ਦੇਸ਼ ਦੇ ਵੱਡੇ ਸਿਆਸੀ ਆਗੂ, ਕਾਰੋਬਾਰੀ ਤੇ ਬਾਦਲ ਪਰਿਵਾਰ ਦੇ ਕਰੀਬੀ ਸੱਜਣ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਪੁੱਜੇ।
ਇਸ ਮੌਕੇ ਸੁਖਬੀਰ ਸਿੰਘ ਬਾਦਲ,  ਹਰਸਿਮਰਤ ਕੌਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਵਿਆਹ ਸਮਾਗਮ ਵਿਚ ਪੁੱਜੇ ਭਾਜਪਾ ਸਮੇਤ ਹੋਰ ਪਾਰਟੀਆਂ ਦੇ ਦਿੱਗਜ਼ ਆਗੂਆਂ ਦੀ ਮਹਿਮਾਨ ਨਿਵਾਜ਼ੀ ਕਰਦੇ ਦਿਖਾਈ ਦਿੱਤੇ। ਵਿਆਹ ਦਾ ਪ੍ਰੋਗਰਾਮ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ ਹੋਇਆ ਸੀ। ਪੂਰੇ ਫਾਰਮ ਹਾਊਸ ਦੀ ਫੁੱਲਾਂ ਨਾਲ ਬਹੁਤ ਹੀ ਸੋਹਣੇ ਤਰੀਕੇ ਨਾਲ ਸਜ਼ਾਵਟ ਕੀਤੀ ਹੋਈ ਸੀ।
ਵਿਆਹ ਸਮਾਗਮ ਦੌਰਾਨ  ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਵਾਲਿਆਂ ਵਿਚ ਕੇਂਦਰੀ ਮੰਤਰੀ ਨਿਤਿਨ ਗਡਕਰੀ, ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਮੰਤਰੀ ਪਿਊਸ਼ ਗੋਇਲ, ਰਵੀ ਸ਼ੰਕਰ ਪ੍ਰਸ਼ਾਦ, ਕੇਂਦਰੀ ਮੰਤਰੀ ਅਨੁਪ੍ਰਿਯਾ ਪਟੇਲ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਉਨ੍ਹਾਂ ਦੀ ਪਤਨੀ ਡਿੰਪਲ ਯਾਦਵ, ਹਰਿਆਣਾ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਇਨੈਲੋ ਦੇ ਆਗੂ ਅਭੈ ਚੌਟਾਲਾ, ਅਜੈ ਚੌਟਾਲਾ, ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੋਕਿ ਬਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਰਿਸ਼ਤੇਦਾਰ ਹਨ, ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਕੇਂਦਰੀ ਮੰਤਰੀ ਚਿਰਾਗ਼ ਪਾਸਵਾਨ, ਅਧਿਆਤਮਕ ਗੁਰੂ ਸ੍ਰੀ ਸ੍ਰੀ ਰਵੀਸ਼ੰਕਰ, ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ, ਰਾਣਾ ਗੁਰਮੀਤ ਸਿੰਘ ਸੋਢੀ, ਅਰਵਿੰਦ ਖੰਨਾ, ਸਾਬਕਾ ਐਮ ਪੀ ਨਰੇਸ਼ ਗੁਜਰਾਲ, ਮਹਾਰਾਣੀ ਪ੍ਰਨੀਤ ਕੌਰ, ਸਾਬਕਾ ਮੰਤਰੀ ਪੰਜਾਬ ਕਾਕਾ ਰਣਦੀਪ ਸਿੰਘ, ਰੋਜ਼ਾਨਾ ਅਜੀਤ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਤੋਂ ਇਲਾਵਾ, ਪਾਰਟੀ ਦੀ ਸਾਰੀ ਲੀਡਰਸ਼ਿਪ ਸਮੇਤ ਹੋਰ ਵੱਡੀ ਗਿਣਤੀ ਵਿਚ ਧਾਰਮਿਕ ਅਤੇ ਸਿਆਸੀ ਆਗੂ ਮੌਜੂਦ ਸਨ।
ਇਸ ਦੌਰਾਨ ਪ੍ਰਸਿੱਧ ਗਾਇਕਾ ਹਰਸ਼ਦੀਪ ਕੌਰ ਆਪਣੀ ਗਾਇਕੀ ਨਾਲ ਚੰਗਾ ਰੰਗ ਬੰਨਿਆਂ। ਇਸਤੋਂ ਪਹਿਲਾਂ ਪ੍ਰਸਿੱਧ ਗਾਇਕ ਮੀਕਾ ਸਿੰਘ ਦੇ ਗੀਤਾਂ ’ਤੇ ਬਿਕਰਮ ਸਿੰਘ ਮਜੀਠੀਆਂ ਨਾਲ ਨਵ ਵਿਆਹੀ ਜੋੜੀ ਵੀ ਨਚਦੀ ਦਿਖਾਈ ਦਿੱਤੀ।

Leave a Reply

Your email address will not be published. Required fields are marked *