ਵਿਕਟੋਰੀਆ ( ਦੇ ਪ੍ਰ ਬਿ)- – ਬੀ.ਸੀ. ਦੇ ਸਭ ਤੋਂ ਘੱਟ ਭੁਗਤਾਨ ਲੈਣ ਵਾਲੇ ਕਾਮਿਆਂ ਨੂੰ ਪਹਿਲੀ ਜੂਨ, 2025 ਤੋਂ ਆਪਣੇ ਭੁਗਤਾਨ ਵਿੱਚ 2.6% ਦਾ ਵਾਧਾ ਦੇਖਣ ਨੂੰ ਮਿਲੇਗਾ, ਜੋ ਕਿ ਮਹਿੰਗਾਈ ਦੇ ਅਨੁਕੂਲ ਹੈ।
ਆਮ ‘ਮਿਨੀਮਮ ਵੇਜ’ (ਪ੍ਰਤੀ ਘੰਟਾ ਘੱਟ ਤੋਂ ਘੱਟ ਉਜਰਤ ) $17.40 ਤੋਂ ਵੱਧ ਕੇ $17.85 ਪ੍ਰਤੀ ਘੰਟਾ ਹੋ ਰਹੀ ਹੈ। ਅਜਿਹਾ 2024 ਦੀ ਬਸੰਤ ਵਿੱਚ ‘ਇੰਪਲੌਇਮੈਂਟ ਸਟੈਂਡਰਡਜ਼ ਐਕਟ’ (Employment Standards Act) ਵਿੱਚ ਕੀਤੀਆਂ ਗਈਆਂ ਤਬਦੀਲੀਆਂ ਤੋਂ ਬਾਅਦ ਹੋਇਆ ਹੈ, ਜਿਸ ਨੇ ਭੁਗਤਾਨ ਵਿੱਚ ਸਲਾਨਾ ਵਾਧੇ ਨੂੰ ਲਾਜ਼ਮੀ ਬਣਾਇਆ ਸੀ।
ਘੱਟੋ ਘੱਟ ਉਜਰਤ ਵਾਧੇ ਵਿਚ ਐਲਾਨ ਦਾ ਐਲਾਨ ਕਰਦਿਆਂ ਕਿਰਤ ਮੰਤਰੀ ਜੈਨੀਫਰ ਵਾਈਟਸਾਈਡ ਨੇ ਕਿਹਾ ਹੈ ਕਿ “ਮਿਨੀਮਮ ਵੇਜ ਕਮਾਉਣ ਵਾਲੇ ਲੋਕ ਗ੍ਰੋਸਰੀ, ਕਿਰਾਏ ਅਤੇ ਗੈਸ ਦੀਆਂ ਅਚਾਨਕ ਵਧਣ ਵਾਲੀਆਂ ਕੀਮਤਾਂ ਦੇ ਜੋਖਮ ਪ੍ਰਤੀ ਕਮਜ਼ੋਰ ਹਨ, “ਇਸ ਲਈ ਅਸੀਂ ਪਿਛਲੇ ਸਾਲ ਇਹ ਯਕੀਨੀ ਬਣਾਉਣ ਲਈ ਕਾਰਵਾਈ ਕੀਤੀ ਸੀ ਕਿ ਮਿਨੀਮਮ ਵੇਜ, ਰਹਿਣ-ਸਹਿਣ ਦੇ ਖ਼ਰਚਿਆਂ ਦੇ ਮੁਤਾਬਕ ਰਹੇ ਤਾਂ ਜੋ ਕਾਮੇ ਵਿੱਤੀ ਤੌਰ ‘ਤੇ ਪਿੱਛੇ ਨਾ ਰਹਿ ਜਾਣ।“
ਰੈਜ਼ੀਡੈਂਸ਼ੀਅਲ ਕੇਅਰਟੇਕਰਾਂ, ਲਿਵ-ਇਨ ਸੁਪੋਰਟ ਵਰਕਰਾਂ, ਕੈਂਪ ਲੀਡਰਾਂ ਅਤੇ ਐਪ-ਅਧਾਰਤ ਰਾਈਡ-ਹੇਲਿੰਗ ਅਤੇ ਡਿਲੀਵਰੀ ਸੇਵਾਵਾਂ ਵਿੱਚ ਕੰਮ ਕਰਨ ਵਾਲਿਆਂ ਲਈ ਮਿਨੀਮਮ ਵੇਜ ਦੀਆਂ ਦਰਾਂ ਵਿੱਚ 1 ਜੂਨ ਨੂੰ 2.6% ਦਾ ਵਾਧਾ ਹੋਵੇਗਾ। 31 ਦਸੰਬਰ, 2025 ਨੂੰ ਹੱਥ ਨਾਲ ਕਟਾਈ ਕੀਤੀਆਂ ਜਾਣ ਵਾਲੀਆਂ 15 ਫਸਲਾਂ (hand-harvested crops) ਲਈ ‘ਮਿਨੀਮਮ ਪੀਸ ਰੇਟ’ (ਪ੍ਰਤੀ ਪੀਸ ਘੱਟ ਟੋ ਘੱਟ ਭੁਗਤਾਨ) ਦੀਆਂ ਦਰਾਂ ਵਿੱਚ ਵੀ ਇੰਨੇ ਹੀ ਪ੍ਰਤੀਸ਼ਤ ਦਾ ਵਾਧਾ ਹੋਵੇਗਾ।
ਹੋਰ ਜਾਣੋ:
ਬੀ.ਸੀ. ਦੀ ‘ਮਿਨੀਮਮ ਵੇਜ’ ਬਾਰੇ ਹੋਰ ਜਾਣਕਾਰੀ ਲਈ, ਇੱਥੇ ਜਾਓ:
https://www2.gov.bc.ca/gov/content/employment-business/employment-standards- advice/employment-standards/wages/minimum-wage