ਸਰੀ ( ਪ੍ਰਭਜੋਤ ਕਾਹਲੋਂ)– ਰੁੱਖਾਂ ਦੀ ਅਣਉਚਿਤ ਕਟਾਈ ਜਾਂ ਗ਼ਲਤ ਤਰੀਕੇ ਨਾਲ ਦਰੱਖਤਾਂ ਦੀ ਛਟਾਈ (ਪਰੂਨਿੰਗ) ਕਰਨ ਨਾਲ ਉਹ ਕਮਜ਼ੋਰ ਹੋ ਸਕਦੇ ਹਨ ਜਾਂ ਸੁੱਕ ਸਕਦੇ ਹਨ। ਇਸ ਕਰਕੇ ਸਰੀ ਸਿਟੀ ਕੌਂਸਲ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਸਰਕਾਰੀ ਜ਼ਮੀਨ ‘ਤੇ ਦਰੱਖਤਾਂ ਦੀ ਦੇਖਭਾਲ ਸਿਰਫ਼ ਸ਼ਹਿਰੀ ਆਰਬੋਰਿਸਟਸ (ਵਨ ਵਿਭਾਗ ਦੇ ਮਾਹਿਰਾਂ) ਨੂੰ ਕਰਨ ਦਿਓ। ਸਰਕਾਰੀ ਜ਼ਮੀਨ ‘ਤੇ ਦਰੱਖਤਾਂ ਨੂੰ ਨੁਕਸਾਨ ਪਹੁੰਚਾਉਣਾ ਜਾਂ ਕੱਟਣਾ ਸਰੀ ਦੇ ਟਰੀ ਪ੍ਰੋਟੈਕਸ਼ਨ ਬਾਈਲਾਅ (Tree Protection Bylaw ) ਦੇ ਵਿਰੁੱਧ ਹੈ, ਅਤੇ ਇੱਕ ਉਲੰਘਣਾ ਲਈ $20,000 ਤੱਕ ਜੁਰਮਾਨਾ ਹੋ ਸਕਦਾ ਹੈ।
ਸਰੀ ਦੇ ਸ਼ਹਿਰੀ ਜੰਗਲਾਤ ਦੇ ਮੈਨੇਜਰ ਰੌਬ ਲੈਂਡੁਚੀ ਨੇ ਕਿਹਾ,”ਸਾਡੀਆਂ ਗਲੀਆਂ ਵਿੱਚ ਲੱਗੇ ਦਰੱਖਤ ਇੱਕ ਕੀਮਤੀ ਸੰਪਤੀ ਹਨ ਅਤੇ ਅਸੀਂ ਉਨ੍ਹਾਂ ਦੀ ਠੀਕ ਤਰੀਕੇ ਨਾਲ ਦੇਖਭਾਲ ਕਰਨ ਲਈ ਵਚਨਬੱਧ ਹਾਂ”। “ਜਿਵੇਂ-ਜਿਵੇਂ ਇਹ ਦਰੱਖਤ ਵੱਡੇ ਹੁੰਦੇ ਹਨ, ਉਹ ਠੰਡਕ ਪ੍ਰਦਾਨ ਕਰਨ, ਸ਼ਹਿਰੀ ਤਾਪਮਾਨ ਘਟਾਉਣ, ਵਰਖਾ ਜਲ ਪ੍ਰਬੰਧਨ ਵਿੱਚ ਮੱਦਦ ਕਰਨ ਅਤੇ ਹਵਾ ਨੂੰ ਸਾਫ਼ ਕਰਨ ਵਿੱਚ ਯੋਗਦਾਨ ਪਾਉਣ ਦੇ ਨਾਲ ਸਾਡੀ ਜਾਇਦਾਦ ਦੀਆਂ ਕਦਰਾਂ ਕੀਮਤਾਂ ਨੂੰ ਵਧਾਉਣ ਅਤੇ ਸਾਡੀ ਮਾਨਸਿਕ ਤੇ ਸਰੀਰੀ ਭਲਾਈ ਵਿੱਚ ਸਹਾਇਤਾ ਕਰਦੇ ਹਨ”
ਜਦੋਂ ਸਥਿਰ ਵਿਕਾਸ ਦੀ ਗੱਲ ਆਉਂਦੀ ਹੈ ਤਾਂ ਸਰੀ ਸਥਾਨਕ ਨਗਰ ਪਾਲਿਕਾਵਾਂ ਵਿੱਚ ਅੱਗੇ ਹੈ, ਤੇ ਇਹ ਯਕੀਨੀ ਬਣਾਉਣ ਲਈ ਨਿਰੰਤਰ ਕੰਮ ਕਰ ਰਿਹਾ ਹੈ ਕਿ ਇਹ ਖ਼ੁਸ਼ਹਾਲ, ਹਰਿਆ-ਭਰਿਆ ਅਤੇ ਸੁਹਾਵਣਾ ਸ਼ਹਿਰ ਬਣਿਆ ਰਹੇ। ਸ਼ਹਿਰ ਦੀ ਸਰਕਾਰੀ ਜ਼ਮੀਨ ‘ਤੇ 113,000 ਤੋਂ ਵੱਧ ਰੁੱਖ ਹਨ ਅਤੇ ਸਾਡੇ ਸ਼ਹਿਰੀ ਜੰਗਲ ਦਾ ਵਿਸਥਾਰ ਕਰਨ ਲਈ ਪਿਛਲੇ ਸਾਲ 2,100 ਵਾਧੂ ਰੁੱਖ ਲਗਾਏ ਗਏ ਸਨ। ਇਨ੍ਹਾਂ ਰੁੱਖਾਂ ਦੀ ਨਿਯਮਤ ਨਿਗਰਾਨੀ ਅਤੇ ਦੇਖਭਾਲ ਸ਼ਹਿਰ ਦੀ ਪ੍ਰਮਾਣਿਤ, ਪੇਸ਼ੇਵਾਰ ਆਰਬੋਰਿਸਟਾਂ ਦੀ ਟੀਮ ਦੁਆਰਾ ਕੀਤੀ ਜਾਂਦੀ ਹੈ, ਜਿਨ੍ਹਾਂ ਨੇ 2024 ਵਿੱਚ 23,500 ਤੋਂ ਵੱਧ ਰੁੱਖਾਂ ਦੀ ਕਟਾਈ ਕੀਤੀ, ਜੋ ਪ੍ਰਤੀ ਮਹੀਨਾ ਲਗਭੱਗ 2,000 ਬਣਦੇ ਹਨ।
ਜੇਕਰ ਤੁਹਾਡੇ ਘਰ ਜਾਂ ਵਪਾਰ ਦੇ ਕੋਲ ਕਿਸੇ ਸਰਕਾਰੀ ਦਰੱਖਤ ਨੂੰ ਛਟਾਈ ਦੀ ਲੋੜ ਹੈ, ਤਾਂ 604-501-5050 ‘ਤੇ ਕਾਲ ਕਰੋ ਜਾਂ ਆਨਲਾਈਨ ਰਿਪੋਰਟ ਦਾਖਲ ਕਰੋ। ਇਹ ਜਾਣਨ ਲਈ ਕਿ ਦਰੱਖਤ ਸ਼ਹਿਰੀ ਜ਼ਮੀਨ ‘ਤੇ ਹੈ ਜਾਂ ਨਹੀਂ, ਸਰੀ ਮੈਪਿੰਗ ਆਨਲਾਈਨ ਸਿਸਟਮ COSMOS ਚੈੱਕ ਕਰੋ, ਅਤੇ (“Park Specimen Trees” ਖੋਜੋ) ਜੋ ਸ਼ਹਿਰ ਦੇ ਦਰੱਖਤਾਂ ਨੂੰ ਨਕਸ਼ੇ ‘ਤੇ ਵਖਾਉਂਦਾ ਹੈ । ਯਾਦ ਰੱਖੋ, ਸ਼ਹਿਰੀ ਦਰੱਖਤਾਂ ਨੂੰ ਇਜਾਜ਼ਤ ਤੋਂ ਬਿਨਾਂ ਕੱਟਣਾ ਸਿਟੀ ਨਿਯਮਾਂ ਦੇ ਵਿਰੁੱਧ ਹੈ।
ਹੋਰ ਜਾਣਕਾਰੀ ਲਈ, surrey.ca/treepruning ‘ਤੇ ਜਾਓ।