ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬਾਇਡਨ ਪ੍ਰਸ਼ਾਸਨ ਵੱਲੋਂ ਵੋਟ ਫ਼ੀਸਦ ਵਧਾਉਣ ਲਈ ਭਾਰਤ ਨੂੰ 2.1 ਕਰੋੜ ਡਾਲਰ ਦੇਣ ਦੇ ਫ਼ੈਸਲੇ ’ਤੇ ਮੁੜ ਸਵਾਲ ਚੁੱਕੇ ਹਨ। ਟਰੰਪ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਬਾਇਡਨ ਪ੍ਰਸ਼ਾਸਨ ਭਾਰਤ ’ਚ ਕਿਸੇ ਹੋਰ ਨੂੰ ਸੱਤਾ ’ਤੇ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਟਰੰਪ ਨੇ ਵੀਰਵਾਰ ਨੂੰ ਮਿਆਮੀ ’ਚ ਐੱਫਆਈਆਈ ਤਰਜੀਹੀ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀਆਂ ਕੀਤੀਆਂ। ਉਨ੍ਹਾਂ ਪਹਿਲਾਂ ਵੀ ਅਜਿਹੇ ਫਿਕਰ ਜਤਾਏ ਸਨ ਅਤੇ ਮਾਲੀ ਸਹਾਇਤਾ ਦੇਣ ਦੀ ਲੋੜ ’ਤੇ ਸਵਾਲ ਚੁੱਕੇ ਸਨ। ਉਨ੍ਹਾਂ ਸੰਮੇਲਨ ਦੌਰਾਨ ਕੁਝ ਮਿਸਾਲਾਂ ਵੀ ਦਿੱਤੀਆਂ ਕਿ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਅਮਰੀਕਾ ਦਾ ਪੈਸਾ ਕਿਥੇ ਜਾ ਰਿਹਾ ਸੀ। ਉਨ੍ਹਾਂ ਕਿਹਾ, ‘‘ਭਾਰਤ ’ਚ ਵੋਟ ਫ਼ੀਸਦ ਵਧਾਉਣ ਲਈ 2.1 ਅਰਬ ਡਾਲਰ ਖ਼ਰਚ ਕਰਨ ਦੀ ਸਾਨੂੰ ਲੋੜ ਕਿਉਂ ਹੈ? ਮੈਨੂੰ ਜਾਪਦਾ ਹੈ ਕਿ ਬਾਇਡਨ ਪ੍ਰਸ਼ਾਸਨ ਕਿਸੇ ਹੋਰ ਨੂੰ ਸੱਤਾ ’ਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਾਨੂੰ ਇਹ ਗੱਲ ਭਾਰਤ ਸਰਕਾਰ ਨੂੰ ਦੱਸਣੀ ਪਵੇਗੀ।’’ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਤੋਂ ਇਲਾਵਾ ਬੰਗਲਾਦੇਸ਼ ’ਚ ਸਿਆਸਤ ਦੀ ਮਜ਼ਬੂਤੀ ਲਈ 2.9 ਕਰੋੜ ਡਾਲਰ ਦਿੱਤੇ ਗਏ ਪਰ ਏਸ਼ੀਆ ਵਧੀਆ ਕਰ ਰਿਹਾ ਹੈ, ਸਾਨੂੰ ਉਨ੍ਹਾਂ ਨੂੰ ਪੈਸਾ ਦੇਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਸਿਰਫ਼ ਕੁਝ ਫੰਡਿੰਗ ਹੈ ਪਰ ਸੂਚੀ ਬਹੁਤ ਲੰਮੀ ਹੈ। ਅਮਰੀਕਾ ਦੇ ਅਰਬਪਤੀ ਐਲਨ ਮਸਕ ਦੀ ਅਗਵਾਈ ਹੇਠਲੇ ਯੂਐੱਸ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸ਼ੀਐਂਸੀ (ਡੀਓਜੀਈ) ਵੱਲੋਂ ਭਾਰਤ ਵਿੱਚ ਵੋਟ ਫ਼ੀਸਦ ਵਧਾਉਣ ਲਈ ਦਿੱਤੇ ਗਏ 2.1 ਕਰੋੜ ਡਾਲਰ ਸਮੇਤ ਹੋਰ ਖ਼ਰਚਿਆਂ ਵਿੱਚ ਕਟੌਤੀ ਦਾ ਐਲਾਨ ਕੀਤਾ ਗਿਆ ਸੀ।
ਟਰੰਪ ਨੇ ਭਾਰਤ ਨੂੰ 2.1 ਕਰੋੜ ਡਾਲਰ ਦੀ ਫੰਡਿੰਗ ਲਈ ਬਾਇਡਨ ਪ੍ਰਸ਼ਾਸਨ ਤੇ ਚੁੱਕੇ ਸਵਾਲ
