ਪ੍ਰਿੰ. ਸਰਵਣ ਸਿੰਘ
ਹਕੀਮਪੁਰ–ਪੇਂਡੂ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਸ. ਹਰਬੰਸ ਸਿੰਘ ਪੁਰੇਵਾਲ ਯਾਦਗਾਰੀ ਖੇਡਾਂ 27-28 ਫਰਵਰੀ ਨੂੰ ਜਗਤਪੁਰ ਦੇ ਨਿਰੰਜਣ ਸਿੰਘ ਯਾਦਗਾਰੀ ਸਟੇਡੀਅਮ ਵਿਚ ਹੋ ਰਹੀਆਂ ਹਨ। ਪੁਰੇਵਾਲ ਸਪੋਰਟਸ ਕਲੱਬ ਦੇ ਸਮੂਹ ਮੈਂਬਰਾਂ, ਪੰਚਾਇਤਾਂ ਤੇ ਪਰਵਾਸੀ ਖੇਡ ਪ੍ਰਮੋਟਰਾਂ ਵੱਲੋਂ 28ਵੀਆਂ ਪੁਰੇਵਾਲ ਖੇਡਾਂ ਲਈ ਲੱਖਾਂ ਦੇ ਇਨਾਮ ਰੱਖੇ ਗਏ ਹਨ। ਦੋਵੇਂ ਦਿਨ ਦੇਸ ਵਿਦੇਸ਼ ਦੇ ਨਾਮੀ ਖਿਡਾਰੀ ਖੇਡਾਂ ਦੇ ਜੌਹਰ ਵਿਖਾਉਣਗੇ। ਕਬੱਡੀ ਦੀਆਂ ਕਹਿੰਦੀਆਂ ਕਹਾਉਂਦੀਆਂ ਟੀਮਾਂ ਵਧ ਚੜ੍ਹ ਕੇ ਭਾਗ ਲੈ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚ ਕਬੱਡੀ ਦੇ ਲਗਭਗ ਸਾਰੇ ਸਟਾਰ ਖਿਡਾਰੀਆਂ ਦੀ ਖੇਡ ਵੇਖਣ ਨੂੰ ਮਿਲੇਗੀ।
ਖੇਡ ਮੇਲੇ ਤਾਂ ਦੇਸ਼ ਵਿਦੇਸ਼ ਵਿਚ ਬਹੁਤ ਹੁੰਦੇ ਹਨ ਪਰ ਹਕੀਮਪੁਰ ਦੇ ਪੁਰੇਵਾਲ ਖੇਡ ਮੇਲੇ ਦੀ ਸ਼ਾਨ ਨਿਆਰੀ ਹੈ। ਉਥੇ ਚੋਟੀ ਦੇ ਖਿਡਾਰੀਆਂ ਦੀ ਕਬੱਡੀ ਤੇ ਰੁਸਤਮ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇ ਨਾਲ ਵਿਰਾਸਤੀ ਤੇ ਆਧੁਨਿਕ ਓਲੰਪਿਕ ਖੇਡਾਂ ਦੇ ਮੁਕਾਬਲੇ ਵੀ ਹੁੰਦੇ ਹਨ। ਪੰਜਾਬੀ ਖੇਡ ਸਭਿਆਚਾਰ ਦਾ ਭਰਪੂਰ ਜਲੌਅ ਦਿਸਦਾ ਹੈ। ਮੀਡੀਏ ਨੇ ਪੁਰੇਵਾਲ ਖੇਡ ਮੇਲੇ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਇਨਾਮੀ ਪੇਂਡੂ ਖੇਡ ਮੇਲਾ ਕਹਿ ਕੇ ਵਡਿਆਇਆ ਹੈ।
ਹਕੀਮਪੁਰ ਦੇ ਪੁਰੇਵਾਲ ਭਰਾਵਾਂ ਮਲਕੀਤ ਸਿੰਘ, ਚਰਨ ਸਿੰਘ ਤੇ ਗੁਰਜੀਤ ਸਿੰਘ ਨੇ ਆਪਣੇ ਪਿਤਾ ਸ. ਹਰਬੰਸ ਸਿੰਘ ਪੁਰੇਵਾਲ ਦੀ ਯਾਦ ਵਿਚ ਇਹ ਖੇਡਾਂ 1988 ਵਿਚ ਸ਼ੁਰੂ ਕੀਤੀਆਂ ਸਨ। ਕਬੱਡੀ ਦਾ ਇਨਾਮ ਲੱਖ ਰੁਪਏ ਦਾ ਰੱਖਣ ਕਰਕੇ ਇਹ ਖੇਡਾਂ ਲੱਖਾਂ ਦੇ ਇਨਾਮਾਂ ਵਾਲੀਆਂ ‘ਪੇਂਡੂ ਉਲੰਪਿਕ ਖੇਡਾਂ’ ਵਜੋਂ ਮਸ਼ਹੂਰ ਹੋ ਗਈਆਂ। ਇਸ ਨੂੰ ਦੁਆਬੇ ਦੀ ਪੇਂਡੂ ਉਲੰਪਿਕਸ ਵੀ ਕਿਹਾ ਜਾਂਦੈ। ਕੋਵਿਡ ਕਾਲ ਦੌਰਾਨ ਦੋ ਸਾਲ ਇਹ ਖੇਡਾਂ ਨਹੀਂ ਸੀ ਹੋ ਸਕੀਆਂ। 26ਵੀਆਂ ਤੇ 27ਵੀਆਂ ਖੇਡਾਂ ਪਿੱਛੋਂ ਹੁਣ 28ਵੀਆਂ ਪੁਰੇਵਾਲ ਖੇਡਾਂ ਵੇਖਣ ਦਾ ਸੁਨਹਿਰੀ ਮੌਕਾ ਹੈ ਜਿਸ ਲਈ ਸਭਨਾਂ ਨੂੰ ਨਿੱਘਾ ਸੱਦਾ ਹੈ। ਸਟੇਡੀਅਮ ਏਡਾ ਵੱਡਾ ਹੈ ਕਿ ਹਜ਼ਾਰਾਂ ਦਰਸ਼ਕ ਬੜੇ ਆਰਾਮ ਨਾਲ ਸਾਰੀਆਂ ਖੇਡਾਂ ਦੇ ਨਜ਼ਾਰੇ ਮਾਣ ਸਕਦੇ ਹਨ।
ਪੁਰੇਵਾਲ ਖੇਡਾਂ ਦੇ ਉਹ ਨਜ਼ਾਰੇ ਕਮਾਲ ਦੇ ਹੁੰਦੇ ਹਨ ਜਦੋਂ ਬਾਜ਼ੀਗਰ ਬਾਜ਼ੀਆਂ ਪਾਉਂਦੇ, ਨਿਹੰਗ ਸਿੰਘ ਨੇਜ਼ਾਬਾਜ਼ੀ ਦੇ ਜੌਹਰ ਵਿਖਾਉਂਦੇ, ਘੋੜੇ ਨਾਚ ਕਰਦੇ, ਹਾਥੀ ਮੇਲ੍ਹਦੇ, ਸੁੰਡਾਂ ਨਾਲ ਸਲਾਮੀਆਂ ਦਿੰਦੇ, ਪਤੰਗਬਾਜ਼ ਪਤੰਗ ਉਡਾਉਂਦੇ, ਜੁਆਨ ਅਹਿਰਨਾਂ ਦੇ ਬਾਲੇ ਕੱਢਦੇ, ਬੋਰੀਆਂ ਚੁੱਕਦੇ ਤੇ ਕਸਬੀ ਕਲਾਕਾਰ ਦੰਗ ਕਰ ਦੇਣ ਵਾਲੇ ਕਰਤਬ ਵਿਖਾਉਂਦੇ ਹਨ। ਅਥਲੀਟ ਟਰੈਕ ਵਿਚ ਦੌੜਦੇ, ਬਜ਼ੁਰਗ ਮੂੰਗਲੀਆਂ ਫੇਰਦੇ, ਪਹਿਲਵਾਨ ਘੋਲ ਘੁਲਦੇ ਤੇ ਕਬੱਡੀ ਦੇ ਖਿਡਾਰੀ ਰੇਡਾਂ ਪਾਉਂਦੇ ਤੇ ਜੱਫੇ ਲਾਉਂਦੇ ਹਨ। ਕੁਸ਼ਤੀ ਦੇ ਅਖਾੜੇ ਵਿਚ ਰੁਸਤਮ ਪਹਿਲਵਾਨ ਜ਼ੋਰ ਅਜ਼ਮਾਈ ਕਰਦੇ ਦਿਸਦੇ ਹਨ। ਕਿਤੇ ਕੁੱਤਿਆਂ ਦੀਆਂ ਦੌੜਾਂ ਲੱਗਦੀਆਂ, ਕਿਤੇ ਬੈਲ ਗੱਡੀਆਂ ਦੀਆਂ ਤੇ ਵਿਚੇ ਹਲਟ ਦੌੜਾਂ ਲੱਗੀ ਜਾਂਦੀਆਂ ਹਨ। ਨੁਮਾਇਸ਼ਾਂ ਲਾਉਣ ਵਾਲੇ ਵੀ ਪਿੱਛੇ ਨਹੀਂ ਰਹਿੰਦੇ। ਪਰਵਾਸੀ ਭੈਣ ਭਰਾਵਾਂ ਦੇ ਮਿਲਣ ਗਿਲਣ ਦਾ ਪੁਰੇਵਾਲ ਖੇਡ ਮੇਲਾ ਵਧੀਆ ਮੌਕਾ ਪਰਦਾਨ ਕਰਦਾ ਹੈ।
ਇਸ ਵਾਰ ਅਮਰਦੀਪ ਕਾਲਜ ਮੁਕੰਦਪੁਰ ਦੇ ਬਾਨੀ ਸ. ਗੁਰਚਰਨ ਸਿੰਘ ਸ਼ੇਰਗਿੱਲ, ਪ੍ਰਿੰ. ਅਮਰਜੀਤ ਸਿੰਘ ਖਟਕੜ, ਸਵਰਗੀ ਗੁਰਮੀਤ ਡੇਹਲੋਂ ਤੇ ਕਬੱਡੀ ਕੋਚ ਲਾਡੀ ਜਗਤਪੁਰ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਕਬੱਡੀ ਦੇ ਪੁਰਾਣੇ ਖਿਡਾਰੀ ਅਤੇ ਪਰਵਾਸੀ ਖੇਡ ਪ੍ਰਮੋਟਰ ਵੀ ਸਨਮਾਨਿਤ ਕੀਤੇ ਜਾਣਗੇ।