Headlines

ਪੰਜਾਬ ਭਵਨ ਸਰੀ ਕੈਨੇਡਾ ਵਲੋਂ ਚਿੱਤਰਕਾਰ ਜਰਨੈਲ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ

ਸੁੱਖੀ ਬਾਠ ਵਲੋਂ ਜਰਨੈਲ ਸਿੰਘ ਦੀ ਯਾਦਗਾਰ ਲਈ 10 ਹਜ਼ਾਰ ਡਾਲਰ ਦੇਣ ਦਾ ਐਲਾਨ-

ਜਰਨੈਲ ਸਿੰਘ ਚਿੱਤਰਕਾਰੀ ਦਾ ‘ਜਰਨੈਲ’ ਸੀ-ਬੁਲਾਰੇ, ਸਮਾਗਮ ਮੌਕੇ ਸਾਹਿਤਕਾਰ, ਪੱਤਰਕਾਰ ਤੇ ਹੋਰ ਸ਼ਖ਼ਸੀਅਤਾਂ ਪੁੱਜੀਆਂ

ਸਰੀ, ( ਜੋਗਿੰਦਰ ਸਿੰਘ)-ਪੰਜਾਬ ਭਵਨ ਸਰੀ ‘ਚ ਕਰਵਾਏ ਗਏ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਦੀ ਯਾਦ ‘ਚ ਸਰਧਾਂਜਲੀ ਸਮਾਗਮ ਦੌਰਾਨ ਜਿਥੇ ਵੱਖ ਵੱਖ ਬੁਲਾਰਿਆਂ ਨੇ ਉਨ੍ਹਾਂ ਨੂੰ ਨਿੱਘੀ ਸਰਧਾਂਜਲੀ ਭੇਟ ਕੀਤੀ, ਉਥੇ ਜਰਨੈਲ ਸਿੰਘ ਦੀ ਯਾਦ ‘ਚ ਵਿਸ਼ੇਸ਼ ਐਵਾਰਡ ਵੀ ਸ਼ੁਰੂ ਕਰਨ ਜਾਂ ਯਾਦਗਾਰ ਉਸਾਰਨ ਦੇ ਸੁਝਾਅ ਵੀ ਦਿੱਤੇ | ਇਸੇ ਦੌਰਾਨ ਅਖੀਰ ‘ਚ ਬੋਲਦਿਆਂ ਸਮਾਗਮ ਦੇ ਮੁੱਖ ਪ੍ਰਬੰਧਕ ਸੁੱਖੀ ਬਾਠ ਨੇ ਚਿੱਤਰਕਾਰ ਜਰਨੈਲ ਸਿੰਘ ਦੀ ਯਾਦ ‘ਚ ਉਠਾਏ ਜਾਣ ਵਾਲੇ ਕਿਸੇ ਵੀ ਕਦਮ ਲਈ 10 ਹਜ਼ਾਰ ਡਾਲਰ ਦੇਣ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਜਰਨੈਲ ਸਿੰਘ ਚਿੱਤਰਕਾਰੀ ਦਾ ਉਹ ”ਜਰਨੈਲ” ਸੀ, ਜਿਸ ਨੇ ਪੂਰੀ ਜਿੰਦਗੀ ਸਿੱਖ ਇਤਿਹਾਸ, ਪੰਜਾਬੀ ਸੱਭਿਆਚਾਰ ਅਤੇ ਸਾਡੇ ਆਲੇ ਦੁਆਲੇ ਪਏ ਸੂਖਮ ਭਾਵਾਂ ‘ਚ ਰੰਗ ਭਰੇ ਨੇ | ਉਨ੍ਹਾਂ ਕਿਹਾ ਕਿ ਜਰਨੈਲ ਸਿੰਘ ਇਕ ਅਜਿਹੀ ਸਖ਼ਸੀਅਤ ਸਨ, ਜਿਨ੍ਹਾਂ ਦੀ ਚੁੱਪੀ ਵੀ ਬੋਲਦੀ ਸੀ ਅਤੇ ਉਹ ਸ਼ਾਂਤ ਸੁਭਾਅ ਰਹਿੰਦਿਆਂ ਵੀ ਗੁਣਾਂ ਦਾ ਵਗਦਾ ਦਰਿਆ ਸਨ ਤੇ ਨੈਤਿਕਤਾ ਉਨ੍ਹਾਂ ਦੇ ਗੁਣਾਂ ਦਾ ਇਕ ਗਹਿਣਾ ਸੀ | ਬਾਠ ਨੇ ਉਨ੍ਹਾਂ ਦੀਆਂ ਪੰਜਾਬ ਭਵਨ ਲਈ ਸੇਵਾਵਾਂ ਦਾ ਵੀ ਜ਼ਿਕਰ ਕੀਤਾ | ਉਨ੍ਹਾਂ ਚਿੱਤਰਕਾਰ ਜਰਨੈਲ ਸਿੰਘ ਦੇ ਪਰਿਵਾਰ ਦੀ ਕੈਨੇਡਾ ਵਾਪਸੀ ਤੇ ਉਨ੍ਹਾਂ ਦਾ ਚਿੱਤਰ ਪੰਜਾਬ ਭਵਨ ‘ਚ ਸਥਾਪਤ ਕਰਨ ਦੀ ਜਾਣਕਾਰੀ ਦਿੱਤੀ | ਇਸ ਮੌਕੇ ਸ. ਬਾਠ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੇਰੇ ਲਈ ਜਰਨੈਲ ਸਿੰਘ ਦੀ ਯਾਦ ਹਮੇਸ਼ਾ ਅਭੁੱਲ ਰਹੇਗੀ ਤੇ ਪੰਜਾਬ ਭਵਨ ਦੀ ਸਥਾਪਤੀ ਲਈ ਪਾਇਆ ਉਨ੍ਹਾਂ ਦਾ ਯੋਗਦਾਨ ਨਵੀਆਂ ਪੀੜੀਆਂ ਨੂੰ ਆਪਣੇ ਵਿਰਸੇ ਤੇ ਵਿਰਾਸਤ ਨਾਲ ਜੋੜਦਾ ਰਹੇਗਾ | ਸਰਧਾਂਜਲੀ ਸਮਾਰੋਹ ਦੀ ਸ਼ੁਰੂਆਤ ਕਰਦਿਆਂ ਲੇਖਕ ਅਮਰੀਕ ਪਲਾਹੀ ਨੇ ਚਿੱਤਰਕਾਰ ਜਰਨੈਲ ਸਿੰਘ ਦੀ ਜੀਵਨੀ ‘ਤੇ ਝਾਤ ਪਾਈ ਅਤੇ ਦੱਸਿਆ ਕਿ ਜਰਨੈਲ ਨੂੰ ਚਿੱਤਰ ਕਲਾ ਵਿਰਾਸਤ ‘ਚ ਮਿਲੀ ਸੀ ਤੇ ਉਨ੍ਹਾਂ ਦੇ ਪਿਤਾ ਕਿਰਪਾਲ ਸਿੰਘ ਵੀ ਇਕ ਨਾਮੀ ਚਿੱਤਰਕਾਰ ਸਨ | ਉਨ੍ਹਾਂ ਚਿੱਤਰਕਾਰ ਜਰਨੈਲ ਸਿੰਘ ਨੂੰ ਮਿਲੇ ਅਹਿਮ ਐਵਾਰਡਾਂ ਦਾ ਵੀ ਜ਼ਿਕਰ ਕੀਤਾ |   ਇਸ ਮੌਕੇ ਡਾ. ਸਰਨ ਸਿੰਘ ਨੇ ਕਿਹਾ ਕਿ ਜਰਨੈਲ ਸਿੰਘ ਇਕ ਚੰਗੇ ਚਿੱਤਰਕਾਰ ਦੇ ਨਾਲ ਖੂਬਸੂਰਤ ਇਨਸਾਨ ਵੀ ਸਨ, ਜਿਨ੍ਹਾਂ ‘ ਚ ਕਲਾਤਮਿਕ ਜਜ਼ਬਾ ਸਿਖਰ ਤੱਕ ਭਰਿਆ ਹੋਇਆ ਸੀ | ਲੇਖਕ ਪ੍ਰਿਤਪਾਲ ਸਿੰਘ ਸੋਹੀ ਨੇ ਕਿਹਾ ਕਿ ਜਰਨੈਲ ਸਿੰਘ ਦੀਆਂ ਬਣਾਈਆਂ ਤਸਵੀਰਾਂ ਹਮੇਸ਼ਾ ਸਾਨੂੰ ਉਨ੍ਹਾਂ ਦੀ ਯਾਦ ਨਾਲ ਜੋੜੀ ਰੱਖਣਗੀਆਂ ਤੇ ਉਨ੍ਹਾਂ ਦੇ ਪਾਏ ਪੂਰਨੇ ਨਵੀਆਂ ਪੀੜੀਆਂ ਲਈ ਆਦਰਸ ਹੋਣਗੇ  | ਉੱਘੇ ਪੱਤਰਕਾਰ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਜਰਨੈਲ ਸਿੰਘ ਚਿੱਤਰਕਾਰੀ ਦਾ ਉਹ ਜਰਨੈਲ ਸੀ, ਜਿਸ ਵਲੋਂ ਚਿੱਤਰਾਂ ਰਾਹੀਂ ਸਿਰਜਿਆ ਇਤਿਹਾਸ ਨਵੀਆਂ ਪੀੜੀਆਂ ਨੂੰ ਵਿਰਾਸਤ ਨਾਲ ਜੋੜੇਗਾ | ਉਨ੍ਹਾਂ ਦੱਸਿਆ ਕੈਨੇਡਾ ‘ਚ ਪੰਜਾਬੀ ਪ੍ਰੈਸ ਕਲੱਬ ਖੜੀ ਕਰਨ ‘ਚ ਉਨ੍ਹਾਂ ਦਾ ਅਹਿਮ ਰੋਲ ਸੀ | ਪੱਤਰਕਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਜਰਨੈਲ ਸਿੰਘ ਬੋਲਦੇ ਸਨ ਤਾਂ ਤੱਥ ਬੋਲਦੇ ਸਨ ਤੇ ਉਨ੍ਹਾਂ ਦੀ ਯਾਦ ਲੋਕ ਮਨਾਂ ‘ਚ ਜਿਉਂਦੀ ਰਹੇਗੀ | ਇਸੇ ਤਰ੍ਹਾਂ ਜਰਨੈਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਕਰੀਬੀ ਗੁਰਦੀਪ ਭੁੱਲਰ ਨੇ ਕਿਹਾ ਕਿ ਇਕ ਅਜਿਹੀ ਰੂਹ ਮੇਰੇ ਕੋਲੋਂ ਵਿੱਛੜ ਗਈ, ਜਿਸ ਦੀ ਮੇਰੀ ਜਿੰਦਗੀ ਨਾਲ ਕਰੀਬੀ ਸਾਂਝ ਸੀ | ਮੈਡਮ ਹਰਿੰਦਰ ਕੌਰ ਨੇ ਕਿਹਾ ਕਿ ਜਰਨੈਲ ਸਿੰਘ ਦੀਆਂ ਇਤਿਹਾਸਿਕ ਤੇ ਸਮਾਜਿਕ ਖੇਤਰ ‘ਚ ਅਭੁੱਲ ਯਾਦਾਂ ਹਨ ਤੇ ਜਰਨੈਲ ਸਿੰਘ ਇਕ ਸੰਸਥਾ ਸਨ | ਲੇਖਕ ਕਵਿੰਦਰ ਚਾਂਦ ਨੇ ਕਿਹਾ ਕਿ ਸਾਹਿਤਕ ਪੱਖ ਤੋਂ ਸੁਰਜੀਤ ਪਾਤਰ ਅਤੇ ਕਲਾ ਦੇ ਪੱਖ ਤੋਂ ਜਰਨੈਲ ਸਿੰਘ ਸਾਡੇ ਕੋਲੋਂ ਅਲਵਿਦਾ ਹੋ ਗਿਆ | ਉਨ੍ਹਾਂ ਕਿਹਾ ਕਿ ਜਰਨੈਲ ਨੂੰ ਹੁਣ ਅਸੀਂ ਚਿੱਤਰਾਂ ‘ਚੋਂ ਦੇਖਿਆ ਕਰਾਂਗੇ | ਗੁਰਬਾਜ ਸਿੰਘ ਬਰਾੜ ਨੇ ਕਿਹਾ ਕਿ ਜਰਨੈਲ ਸਿੰਘ ਵਲੋਂ ਬਣਾਏ ਇਕ ਚਿੱਤਰ ‘ਚੋਂ ਹਜ਼ਾਰਾਂ ਸ਼ਬਦ ਬੋਲਦੇ ਸਨ | ਉਨ੍ਹਾਂ ਕਲਾ ਅਕੈਡਮੀ ਨੂੰ ਯਾਦ ਵਜੋਂ ਸੰਭਾਲਣ ਦਾ ਸੁਨੇਹਾ ਦਿੱਤਾ | ਲੇਖਕ ਸੁਰਜੀਤ ਮਾਧੋਪੁਰੀ ਨੇ ਇਸ ਮੌਕੇ ਆਪਣੀ ਕਵਿਤਾ ‘ਯਾਰਾਂ ਦਾ ਯਾਰ ਤੁਰ ਗਿਆ’ ਰਾਹੀਂ ਜਰਨੈਲ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ | ਰੇਡੀਓ ਐਂਕਰ ਨਵਜੋਤ ਢਿੱਲੋਂ ਨੇ ਜਰਨੈਲ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਰੂਹ, ਕਲਾ ਕਿਰਤਾਂ ਤੇ ਯਾਦਾਂ ਹਮੇਸ਼ਾ ਸਾਡੇ ਅੰਗ ਸੰਗ ਰਹਿਣਗੀਆਂ | ਇਸ ਤੋਂ ਇਲਾਵਾ ਸਰਧਾਂਜਲੀ ਸਮਾਗਮ ਦੌਰਾਨ ਪ੍ਰਿਤਪਾਲ ਸਿੰਘ ਗਿੱਲ ਨੇ ਕਿਹਾ ਕਿ ਦੀਵੇ ਦੀ ਪਹਿਚਾਣ ਜਿਵੇੰ ਰੌਸ਼ਨੀ ਨਾਲ ਹੁੰਦੀ ਹੈ, ਉਸੇ ਤਰ੍ਹਾਂ ਜਰਨੈਲ ਦੀ ਪਹਿਚਾਣ ਉਨ੍ਹਾਂ ਦੀ ਕਲਾ ਨਾਲ ਸੀ | ਉਨ੍ਹਾਂ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਵਿਖੇ ਲੱਗੇ ਵੱਡੇ ਚਿੱਤਰ ਉਨ੍ਹਾਂ ਦੇ ਪਿਤਾ ਵਲੋਂ ਬਣਾਉਣ ਬਾਰੇ ਵੀ ਦੱਸਿਆ | ਗੈਰੀ ਸੰਧੂ ਨੇ ਵੀ ਹਾਜ਼ਰੀ ਭਰਦਿਆਂ ਕਿਹਾ ਕਿ ਆਉ ਅਸੀਂ ਜਰਨੈਲ ਸਿੰਘ ਦੀ ਕਲਾ ਨੂੰ ਮਾਣ ਸਨਮਾਨ ਦੇਣ ਦਾ ਪ੍ਰਣ ਲਈਏ | ਟੀ. ਵੀ. ਪੱਤਰਕਾਰ ਦਵਿੰਦਰ ਬੈਨੀਪਾਲ ਨੇ ਕਿਹਾ ਕਿ ਸ. ਬਾਠ ਨੇ ਜਰਨੈਲ ਸਿੰਘ ਦੀ ਯਾਦ ‘ ਚ ਸਮਾਗਮ ਕਰਕੇ ਸਭ ਨੂੰ ਉਨ੍ਹਾਂ ਨੂੰ ਯਾਦ ਕਰਨ ਦਾ ਮੌਕਾ ਦਿੱਤਾ | ਉਨ੍ਹਾਂ ਪੱਤਰਕਾਰ ਭਾਈਚਾਰੇ ਵਲੋਂ ਸ਼ਰਧਾ ਭੇਟ ਕੀਤੀ | ਰੰਗ ਕਰਮੀ ਦਵਿੰਦਰਜੀਤ ਧਾਮੀ ਨੇ ਜਰਨੈਲ ਸਿੰਘ ਦੇ ਚਿੱਤਰਾਂ ਨੂੰ ਆਪਣੇ ਫੋਨ ‘ਤੇ ਦਿਖਾਉਂਦਿਆਂ ਯਾਦਾਂ ਸਾਂਝੀਆਂ ਕੀਤੀਆਂ | ਮੈਡਮ ਬਿੰਦੂ ਅਤੇ ਜਸਵੀਰ ਕੌਰ ਨੇ ਵੀ ਭਾਵੁਕ ਸ਼ਬਦਾਂ ਨਾਲ ਜਰਨੈਲ ਸਿੰਘ ਨੂੰ ਸ਼ਰਧਾ ਭੇਟ ਕੀਤੀ | ਲੇਖਕ ਹਰਚੰਦ ਬਾਗੜੀ ਨੇ ਕਵਿਤਾ ‘ ਆਪ ਚਲੇ ਗਏ, ਤਸਵੀਰਾਂ ਪਿੱਛੇ ਰਹਿ ਗਈਆਂ ‘ ਕਵਿਤਾ ਰਾਹੀਂ ਜਰਨੈਲ ਸਿੰਘ ਨੂੰ ਯਾਦ ਕੀਤਾ | ਰੇਡੀਓ ਪੱਤਰਕਾਰ ਸੁੱਖੀ ਨੇ ਵੀ ਸ਼ਰਧਾਂਜਲੀ ਸਮਾਰੋਹ ‘ਚ ਭਾਵੁਕ ਸ਼ਬਦਾਂ ਨਾਲ ਹਾਜ਼ਰੀ ਲਾਈ | ਡਾ. ਮੇਸੀ ਜੀ ਨੇ ਕਿਹਾ ਕਿ ਜਰਨੈਲ ਸਿੰਘ ਦੇ ਚਿੱਤਰਾਂ ‘ਚੋਂ ਰੂਹ ਬੋਲਦੀ ਹੈ | ਉਨ੍ਹਾਂ ਆਪਣੇ ਸਕੂਲ ਨਾਲ ਜੁੜੀਆਂ ਜਰਨੈਲ ਦੀਆਂ ਯਾਦਾਂ ਨੂੰ ਤਾਜਾ ਕੀਤਾ | ਲੇਖਕ ਮਹਿੰਦਰਪਾਲ ਨੇ ਕੈਲਗਿਰੀ ਪੰਜਾਬੀ ਸਭਾ ਨਾਲ ਜੁੜੀਆਂ ਜਰਨੈਲ ਦੀਆਂ ਯਾਦਾਂ ਨੂੰ ਤਾਜਾ ਕੀਤਾ | ਮੀਨੂੰ ਸਰੀ ਨੇ ਆਪਣੇ ਨਾਲ ਸਾਂਝਾ ਨੂੰ ਯਾਦ ਕੀਤਾ | ਬੁਲਾਰਿਆਂ ‘ਚ ਬਲਰਾਜ ਬਾਸੀ ਅਤੇ ਪਰਮਿੰਦਰ ਝੱਜ ਨੇ ਜਰਨੈਲ ਸਿੰਘ ਨੂੰ ਸ਼ਰਧਾ ਅਰਪਿਤ ਕੀਤੀ | ਇਸ ਮੌਕੇ ਪੱਤਰਕਾਰ ਹਰਜਿੰਦਰ ਸਿੰਘ ਥਿੰਦ ਨੇ ਵੀ ਹਾਜ਼ਰੀ ਭਰੀ ਤੇ ਸਮੂਹ ਬੁਲਾਰਿਆਂ ਨੇ ਸੁੱਖੀ ਬਾਠ ਦਾ ਜਰਨੈਲ ਦੀ ਯਾਦ ‘ਚ ਸਮਾਗਮ ਕਰਵਾਉਣ ‘ਤੇ ਧੰਨਵਾਦ ਕੀਤਾ | ਇਸ ਮੌਕੇ ਸੁੱਖੀ ਬਾਠ ਦੀ ਸਪੁੱਤਰੀ ਜੀਵਨ ਬਾਠ ਨੇ ਸਮਾਗਮ ਦੇ ਪ੍ਰਬੰਧ ਦੀ ਦੇਖ ਰੇਖ ਕੀਤੀ |

 

Leave a Reply

Your email address will not be published. Required fields are marked *