ਲੁਧਿਆਣਾ-ਬੀਤੀ 22 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਵਿਸ਼ਵ ਪੰਜਾਬੀ ਗੀਤਕਾਰ ਪਰਿਵਾਰ ਵੱਲੋਂ ਪੰਜਾਬੀ ਗੀਤਕਾਰ ਸਭਾ (ਰਜਿ) ਪੰਜਾਬ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਮੇਲਾ ਗੀਤਕਾਰਾਂ ਦਾ ਧੂਮਧਾਮ ਨਾਲ ਕਰਵਾਇਆ ਗਿਆ। ਮੇਲੇ ਦੇ ਸਰਪ੍ਰਸਤ ਜਰਨੈਲ ਘੁਮਾਣ, ਸ਼ਮਸ਼ੇਰ ਸੰਧੂ, ਗੁਰਭਜਨ ਗਿੱਲ, ਅਮਰੀਕ ਤਲਵੰਡੀ ਦੀ ਰਹਿਨੁਮਾਈ ਹੇਠ ਭੱਟੀ ਭੜੀ ਵਾਲਾ ਮੇਲਾ ਕੋਆਰਡੀਨੇਟਰ ਅਤੇ ਪ੍ਰਬੰਧਕੀ ਟੀਮ ਜਸਵੰਤ ਸੰਦੀਲਾ, ਪਾਲੀ ਦੇਤਵਾਲੀਆ, ਅਮਨ ਫੁੱਲਾਂਵਾਲ, ਸੁਰਿੰਦਰ ਗਿੱਲ, ਬਿੱਟੂ ਖੰਨੇਵਾਲਾ, ਸੇਵਾ ਸਿੰਘ ਤੀਰਥ, ਗੁਰਮੀਤ ਮਾਨ, ਬੱਬੂ ਬਰਾੜ, ਭੰਗੂ ਫਲੇੜੇ ਵਾਲਾ ਤੇ ਦਿਲਬਾਗ ਹੁੰਦਲ ਦੀ ਅਗਵਾਈ ਹੇਠ ਮੇਲੇ ਰਾਹੀਂ ਦੇਸ਼ ਵਿਦੇਸ਼, ਚੜ੍ਹਦੇ ਲਹਿੰਦੇ ਪੰਜਾਬ ਤੇ ਸਮੂਹ ਗੀਤਕਾਰ ਪਰਿਵਾਰਾਂ ਨੂੰ ਇੱਕ ਪਲੇਟ ਫਾਰਮ ਤੇ ਇਕੱਠੇ ਕਰਨ ਦਾ ਕੰਮ ਕੀਤਾ ਜਿਸ ਨੂੰ ਗੀਤਕਾਰ ਪਰਿਵਾਰਾਂ ਵੱਲੋਂ ਏਨਾ ਵੱਡਾ ਹੁੰਗਾਰਾ ਮਿਲਿਆ ਕਿ ਪੰਜਾਬੀ ਭਵਨ ਦੇ ਵਿਹੜੇ ਵਿਚ ਤਿਲ ਸੁੱਟਣ ਨੂੰ ਥਾਂ ਨਹੀਂ ਸੀ। ਜਿੱਥੇ ਗੀਤਕਾਰ ਭਾਈਚਾਰਾ ਪੰਜਾਬ ਦੇ ਵੱਖ-ਵੱਖ ਕੋਨਿਆਂ ਤੇ ਆਏ ਉੱਥੇ ਵਿਦੇਸ਼ਾਂ ਤੋ ਵੀ ਵੱਖ-ਵੱਖ ਗੀਤਕਾਰਾਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ‘ਚ ਜਸਬੀਰ ਗੁਣਾਚੌਰੀਆ, ਜੱਸੀ ਬੰਗਾ, ਭੁਪਿੰਦਰ ਰੰਧਾਵਾ, ਸੁਰਜੀਤ ਮਾਧੋਪੁਰੀ, ਸਾਹਿਬ ਸਿੰਘ ਥਿੰਦ, ਸਤਿੰਦਰਪਾਲ ਸਿਧਵਾਂ, ਪ੍ਰਿੰਸੀਪਲ ਸਰਵਣ ਸਿੰਘ ਪ੍ਰਸਿਧ ਖੇਡ ਲੇਖਕ, ਰੂਪ ਦੇਵਿੰਦਰ ਕੌਰ ਯੂ.ਕੇ ਸ਼ਾਮਿਲ ਹੋਏ। ਤਕਰੀਬਨ 2000 ਦੇ ਕਰੀਬ ਪੰਜਾਬ ਦੇ ਗੀਤਕਾਰਾਂ ਨੇ ਮੇਲੇ ਨੂੰ ਸਫਲ ਕਰਕੇ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੀ ਯਾਦ ਤਾਜ਼ਾ ਕਰ ਦਿੱਤੀ। ਮੇਲੇ ਦਾ ਮੁੱਖ ਮੰਤਵ ਗੀਤਕਾਰਾਂ ਨੂੰ ਕੰਪਨੀਆਂ ਤੋਂ ਰਾਇਲਟੀ ਲੈ ਕੇ ਦੇਣ ਦਾ ਪ੍ਰਬੰਧ ਕਰਨ ਸੀ। ਆਈ ਪੀ ਆਰ ਐਸ ਕੰਪਨੀ ਜੋ ਗੀਤਕਾਰਾਂ ਨੂੰ ਰਾਇਲਟੀ ਦਿਵਾਉਂਦੀ ਹੈ, ਦੇ ਨੁਮਾਇੰਦੇ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਇਸ ਮੌਕੇ ਉਘੇ ਲੇਖਕ ਅਸ਼ੋਕ ਬਾਂਸਲ ਨੇ ਆਪਣੇ ਸੰਬੋਧਨ ਵਿਚ ਵਿੱਸਰੇ ਹੋਏ ਗੀਤਕਾਰਾਂ ਦੇ ਜੀਵਨ ਤੇ ਭਾਵਪੂਰਕ ਭਾਸ਼ਣ ਦਿੱਤਾ। ਸੰਬੋਧਨ ਕਰਨ ਵਾਲਿਆਂ ਵਿਚ ਸ਼ਮਸ਼ੇਰ ਸੰਧੂ, ਧਰਮ ਕੰਮੇਆਣਾ, ਦਵਿੰਦਰ ਖੰਨੇ ਵਾਲਾ, ਅਲਬੇਲ ਬਰਾੜ, ਜਨਕ ਸ਼ਰਮੀਲਾ, ਬਚਨ ਬੇਦਿਲ, ਸੁੱਖੀ ਬਰਾੜ, ਗੁਲਸ਼ਨ ਕੋਮਲ, ਭਿੰਦਰ ਡੱਬਵਾਲੀ, ਰੂਪ ਦਵਿੰਦਰ, ਜਸਵੰਤ ਸੰਦੀਲਾ, ਪਾਲੀ ਦੇਤਵਾਲੀਆ, ਸਰਬਜੀਤ ਚੀਮਾ, ਗਿੱਲ ਹਰਦੀਪ ਅਤੇ ਸੁਰਜੀਤ ਸਿੰਘ ਮਾਧੋਪੁਰੀ ਵੀ ਸ਼ਾਮਿਲ ਸਨ। ਇਸ ਦੌਰਾਨ ਗਾਇਕੀ ਦਾ ਪ੍ਰਵਾਹ ਵੀ ਖੂਬ ਚੱਲਿਆ। ਸਟੇਜ ਸਕੱਤਰ ਦੀ ਭੂਮਿਕਾ ਕਰਨੈਲ ਸਿਵੀਆ, ਜਗਤਾਰ ਜੱਗੀ ਤੇ ਅਮਰਦੀਪ ਜੱਗਾ ਨੇ ਬਾਖੂਬੀ ਨਿਭਾਈ।