ਐਡਮਿੰਟਨ ( ਗੁਰਪ੍ਰੀਤ ਸਿੰਘ, ਸਤੀਸ਼ ਸਚਦੇਵਾ )- ਵਿਸ਼ਵ ਮਾਂ ਬੋਲੀ ਦਿਵਸ 21 ਫ਼ਰਵਰੀ ਨੂੰ ਮਿੱਲਵੁਡ ਕਲਚਰਲ ਸੁਸਾਇਟੀ ਐਡਮਿੰਟਨ (ਕੈਨੇਡਾ ) ਵਿਖੇ ਮਨਾਇਆ ਗਿਆ ।ਇਸ ਮੌਕੇ ਸੰਸਥਾ ਦੇ ਸਾਬਕਾ ਪ੍ਰਧਾਨ ਸ਼੍ਰੀ ਸੁਦਾਗਰ ਸਿੰਘ ਨੇ ਬੋਲਦਿਆਂ ਕਿਹਾ ਕਿ ਜੇ ਮਾਂ ਬੋਲੀ ਭੁੱਲ ਜਾਂਵਾਂਗੇ, ਕੱਖਾਂ ਵਾਂਗੂੰ ਰੁਲ ਜਾਵਾਂਗੇ । ਉਨ੍ਹਾਂ ਕਿਹਾ ਕਿ ਬੱਚਾ ਮਾਂ ਦੇ ਗਰਭ ਵਿੱਚ ਵੀ ਮਾਂ ਦੀ ਆਵਾਜ਼ ਨੂੰ ਪਹਿਚਾਨਣ ਲੱਗ ਪੈਂਦਾ ਹੈ, ਇਹ ਬਾਲ ਰੋਗਾਂ ਦੀ ਮਾਹਿਰ ਡਾਕਟਰ ਹਰਸ਼ਿੰਦਰ ਕੌਰ ਕਹਿੰਦੀ ਹੈ, ਜੀਅ ,ਪੈਦਾ ਹੋਣ ਤੇ ਮਾਂ ਬੱਚੇ ਨੂੰ ਗੋਦੀ ਵਿੱਚ ਲੋਰੀਆਂ ਦੇ ਕੇ ਸੁਆਉਂਦੀ ਹੈ । ਮਾਹਿਰਾਂ ਮੁਤਾਬਿਕ ਬੱਚੇ ਨੂੰ ਮੁੱਢਲੀ ਸਿੱਖਿਆ 3,4 ਸਾਲ ਤੱਕ ਮਾਂ ਬੋਲੀ ਵਿੱਚ ਦਿੱਤੀ ਜਾਣੀ ਚਾਹੀਦੀ ਹੈ ।ਇਸ ਮੌਕੇ ਸੰਸਥਾ ਦੇ ਸੈਕਟਰੀ ਸ਼੍ਰੀ ਗੁਰਬਖ਼ਸ਼ ਸਿੰਘ ਬੈਂਸ ਨੇ ਦੁਨੀਆਂ ਭਰ ਵਿੱਚ 6800 ਬੋਲੀਆਂ ਪ੍ਰਚਲਿਤ ਹਨ,ਹਰ ਪੰਦਰਾਂ ਦਿਨਾਂ ਬਾਅਦ ਇੱਕ ਬੋਲੀ ਖ਼ਤਮ ਹੋ ਰਹੀ ਹੈ, ਵਿਸ਼ਵੀਕਰਣ ਦੇ ਪ੍ਰਭਾਵ ਨਾਲ ਬੋਲੀ ਬੋਲਣ ਵਾਲਿਆਂ ਦਾ ਖ਼ਤਮ ਹੋਣਾ ਜਾਂ ਆਪਣੀ ਬੋਲੀ ਛੱਡ ਕੇ ਦੂਜੀ ਬੋਲੀ ਅਪਣਾ ਲੈਣਾ ਹੈ । ਸਤੀਸ਼ ਸਚਦੇਵਾ ਨੇ ਦੱਸਿਆ ਦੁਨੀਆਂ ਭਰ ਵਿੱਚ ਪੰਜਾਬੀ ਬੋਲਣ ਵਾਲਿਆਂ ਬੰਦਿਆਂ ਦਾ ਜੋੜ ਇਸ ਵੇਲੇ 21 ਕਰੋੜ ਤੋਂ ਉੱਪਰ ਹੈ । ਇੰਗਲੈਂਡ ਵਿੱਚ ਪੰਜਾਬੀ ਭਾਸ਼ਾ ਦੂਜੇ ਨੰਬਰ ਤੇ ਹੈ । ਕੈਨੇਡਾ ਵਿੱਚ ਪੰਜਵੇਂ ਨੰਬਰ ਤੇ ਹੈ । ਪੰਜਾਬੀ ਭਾਸ਼ਾ ਇੱਕ ਅਮੀਰ ਭਾਸ਼ਾ ਹੈ । ਜਿਸਨੂੰ ਸੂਫ਼ੀ ਸੰਤਾਂ, ਪੀਰਾਂ, ਫ਼ਕੀਰਾਂ ,ਬਾਬਾ ਫ਼ਰੀਦ ਤੋਂ ਲੈ ਕੇ ਸਿੱਖ ਗੁਰੂ ਸਾਹਿਬਾਨਾਂ ਤੱਕ ਰਚੀ ਬਾਣੀ ਸਦਕਾ ਵਧਣ, ਫੁੱਲਣ ,ਵਿਗਸਣ ਦਾ ਮਾਣ ਹਾਸਲ ਹੈ ।ਪੰਜਾਬੀ ਭਾਸ਼ਾ ਨੂੰ ਸੂਰਬੀਰ ,ਯੋਧੇ,ਆਸ਼ਿਕ, ਭਗਤ ਤੇ ਪੰਜਾਬੀ ਦੇ ਪਿਆਰੇ ਹਮੇਸ਼ਾ ਬੁਲੰਦ ਰੱਖਣਗੇ । ਭਾਰਤ ਦੇ ਵਿੱਚ ਹਿੰਦੀ, ਬੰਗਾਲੀ ਤੇ ਉਰਦੂ ਤੋਂ ਬਾਅਦ ਇਸਦਾ ਨੰਬਰ ਆਉਂਦਾ ਹੈ । ਭਾਰਤ ਦੇ ਵਿੱਚੋਂ 427 ਦੇ ਕਰੀਬ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ । ਪੰਜਾਬੀ ਸੰਸਾਰ ਦੀ ਦਸਵੀਂ ਭਾਸ਼ਾ ਵਿੱਚ ਸ਼ਾਮਲ ਹੋ ਚੁੱਕੀ ਹੈ । ਆਓ ਇਸ ਦਿਨ ਤੇ ਅਸੀਂ ਸਾਰੇ ਰਲ ਕੇ ਪ੍ਰਣ ਕਰੀਏ ਕਿ ਮਾਂ ਬੋਲੀ ਦੇ ਪਸਾਰੇ, ਵਧਾਰੇ ਲਈ ਸਿਰਤੋੜ ਯਤਨ ਕਰਾਂਗੇ । ਇਸ ਮੌਕੇ ਸੰਸਥਾ ਦੇ ਸ਼ਾਮਲ ਮੈਂਬਰ ਕਿਸ਼ਨ ਜੌਨ੍ਹ, ਮੁਖਤਾਰ ਪੰਨੂ, ਕੁਲਵੰਤ ਸਿੰਘ ਕਾਲਰਾ, ਸ਼੍ਰੀ ਮਨਮੋਹਨ ਸਿੰਘ ਪ੍ਰਮਾਰ ਅਤੇ ਹੋਰ ਮੈਂਬਰ ਹਾਜ਼ਰ ਸਨ ।