Headlines

ਗੁਰੂ ਨਾਨਕ ਦੇਵ ਯੁੂਨੀਵਰਸਿਟੀ ਅੰਮ੍ਰਿਤਸਰ ਵਿਖੇ ਪਰਵਾਸੀ ਪੰਜਾਬੀ ਲੇਖਕਾ  ਰੂਪ ਦਵਿੰਦਰ ਨਾਲ ਰੂਬਰੂ

ਅੰਮ੍ਰਿਤਸਰ-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ.(ਡਾ.) ਕਰਮਜੀਤ ਸਿੰਘ  ਦੀ ਰਹਿਨੁਮਾਈ ਅਤੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਦੀ ਸੁਯੋਗ ਅਗਵਾਈ ਹੇਠ ਬੀਤੀ 25 ਫਰਵਰੀ ਨੂੰ  ਇੰਗਲੈਂਡ ਨਿਵਾਸੀ ਪਰਵਾਸੀ ਪੰਜਾਬੀ ਲੇਖਿਕਾ ਅਤੇ ਅਕਾਲ ਚੈਨਲ ਦੇ ਵਿਰਸਾ ਪ੍ਰੋਗਰਾਮ ਦੀ ਸੰਚਾਲਕ ਸ੍ਰੀਮਤੀ ਰੂਪ ਦਵਿੰਦਰ ਕੌਰ ਨਾਲ   ਰੂਬਰੂ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਉਹਨਾਂ ਨੇ ਵਿਭਾਗ ਦੇ ਅਧਿਆਪਕਾਂ, ਖੋਜ-ਵਿਦਿਆਰਥੀਆਂ ਅਤੇ ਵਿਦਿਆਰਥੀਆਂ ਨਾਲ ਪਰਵਾਸੀ ਪੰਜਾਬੀ ਸਾਹਿਤ ਅਤੇ ਆਪਣੀ ਸਿਰਜਨ ਪ੍ਰਕਿਰਿਆ ਸਬੰਧੀ ਮੁੱਲਵਾਨ ਵਿਚਾਰ ਸਾਂਝੇ ਕੀਤੇ। ਇਸ ਮੌਕੇ ਉੱਤੇ ਸਭ ਤੋਂ ਪਹਿਲਾਂ  ਡਾ. ਮਨਜਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਪੌਦੇ ਭੇਟ ਕਰਕੇ ਸੁਆਗਤ ਕੀਤਾ। ਉਹਨਾਂ ਨੇ ਕਿਹਾ ਪੰਜਾਬ ਦੀਆਂ ਰਾਜਨੀਤਿਕ ਹੱਦਬੰਦੀਆਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੀਆਂ ਸੀਮਾਵਾਂ ਨਹੀਂ ਹਨ। ਇਸਦਾ ਫੈਲਾਉ ਅੰਤਰ-ਰਾਸ਼ਟਰੀ ਪੱਧਰ ਤੱਕ ਹੋ ਰਿਹਾ ਹੈ। ਸਾਹਿਤ ਅਣਕਹੇ ਨੂੰ ਪ੍ਰਸਤੁਤ ਕਰਦਾ ਹੈ। ਉਹਨਾਂ ਰੂਪ ਦਵਿੰਦਰ ਦੀ ਪੁਸਤਕ ਮੌਨ ਦਾ ਅਨੁਵਾਦ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸਦੀ ਸਿਰਜਣਾ ਇਸ ਅਣਕਹੇ ਮੌਨ ਨੂੰ ਹੀ ਉਜਾਗਰ ਕਰਦੀ ਹੈ। ਇਸ ਉਪਰੰਤ ਸ੍ਰੀਮਤੀ ਰੂਪ ਦਵਿੰਦਰ ਨੇ ਸਰੋਤਿਆਂ ਨੂੰ ਮੁਖ਼ਾਤਿਬ ਹੁੰਦੇ ਕਿਹਾ ਕਿ  ਉਹਨਾਂ ਨੇ ਵੀਹ ਸਾਲ ਦੀ ਛੋਟੀ ਉਮਰ ਵਿੱਚ ਪਰਵਾਸ ਧਾਰਨ ਕੀਤਾ। ਪਰਵਾਸ ਦੇ ਇਸ ਨਵੀਨ ਅਨੁਭਵ ਨੇ  ਉਹਨਾਂ ਵਿੱਚ ਜਿਹੜਾ ਇਕਲਾਪੇ ਦਾ ਅਹਿਸਾਸ ਪੈਦਾ ਕੀਤਾ ਉਸਦੀ ਤੀਬਰ ਅਭਿਵਿਅਕਤੀ ਉਹਨਾਂ ਦੀ ਰਚਨਾ ਦਾ ਅਟੁੱਟ ਹਿੱਸਾ ਹੈ। ਉਹਨਾਂ ਨੇ ਪਰਵਾਸੀ ਜੀਵਨ ਦੌਰਾਨ ਪੈਦਾ ਹੋਏ ਬੇਗਾਨਗੀ ਦੇ ਭਾਵ ਨੂੰ ਪ੍ਰਗਟ ਕਰਦੀਆਂ ਕੁਝ ਕਾਵਿ-ਰਚਨਾਵਾਂ ਵੀ ਸਰੋਤਿਆਂ ਦੇ ਸਨਮੁੱਖ ਪੇਸ਼ ਕੀਤੀਆਂ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਇੰਗਲੈਂਡ ਅਤੇ ਹੋਰਨਾਂ ਦੇਸ਼ਾਂ ਵਿੱਚ ਸੰਚਾਰ ਮਾਧਿਅਮਾਂ ਵਿੱਚ ਕੰਮ ਕਰਨ ਦਾ ਲੰਬਾ ਤਜਰਬਾ ਹੈ । ਵਰਤਮਾਨ ਸਮੇਂ ਵਿੱਚ ਉਹਨਾਂ ਦੀ ਭਰਪੂਰ ਕੋਸ਼ਿਸ਼ ਇੰਗਲੈਂਡ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ। ਇਹ   ਉਹਨਾਂ ਦੀ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਮੋਹ ਨੂੰ ਪ੍ਰਗਟਾਉਂਦੀ ਭਾਵਨਾ ਦਾ ਹੀ ਪਰਤੌ ਹੈ। ਉਹਨਾਂ ਨੇ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੱਤਾ। ਮੌਜੂਦ ਸਰੋਤਿਆਂ ਨੇ ਹਾਜ਼ਰ ਲੇਖਿਕਾ ਨਾਲ ਕਈ ਪ੍ਰਸ਼ਨਾਂ ਦੇ ਮਾਧਿਅਮ ਰਾਹੀਂ ਅਰਥ-ਭਰਪੂਰ ਸੰਵਾਦ ਰਚਾਇਆ। ਇਸ ਪ੍ਰੋਗਰਾਮ ਵਿੱਚ ਉਘੇ ਸ਼ਾਇਰ ਸ੍ਰੀ ਵਿਸ਼ਾਲ ਬਿਆਸ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ੍ਰੀਮਤੀ ਰੂਪ ਦਵਿੰਦਰ ਵਰਗੇ ਸਾਹਿਤਕਾਰ ਇਸ ਸਮਾਜ ਦੀ ਜ਼ਰੂਰਤ ਹਨ। ਇਸ ਲਈ ਅਜਿਹੇ ਰਚਨਾਕਾਰਾਂ ਦੀ ਹੌਂਸਲਾ ਅਫ਼ਜ਼ਾਈ ਸਮੇਂ ਦੀ ਲੋੜ ਹੈ। ਇਸ ਸਮੇਂ ਮੰਚ ਸੰਚਾਲਨ ਦੀ ਭੂਮਿਕਾ ਡਾ. ਬਲਜੀਤ ਕੌਰ ਰਿਆੜ ਨੇ ਬਾਖ਼ੂਬੀ ਨਿਭਾਈ। ਉਹਨਾਂ ਲੇਖਿਕਾ ਦੀ ਰਚਨਾ ਬਾਰੇ ਚਰਚਾ ਕਰਦਿਆਂ ਕਿਹਾ ਉਹਨਾਂ ਦੀ ਰਚਨਾ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਨਾਰੀ ਦੇ ਦਾਇਰੇ ਤੋਂ ਪਾਰ ਫੈਲਦੀ ਕ੍ਰਿਤੀ ਹੈ। ਪ੍ਰੋਗਰਾਮ ਦੇ ਅੰਤ ਵਿੱਚ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਡਾ. ਰਾਜਵਿੰਦਰ ਕੌਰ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਰੂਬਰੂ ਪ੍ਰੋਗਰਾਮ ਵਿੱਚ   ਫ਼ਿਲਮ ਅਤੇ ਰੰਗਮੰਚ ਨਾਲ ਸੰਬੰਧਿਤ ਹਸਤੀ ਸ੍ਰੀਮਤੀ ਸੀਮਾ, ਇਤਿਹਾਸ ਵਿਭਾਗ ਦੇ ਮੁਖੀ ਡਾ. ਮਨੂੰ ਸ਼ਰਮਾ, ਸ੍ਰੀਮਤੀ ਰੂਪ ਦਵਿੰਦਰ ਦੇ ਪਤੀ ਸ੍ਰੀ ਸੰਨੀ, ਉਹਨਾਂ ਦੀ ਬੇਟੀ ਪ੍ਰਿਆਦੀਪ ਕੌਰ, ਸ੍ਰੀਮਤੀ ਅਵਿਨਾਸ਼ ,ਡਾ. ਜਸਪਾਲ ਸਿੰਘ, ਡਾ. ਹਰਿੰਦਰ ਸਿੰਘ ਤੁੜ, ਡਾ. ਕੰਵਲਦੀਪ ਕੌਰ, ਡਾ. ਕੰਵਲਜੀਤ ਕੌਰ, ਡਾ.ਅੰਜੂ, ਡਾ. ਅਸ਼ੋਕ ਭਗਤ,ਡਾ. ਚੰਦਨਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਖੋਜ-ਵਿਦਿਆਰਥੀ ਅਤੇ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *