ਬਰੈਂਪਟਨ-ਪੰਜਾਬ ਦੀ ਧਰਤੀ ਉੱਤੇ ਬੜੇ ਹੀ ਕਵੀਆਂ ਨੇ ਜਨਮ ਲਿਆ ਪਰ 21ਵੀਂ ਸਦੀ ਦੇ ਕਵੀਆਂ ਵਿੱਚ ਆਪਣਾ ਨਾਂ ਦਰਜ ਕਰਵਾਉਣ ਵਾਲਾ ਕਵੀ ਮਲਵਿੰਦਰ ਐਜੁਕੇਸ਼ਨ ਡਿਪਾਰਟਮੈਂਟ ਤੋਂ ਪੰਜਾਬੀ ਵਿਭਾਗ ਤੋਂ ਪ੍ਰੋਫੈਸਰ ਦੇ ਅਹੁਦੇ ਤੋਂ ਰਿਟਾਇਰ ਹੋ ਬਰੈਂਪਟਨ ਦੀ ਧਰਤੀ ਉੱਪਰ ਦੋਹਰੇ ਸਭਿਆਚਾਰ ਨੂੰ ਭੋਗਦੇ ਹੋਏ ਨਿਵੇਕਲੇ ਤਜਰਬਿਆਂ ਨਾਲ ਵਤਨ ਵਾਪਸੀ ਕਰਦਾ ਹੈ ਅਤੇ ਸਭ ਤੋਂ ਪਹਿਲਾਂ ਆਪਣੇ ਘਰ ਵਿੱਚ ਕਵੀ ਦਰਬਾਰ ਸਜਾਉਂਦਾ ਹੈ ਕਿਉਂਕਿ ਕਿਤੇ ਨਾ ਕਿਤੇ ਮਲਵਿੰਦਰ ਇਸ ਕਾਵਿ ਸੰਸਾਰ ਨੂੰ ਭੋਗਣਾ ਚਾਹ ਰਿਹਾ ਸੀ, ਜੋ ਬਰੈਂਪਟਨ ਦੀ ਧਰਤੀ ਉੱਤੇ ਸੰਭਵ ਨਹੀਂ ਸੀ। ਬੇਸ਼ੱਕ ਸਾਨੂੰ ਜਾਂ ਨੌਜਵਾਨਾਂ ਨੂੰ ਵਿਦੇਸ਼ ਦੀ ਧਰਤੀ ਆਪਣੇ ਵੱਲ ਖਿੱਚਦੀ ਹੋਵੇ, ਪਰ ਸੁਕੂਨ ਤਾਂ ਆਪਣੇ ਪਿੰਡ ਦੀ ਧਰਤੀ ਉੱਤੇ ਹੀ ਮਿਲਦਾ ਹੈ। ਕਵੀ ਮਲਵਿੰਦਰ ਵੱਲੋਂ ਸਜਾਏ ਇਸ ਕਾਵਿ ਦਰਬਾਰ ਵਿੱਚ ਰਾਬਤਾ ਮੁਕਾਲਮਾ ਸਭਾ ਦੇ ਸਾਰੇ ਹੀ ਮੈਂਬਰ ਜਸਵੰਤ ਧਾਪ, ਜਗਤਾਰ ਗਿੱਲ, ਰਾਜ ਖੁਸ਼ਵੰਤ ਸਿੰਘ ਸੰਧੂ, ਸਰਬਜੀਤ ਸਿੰਘ ਸੰਧੂ, ਡਾ ਭੁਪਿੰਦਰ ਸਿੰਘ ਫੇਰੂਮਾਨ, ਹਰਜੀਤ ਸਿੰਘ ਸੰਧੂ, ਡਾਕਟਰ ਮੋਹਨ ਬੇਗੋਵਾਲ, ਵਿਪਿਨ ਗਿੱਲ, ਬਲਵਿੰਦਰ ਕੌਰ ਰੰਧਾਵਾ ਹੁੰਮਹੁਮਾ ਕੇ ਪਹੁੰਚੇ। ਇਨ੍ਹਾਂ ਤੋਂ ਇਲਾਵਾ ਏਕਮ ਮੈਗਜ਼ੀਨ ਦੀ ਮੁੱਖ ਸੰਪਾਦਕ ਮੈਡਮ ਅਰਤਿੰਦਰ ਸੰਧੂ , ਪੰਜਾਬੀ ਅਕਾਦਮੀ , ਅੰਮ੍ਰਿਤਸਰ ਦੀ ਸਰਪ੍ਰਸਤ ਅਤੇ ਹੋਰ ਕਈ ਸਾਹਿਤ ਸਭਾਵਾਂ ਨਾਲ ਜੁੜੀ ਸ਼ਾਇਰਾ ਵਿਜੇਤਾ ਰਾਜ ਅਤੇ ਡਾ ਰਾਕੇਸ਼ ਤਿਲਕ ਰਾਜ ਵਿਸ਼ੇਸ਼ ਤੌਰ ਤੇ ਪੁੱਜੇ। ਸਭ ਸ਼ਾਇਰਾਂ ਨੇ ਆਪਣੇ ਆਪਣੇ ਕਲਾਮ ਪੇਸ਼ ਕੀਤੇ। ਕਵੀ ਮਲਵਿੰਦਰ ਨੇ ਕਵਿਤਾ ਦੇ ਨਾਲ ਨਾਲ ਆਪਣੇ ਕੌੜੇ ਮਿੱਠੇ ਤਜਰਬੇ ਸਭ ਨਾਲ ਸਾਂਝੇ ਕੀਤੇ। ਮਲਵਿੰਦਰ ਦੇ ਹੁਣ ਤੱਕ ਅੱਠ ਕਾਵਿ ਸੰਗ੍ਰਹਿ ਛੱਪ ਚੁੱਕੇ ਹਨ। ਇਸ ਤੋਂ ਇਲਾਵਾ ਇੱਕ ਵਾਰਤਕ ਦੀ ਕਿਤਾਬ ਚੁੱਪ ਦਾ ਮਰ੍ਹਮ ਪਛਾਣੀਏ ਉਹ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਉਨ੍ਹਾਂ ਟਰੰਪ ਦੁਆਰਾ ਪੰਜਾਬੀਆਂ ਨਾਲ ਕੀਤੇ ਬਦਸਲੂਕ ਦੀ ਵੀ ਨਿਖੇਧੀ ਕੀਤੀ ਅਤੇ ਨੌਜਵਾਨਾਂ ਨੂੰ ਵਿਦੇਸ਼ ਨਾ ਜਾਣ ਦੀ ਸਲਾਹ ਦਿੱਤੀ। ਸਭਾ ਵੱਲੋਂ ਇਹੋ ਜਿਹੇ ਪ੍ਰੋਗਰਾਮ ਉਲੀਕੇ ਜਾਂਦੇ ਰਹਿਣਗੇ, ਇਸ ਸਹਿਮਤੀ ਨਾਲ ਇਸ ਕਵੀ ਦਰਬਾਰ ਦਾ ਸਮਾਪਨ ਹੋਇਆ। ਕਵੀ ਮਲਵਿੰਦਰ ਨੂੰ ਸਭ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਕਵੀ ਮਲਵਿੰਦਰ ਵਲੋਂ ਵਤਨ ਵਾਪਸੀ ਤੋਂ ਪਹਿਲਾਂ ਘਰ ਵਿਚ ਸਜਾਇਆ ਕਵੀ ਦਰਬਾਰ
