ਕਿਹਾ, ਤੁਸੀਂ ਲੱਖਾਂ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਹੋ ਤੇ ਦੇ ਰਹੇ ਹੋ ਤੀਸਰੀ ਵਿਸ਼ਵ ਜੰਗ ਨੂੰ ਸੱਦਾ-
ਰੂਸ ਨਾਲ ਜੰਗਬੰਦੀ ਲਈ ਸਹਿਮਤ ਨਾ ਹੋਣ ਤੇ ਸਹਾਇਤਾ ਨਾ ਦੇਣ ਦੀ ਦਿੱਤੀ ਚੇਤਾਵਨੀ-
-ਨਾਰਾਜ਼ ਹੋਏ ਜੇਲੈਂਨਸਕੀ ਮੀਟਿੰਗ ਵਿਚਾਲੇ ਛੱਡਕੇ ਨਿਕਲੇ-
ਵਾਸ਼ਿੰਗਟਨ ( ਏਜੰਸੀਆਂ)-ਬੀਤੇ ਦਿਨ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਵਾਈਟ ਹਾਊਸ ਸਥਿਤ ਦਫਤਰ ਵਿਚ ਯੂਕਰੇਨ-ਰੂਸ ਜੰਗ ਦੇ ਮੁੱਦੇ ਉਪਰ ਰਾਸ਼ਟਰਪਤੀ ਜੇਲੈਂਸਕੀ ਨਾਲ ਹੋਈ ਗੱਲਬਾਤ ਦੌਰਾਨ ਤਲਖ ਕਲਾਮੀ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ। ਅਕਸਰ ਵਾਈਟ ਹਾਊਸ ਵਿਚ ਵਿਸ਼ਵ ਨੇਤਾਵਾਂ ਦੀ ਗੱਲਬਾਤ ਦੇ ਵੇਰਵੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਬੀਤੇ ਦਿਨ ਰਾਸ਼ਟਰਪਤੀ ਟਰੰਪ,ਉਪ ਰਾਸ਼ਟਰਪਤੀ ਵੈਨਸ ਤੇ ਯੂਕਰੇਨ ਦੇ ਰਾਸ਼ਟਰਪਤੀ ਜੇਲੈਂਸਕੀ ਵਿਚਾਲੇ ਗੱਲਬਾਤ ਦੌਰਾਨ ਜੋ ਕੁਝ ਵਾਪਰਿਆਂ, ਉਹ ਅਣਕਿਆਸਿਆ ਤੇ ਬਹੁਤ ਦੀ ਤਲਖ ਰਿਹਾ। ਰਾਸ਼ਟਰਪਤੀ ਡੋਨਲਡ ਟਰੰਪ ਨੇ ਮਿਸਟਰ ਜ਼ੇਲੈਂਸਕੀ ’ਤੇ ਵਰ੍ਹਦਿਆਂ ਦੋਸ਼ ਲਗਾਇਆ ਕਿ ਉਹ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੇ ਹਨ ਤੇ ਤੀਸਰੀ ਵਿਸ਼ਵ ਜੰਗ ਨੂੰ ਸੱਦਾ ਦੇ ਰਹੇ ਹਨ। ਜ਼ੇਲੈਂਸਕੀ ਨੇ ਆਪਣਾ ਪੱਖ ਰੱਖਦਿਆਂ ਰੂਸ ਦੇ ਰਾਸ਼ਟਰਪਤੀ ਪੁਤਿਨ ’ਤੇ ਸ਼ੱਕ ਪ੍ਰਗਟ ਕਰਦਿਆਂ ਕਿਹਾ ਮਾਸਕੋ ਤੇ ਵਿਸ਼ਵਾਸ ਕਰਨਾ ਮੁਸ਼ਕਲ ਹੈ।
ਰਾਸ਼ਟਰਪਤੀ ਟਰੰਪ ਅਤੇ ਉਪ-ਰਾਸ਼ਟਰਪਤੀ ਜੇਡੀ ਵੈਨਸ ਨੇ ਗੱਲਬਾਤ ਦੌਰਾਨ ਤਲ਼ਖ ਹੁੰਦਿਆਂ ਕਿਹਾ ਕਿ ਅਗਰ ਯੂਕਰੇਨ ਰੂਸ ਨਾਲ ਜੰਗਬੰਦੀ ਲਈ ਸਹਿਮਤ ਨਹੀ ਹੁੰਦਾ ਤਾਂ ਅਮਰੀਕਾ ਉਸਨੂੰ ਹੋਰ ਸਹਾਇਤਾ ਨਹੀ ਦੇਵੇਗਾ। ਟਰੰਪ ਨੇ ਯੂਕਰੇਨ ਨੂੰ ਹੁਣ ਤੱਕ 350 ਬਿਲੀਅਨ ਡਾਲਰ ਦੀ ਦਿੱਤੀ ਗਈ ਫੌਜੀ ਸਹਾਇਤਾ ਦਾ ਵੀ ਹਵਾਲਾ ਦਿੱਤਾ ਤੇ ਕਿਹਾ ਕਿ ਅਗਰ ਅਮਰੀਕਾ ਉਹਨਾਂ ਦੀ ਮਦਦ ਨਾ ਕਰਦਾ ਤਾਂ ਉਹ ਰੂਸ ਅੱਗੇ ਦੋ ਹਫਤੇ ਨਾ ਟਿਕ ਪਾਉਂਦੇ।
ਵਾਈਟ ਹਾਊਸ ਵਿਚ ਇਸ ਮੀਟਿੰਗ ਦਾ ਮਕਸਦ ਰਾਸ਼ਟਰਪਤੀ ਜ਼ੇਲੇਨਸਕੀ ਲਈ ਅਮਰੀਕਾ ਤੋਂ ਹੋਰ ਸਮਰਥਨ ਪ੍ਰਾਪਤ ਕਰਨ ਦਾ ਇੱਕ ਮਹੱਤਵਪੂਰਣ ਮੌਕਾ ਸੀ ਤੇ ਇਸਦੇ ਨਾਲ ਹੀ ਦੋਵਾਂ ਦੇਸ਼ਾਂ ਨੇ ਇੱਕ ਮਹੱਤਵਪੂਰਨ ਖਣਿਜ ਸੌਦੇ ‘ਤੇ ਹਸਤਾਖਰ ਕਰਨ ਅਤੇ ਇੱਕ ਨਿਊਜ਼ ਕਾਨਫਰੰਸ ਆਯੋਜਿਤ ਕਰਨ ਦੀ ਯੋਜਨਾ ਬਣਾਈ ਸੀ। ਪਰ ਮੀਟਿੰਗ ਦੌਰਾਨ ਆਗੂਆਂ ਵਿਚਾਲੇ ਤਕਰਾਰਬਾਜੀ ਕਾਰਣ ਸਭ ਕੁਝ ਧਰਿਆ ਧਰਾਇਆ ਰਹਿ ਗਿਆ।
ਇਹ ਗਰਮਾ-ਗਰਮੀ ਉਦੋਂ ਸ਼ੁਰੂ ਹੋਈ ਜਦੋਂ ਮਿਸਟਰ ਟਰੰਪ ਨੇ ਕਿਹਾ ਕਿ ਮਿਸਟਰ ਜ਼ੇਲੈਨਸਕੀ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪ੍ਰਤੀ ਨਫ਼ਰਤ ਕੁਝ ਜਿਆਦਾ ਹੈ। ਉਪ-ਰਾਸ਼ਟਰਪਤੀ ਵੈਨਸ ਨੇ ਕਿਹਾ ਕਿ ਮਿਸਟਰ ਟਰੰਪ ਰੂਸ ਨਾਲ ਕੂਟਨੀਤਕ ਗੱਲਬਾਤ ਚਾਹੁੰਦੇ ਹਨ। ਇਸਤੇ ਮਿਸਟਰ ਜ਼ੇਲੈਨਸਕੀ ਕੁਝ ਤਲਖ ਹੁੰਦਿਆਂ ਕਿਹਾ ਕਿ ਰੂਸ ਨੇ 2014 ਵਿੱਚ ਪੂਰਬੀ ਯੂਕਰੇਨ ਅਤੇ ਕ੍ਰੀਮੀਆ ਦੇ ਹਿੱਸਿਆਂ ‘ਤੇ ਹਮਲਾ ਕੀਤਾ ਅਤੇ ਕਬਜ਼ਾ ਕੀਤਾ, ਉਸਦੇ ਨਾਗਰਿਕਾਂ ਨੂੰ ਮਾਰਿਆ ਪਰ ਕਿਸੇ ਨੇ ਉਸਨੂੰ ਰੋਕਿਆ ਨਹੀਂ। ਉਨ੍ਹਾਂ ਕਿਹਾ ਕਿ ਰੂਸ ਨਾਲ 2019 ਵਿੱਚ ਵੀ ਜੰਗਬੰਦੀ ਲਈ ਸਮਝੌਤਾ ਹੋਇਆ ਸੀ ਪਰ ਪੁਤਿਨ ਨੇ ਉਸ ਨੂੰ ਤੋੜ ਦਿੱਤਾ ਸੀ।
ਮਿਸਟਰ ਵੈਨਸ ਨੇ ਮਿਸਟਰ ਜ਼ੇਲੈਨਸਕੀ ਨੂੰ ਕਿਹਾ ਕਿ ਓਵਲ ਦਫਤਰ ਆਉਣਾ ਅਤੇ ਅਮਰੀਕੀ ਮੀਡੀਆ ਦੇ ਸਾਹਮਣੇ ਇਸ ਮੁੱਦੇ ਨੂੰ ਉਛਾਲਣਾ ਉਨ੍ਹਾਂ ਲਈ ਅਪਮਾਨਜਨਕ ਹੈ। ਮਿਸਟਰ ਜ਼ੇਲੇਨਸਕੀ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਯੁੱਧ ਦੌਰਾਨ, ਹਰ ਕਿਸੇ ਨੂੰ ਮੁਸ਼ਕਲਾਂ ਆਉਂਦੀਆਂ ਹਨ, ਇੱਥੋਂ ਤੱਕ ਕਿ ਤੁਹਾਨੂੰ ਵੀ। ਤੁਸੀਂ ਭਾਵੇਂ ਇਸਨੂੰ ਅੱਜ ਮਹਿਸੂਸ ਨਾ ਕਰੋ ਪਰ ਭਵਿੱਖ ਵਿਚ ਇਸਨੂੰ ਜ਼ਰੂਰ ਮਹਿਸੂਸ ਕਰੋਗੇ। ਟਰੰਪ ਨੇ ਜੈਲੇਨਸਕੀ ਦੀ ਗੱਲ ਟੋਕਦਿਆਂ ਕਿਹਾ ਕਿ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਨਾ ਕਰੋ ਕਿ ਅਸੀਂ ਕੀ ਮਹਿਸੂਸ ਕਰਦੇ ਹਾਂ। ਤੁਸੀ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਚੰਗੀ ਸਥਿਤੀ ਵਿਚ ਨਹੀ ਹੋ। ਤੁਸੀਂ ਗੇਮ ਖੇਡ ਰਹੇ ਹੋ। ਤੁਸੀਂ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਵੀ ਖੇਡ ਰਹੇ ਹੋ। ਤੁਸੀਂ ਤੀਜੇ ਵਿਸ਼ਵ ਯੁੱਧ ਨੂੰ ਸੱਦਾ ਦੇ ਰਹੇ ਹੋ। ਤੁਸੀਂ ਜੋ ਵੀ ਕਰ ਰਹੇ ਹੋ ਉਹ ਅਮਰੀਕਾ ਦਾ ਵੀ ਨਿਰਾਦਰ ਕਰ ਰਹੇ ਹੋ।
ਮਿਸਟਰ ਟਰੰਪ ਨੇ ਮਿਸਟਰ ਜ਼ੇਲੇਨਸਕੀ ਨੂੰ ਹੋਰ ਕਿਹਾ ਕਿ ਜੋ ਤੁਸੀਂ ਰੂਸ ਖਿਲਾਫ ਜੰਗ ਮਜ਼ਬੂਤ ਦਿਖਾਈ ਦੇ ਰਹੇ ਹੋ ਇਹ ਯੂ ਐਸ ਤੋਂ ਬਿਨਾਂ ਸੰਭਵ ਨਹੀਂ। ਅਗਰ ਅਮਰੀਕਾ ਤੁਹਾਨੂੰ ਸਹਾਇਤਾ ਨਾ ਦੇਵੇ ਤਾਂ ਕਿਸ ਤਰਾਂ ਲੜ ਸਕੋਗੇ। ਇਸ ਗੱਲਬਾਤ ਦੌਰਾਨ ਟਰੰਪ ਨੇ ਉਂਗਲੀ ਖੜੀ ਕਰਦਿਆਂ ਜੈਲੈਂਸਕੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਇਕ ਵਾਰ ਹੱਥ ਵੀ ਲਗਾਕੇ ਵੀ ਕੁਝ ਦੱਸਣਾ ਚਾਹਿਆ। ਉਹਨਾਂ ਜੇਲੈਂਨਸਕੀ ਵਲੋਂ ਮੈਂ ਜੰਗਬੰਦੀ ਨਹੀ ਕਰਨੀ ਦਾ ਡਾਇਲਾਗ ਬੋਲਦਿਆਂ ਸਾਂਗ ਵੀ ਲਗਾਈ। ਇਸ ਤਲਖ ਕਲਾਮੀ ਦੌਰਾਨ ਮਿਸਟਰ ਜੈਲੈਂਸਕੀ ਸਪੱਸ਼ਟ ਤੌਰ ਤੇ ਨਾਰਾਜ਼ ਦਿਖਾਈ ਦਿੱਤੇ ਤੇ ਵਾਈਟ ਹਾਊਸ ਛੱਡਕੇ ਚਲੇ ਗਏ। ਉਹਨਾਂ ਅਮਰੀਕਾ ਨਾਲ ਕੁਦਰਤੀ ਸਰੋਤਾਂ ‘ਤੇ ਅਨੁਮਾਨਤ ਸਮਝੌਤੇ ‘ਤੇ ਵੀ ਦਸਤਖਤ ਨਹੀਂ ਕੀਤੇ।
ਮੀਟਿੰਗ ਦੇ ਬੇਸਿੱਟਾ ਰਹਿਣ ਉਪਰੰਤ ਟਰੰਪ ਨੇ ਸੋਸ਼ਲ ਪਲੇਟਫਾਰਮ ‘ਤੇ ਇੱਕ ਬਿਆਨ ਵਿਚ ਮਿਸਟਰ ਜ਼ੇਲੇਨਸਕੀ ਦਾ ਵਿਵਹਾਰ ਅਪਮਾਨਜਨਕ ਹੋਣ ਦਾ ਦੋਸ਼ ਲਗਾਇਆ, ਅਤੇ ਕਿਹਾ ਕਿ ਜਦੋਂ ਉਹ ਸ਼ਾਂਤੀ ਲਈ ਤਿਆਰ ਹੋਣਗੇ ਤਾਂ ਉਹ ਵਾਪਸ ਆ ਸਕਦੇ ਹਨ।
ਮਿਸਟਰ ਜ਼ੇਲੇਨਸਕੀ ਨੇ ਵੀ ਐਕਸ ‘ਤੇ ਇੱਕ ਪੋਸਟ ਵਿੱਚ, ਸ਼੍ਰੀਮਾਨ ਟਰੰਪ, ਅਮਰੀਕੀ ਲੋਕਾਂ ਅਤੇ ਕਾਂਗਰਸ ਦਾ ਦੌਰੇ ਲਈ ਧੰਨਵਾਦ ਕੀਤਾ ਤੇ ਲਿਖਿਆ ਕਿ “ਯੂਕਰੇਨ ਨੂੰ ਨਿਰਪੱਖ ਅਤੇ ਸਥਾਈ ਸ਼ਾਂਤੀ ਦੀ ਲੋੜ ਹੈ, ਅਤੇ ਅਸੀਂ ਇਸਦੇ ਲਈ ਕੰਮ ਕਰ ਰਹੇ ਹਾਂ।”
ਟਰੰਪ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਯੂਕਰੇਨ ਵਿੱਚ ਜੰਗ ਤੁਰੰਤ ਖਤਮ ਹੋਵੇ।
ਉਧਰ ਜ਼ੇਲੇਨਸਕੀ ਨੇ ਮੀਡੀਆ ਨੂੰ ਦੱਸਿਆ ਕਿ ਯੂਕਰੇਨੀਆਂ ਤੋਂ ਵੱਧ ਕੋਈ ਵੀ ਸ਼ਾਂਤੀ ਨਹੀਂ ਚਾਹੁੰਦਾ। ਭਾਵੇਂ ਉਹ ਫੌਜ ਨੂੰ ਲੜਾਈ ਬੰਦ ਕਰਨ ਦਾ ਹੁਕਮ ਕਰ ਦੇਵੇ ਪਰ “ਕੋਈ ਵੀ ਨਹੀਂ ਰੁਕੇਗਾ” ਕਿਉਂਕਿ ਹਰ ਕੋਈ ਡਰਦਾ ਹੈ ਕਿ “ਪੁਤਿਨ ਕੱਲ੍ਹ ਨੂੰ ਮੁੜ ਹਮਲਾ ਕਰ ਸਕਦਾ ਹੈ। ਖਬਰਾਂ ਹਨ ਜਿਥੇ ਵਾਈਟ ਹਾਊਸ ਵਿਚ ਹੋਈ ਇਸ ਤਲਖ ਕਲਾਮੀ ਦੀ ਯੂਕਰੇਨ ਅਤੇ ਯੂਰਪੀਅਨ ਮੁਲਕਾਂ ਵਿਚ ਹੈਰਾਨੀ ਭਰੀ ਚਰਚਾ ਹੈ ਉਥੇ ਰੂਸ ਵਿਚ ਇਸਤੇ ਖੁਸ਼ੀ ਪ੍ਰਗਟ ਕੀਤੀ ਜਾ ਰਹੀ ਹੈ ਤੇ ਰੂਸੀ ਆਗੂ ਇਸਨੂੰ ਜੇਲੈਨਸਕੀ ਦੇ ਮੂੰਹ ਤੇ ਕਰਾਰ ਥੱਪੜ ਕਰਾਰ ਦੇ ਰਹੇ ਹਨ।
ਇਸੇ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਕਸ ‘ਤੇ ਕਿਹਾ ਹੈ ਕਿ ਰੂਸ ਨੇ ਗੈਰ-ਕਾਨੂੰਨੀ ਢੰਗ ਨਾਲ ਯੂਕਰੇਨ ‘ਤੇ ਹਮਲਾ ਕੀਤਾ ਹੈ। ਹੁਣ ਤਿੰਨ ਸਾਲਾਂ ਤੋਂ, ਯੂਕਰੇਨੀਆਂ ਨੇ ਹਿੰਮਤ ਨਾਲ ਲੜਾਈ ਲੜੀ ਹੈ। ਲੋਕਤੰਤਰ, ਆਜ਼ਾਦੀ ਅਤੇ ਪ੍ਰਭੂਸੱਤਾ ਲਈ ਉਨ੍ਹਾਂ ਦੀ ਲੜਾਈ ਇਕ ਅਜਿਹੀ ਲੜਾਈ ਹੈ ਜੋ ਸਾਡੇ ਸਾਰਿਆਂ ਲਈ ਮਹੱਤਵਪੂਰਨ ਹੈ। ਕੈਨੇਡਾ ਇੱਕ ਨਿਆਂਪੂਰਨ ਅਤੇ ਸਥਾਈ ਸ਼ਾਂਤੀ ਦੀ ਪ੍ਰਾਪਤੀ ਲਈ ਯੂਕਰੇਨ ਅਤੇ ਯੂਕਰੇਨੀਆਂ ਦੇ ਨਾਲ ਖੜ੍ਹਾ ਰਹੇਗਾ।
