ਕਲਵੰਤ ਸਿੰਘ ਸਹੋਤਾ
604-589-5919
ਆਤਮ-ਵਿਸ਼ਵਾਸ ਬਿਨਾ ਬੰਦਾ ਅਧੂਰਾ ਹੈ, ਇਹ ਜ਼ਿੰਦਗੀ ਦੀ ਚਾਲ ਨੂੰ ਸਥਿਰ ਰੱਖਣ ਲਈ ਬਹੁਤ ਜਰੂਰੀ ਹੈ। ਆਪਣੇ ਮਨ ਦੀ ਸੋਚ ਨੂੰ ਕਿਸੇ ਠੋਸ ਅਧਾਰ ਤੇ ਵਰਕਰਾਰ ਰੱਖਣ ਲਈ, ਸਮੇਂ ਅਨੁਸਾਰ ਕੀਤੇ ਫੈਸਲਿਆਂ ਦੇ ਸਿਰੇ ਚੜ੍ਹਨ ਲਈ ਅਤੇ ਜ਼ਿੰਦਗੀ ਦੀ ਗੱਡੀ ਨੂੰ ਲੀਹੇ ਰੱਖਣ ਲਈ ਆਤਮ-ਭਰੋਸਾ ਜਾਂ ਕਹਿ ਲਓ ਆਤਮ-ਵਿਸ਼ਵਾਸ ਹੋਣਾ ਸਹਾਈ ਹੁੰਦਾ ਹੈ। ਥਿੜਕਦਾ ਮਨ ਕਿਸੇ ਸਿਰੇ ਨਹੀਂ ਲੱਗਣ ਦਏਗਾ, ਭੰਬਲ਼ ਭੁਸੇ ‘ਚ ਪਾਈ ਰੱਖੇਗਾ।
ਮੈਂਨੂੰ ਯਾਦ ਹੈ, ਮੈਂ ਛੇਵੀਂ ਜਮਾਤ ‘ਚ ਪੜ੍ਹਦਾ ਸੀ। ਹਿੰਦੀ ਪੜ੍ਹਾਉਣ ਵਾਲੇ ਮਾਸਟਰ (ਟੀਚਰ) ਨੇ ਕਹਿਣਾ ਕਿ ਪੰਜਾਬੀ ਵੀ ਕੋਈ ਭਾਸ਼ਾ ਹੈ! ਇਹ ਅਨਪ੍ਹੜ ਪੇਂਡੂਆਂ ਦੀ ਬੋਲੀ ਹੈ; ਇਸ ਦੀ ਵਿਆਕਰਣ ਵੀ ਚਲਵੀਂ ਹੈ, ਦਰੁਸਤ ਨਹੀਂ। ਕਿਤੇ ‘ਬ’ ਲਾ ਦਿੰਦੇ ਅਤੇ ਕਿਤੇ ‘ਵ’ ਕਿਤੇ ‘ਨ’ ਅਤੇ ਕਿਤੇ ‘ਣ’। ਅਜਿਹੀਆਂ ਗੱਲਾਂ ਜਦੋਂ ਰੋਜ਼ ਹੀ ਸੁਣਨ ਨੂੰ ਮਿਲਦੀਆਂ ਰਹਿਣੀਆਂ ਤਾਂ ਸੱਚੀਂ ਮਨ ‘ਚ ਪ੍ਰਭਾਵ ਬਣਨ ਲੱਗਾ ਕਿ ਪੰਜਾਬੀ ਭਾਸ਼ਾ ਪਿਛਲੇ ਦਰਜੇ ਦੀ ਭਾਸ਼ਾ ਹੈ। ਉਮਰ ਛੋਟੀ ਸੀ,ਸੋਚਣ ਦਾ ਦਾਇਰਾ ਸੀਮਤ ਹੋਣ ਕਰਕੇ ਹਿੰਦੀ ਮਾਸਟਰ ਦੇ ਅਸਰ ਥੱਲੇ ਲੱਗਣ ਲੱਗ ਪਿਆ ਕਿ ਜੋ ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਬੋਲਦੇ ਹਨ ਉਹ ਸੱਚੀਂ ਸੱਭਿਅਤ ਹਨ ਤੇ ਅਸੀਂ ਪੇਂਡੂ ਪੰਜਾਬੀ ਬੋਲਣ ਵਾਲੇ ਅਸੱਭਿਅਤ ਅਤੇ ਪੇਂਡੂ ਗਵਾਰ ਹੀ ਹਾਂ। ਇਹ ਪ੍ਰਭਾਵ ਮਨ ‘ਚ ਅਗਲੀਆਂ ਜਮਾਤਾਂ ਤੱਕ ਵੀ ਬਣਿਆ ਰਿਹਾ।
ਹਾਇਰ-ਸੈਕੰਡਰੀ ਸਕੂਲ ਪਾਸ ਕਰਨ ਮਗਰੋਂ ਜਦੋਂ ਡੀ ਏ ਵੀ ਕਾਲਜ ਜਲੰਧਰ (ਪੰਜਾਬ) ਪੜ੍ਹਣ ਲੱਗਾ ਤਾਂ ਮਹਾਸ਼ਾ ਨੁਮਾ ਪ੍ਰਬੰਧਕਾਂ ਦਾ ਵਤੀਰਾ ਹੋਰ ਵੀ ਅਚੰਭੇ ਵਾਲਾ ਲੱਗਿਆ। ਹਿੰਦੀ ਪ੍ਰਸਤ ਪ੍ਰੋਫੈਸਰ ਅਤੇ ਪ੍ਰਬੰਧਕ ਕੋਈ ਅਜਿਹਾ ਮੋਕਾ ਹੱਥੋਂ ਨਾ ਜਾਣ ਦਿੰਦੇ ਜਿਸ ਨਾਲ ਇਹ ਅਹਿਸਾਸ ਪ੍ਰਪੱਕ ਕਰਾਇਆ ਜਾ ਸਕੇ ਕਿ ਸਿੱਖ ਅਤੇ ਹੋਰ ਪੰਜਾਬੀ ਬੋਲਣ ਵਾਲੇ, ਹਿੰਦੀ ਅਤੇ ਅੰਗਰੇਜ਼ੀ ਬੋਲਣ ਵਾਲਿਆਂ ਨਾਲੋਂ ਨਖਿੱਧ ਅਤੇ ਪੇਂਡੂ ਗਵਾਰ ਹਨ। ਜਦੋਂ 1969 ‘ਚ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸੁLਰੂ ਹੋਈ ਤਾਂ ਉਸ ਨੇ ਅਜਿਹੇ ਰੁਝਾਨ ਨੂੰ ਠੱਲ ਪਾਉਣ ‘ਚ ਅਹਿਮ ਭੂਮਿਕਾ ਨਿਭਾਈ ਅਤੇ ਪੰਜਾਬੀ ਦੇ ਵਕਾਰ ਨੂੰ ਉੱਪਰ ਚੁੱਕਿਆ। ਪਹਿਲਾਂ ਬੜੇ ਸੂਖਮ ਤਰੀਕੇ ਨਾਲ ਪੰਜਾਬੀ ਬੋਲੀ ਪ੍ਰਤੀ ਰਚੇ ਜਾਂਦੇ ਛੜਯੰਤਰ ਤੇ ਵਿਤਕਰੇ ਦਾ ਮਨ ‘ਚ ਗਹਿਰਾ ਸਵਾਲੀਆ ਚਿੰਨ ਬਣਿਆ ਰਿਹਾ।
ਕੈਨੇਡਾ ਪਹੁੰਚ ਪਹਿਲਾਂ ਪਹਿਲ ਮੈਂ ਇੱਕ ਲੱਕੜ ਮਿੱਲ ‘ਚ ਕੰਮ ਕਰਨ ਲੱਗਾ ਤਾਂ ਦੇਖਿਆ ਕਿ ਲੰਚ ਰੂਮ ‘ਚ ਪ੍ਰਬੰਧਕਾਂ ਵਲੋਂ ਬਹੁਤ ਮੋਟੇ ਅੱਖ਼ਰਾਂ ‘ਚ ਲਿਖ ਕੇ ਇੱਕ ਨੋਟਿਸ ਲਾਇਆ ਹੋਇਆ ਸੀ ਕਿ ਇੱਥੇ ਸਿਰਫ ਅੰਗਰੇਜ਼ੀ ਭਾਸ਼ਾ ‘ਚ ਹੀ ਗੱਲ ਕੀਤੀ ਜਾਏ। ਬੜਾ ਅਜੀਬ ਲੱਗਿਆ ਕਿ ਨੱਬੇ ਪ੍ਰਤੀਸ਼ੱਤ ਕਾਮੇ ਤਾਂ ਪੰਜਾਬੀ ਬੋਲਣ ਵਾਲੇ ਹਨ ਅਤੇ ਅੱਧਿਆਂ ਨੂੰ ਤਾਂ ਅੰਗਰੇਜ਼ੀ ਦਾ ਇੱਲ ਤੇ ਕੁੱਕੜ ਵੀ ਨਹੀਂ ਪਤਾ: ਇੱਥੇ ਇਹ ਹੁਕਮਨਾਮਾ ਕਿਸ ਖੁਸ਼ੀ ‘ਚ ਚਾ੍ਹੜਿਆ ਹੋਇਆ ਹੈ? ਲੱਗਿਆ ਕਿ ਇੱਥੇ ਤਾਂ ਮਹਾਸ਼ਿਆਂ ਦੇ ਕਾਲਜ ਨਾਲੋਂ ਵੀ ਸਖਤੀ ਹੈ, ਉਹ ਪੰਜਾਬੀ ਬੋਲਣ ਵਾਲਿਆਂ ਨੂੰ ਨੱਕ ਬੁੱਲ ਤਾਂ ਜਰੂਰ ਚਾ੍ਹੜਦੇ ਸਨ ਪਰ ਪੰਜਾਬੀ ਬੋਲਣ ਤੋਂ ਮਨ੍ਹਾਂ ਨਹੀਂ ਸੀ ਕਰਦੇ। ਇਸ ਨੂੰ ਸਮਝ ਆਉਣ ਨੂੰ ਵੀ ਕਿੰਨਾ ਹੀ ਚਿਰ ਲੱਗਿਆ।
ਮੇਰਾ ਪੋਤਾ ਦੂਸਰੀ ਜਮਾਤ ‘ਚ ਪੜ੍ਹਦਾ, ਉਹਨਾਂ ਦੀ ਕਲਾਸ ਦਾ ਇੱਕ ਦਿਨ ਫੀਲਡ ਟਰਿਪ ਸੀ, ਬੱਚੇ ਸਕੂਲ ਬੱਸ ‘ਚ ਬੈਠਣ ਲਈ ਆਪਣੀ ਵਾਰੀ ਉਡੀਕਦੇ ਡਾਰ ‘ਚ ਖੜ੍ਹੇ ਸਨ ਤਾਂ ਇੱਕ ਵਿਦਿਆਰਥਣ ਬੱਚੀ ਦਾ ਪਿਤਾ ਮੱਲਕੁ ਦੇ ਕੇ ਕੰਨ ‘ਚ ਆਕੇ ਕਹਿੰਦਾ ਕਿ ਤੂੰ ਟਰਿੱਪ ਦੌਰਾਨ ਅੰਗਰੇਜ਼ੀ ‘ਚ ਹੀ ਗੱਲ ਕਰੀਂ। ਇਹ ਸੁਣ ਮੈਨੂੰ ਉੱਪਰ ਵਾਲੀਆਂ ਬਿਆਨ ਕੀਤੀਆਂ ਘਟਨਾਵਾਂ ਦੀ ਸਾਰੀ ਫਿਲਮ ਇੱਕ ਫੁਰਨੇ ‘ਚ ਹੀ ਅੱਖਾਂ ਮੁਹਰੇ ਉਜਾਗਰ ਆ ਹੋਈ। ਲੱਗਾ ਕਿ ਮੇਰੀ ਛੇਵੀ ਜਮਾਤ ਦੇ ਹਿੰਦੀ ਟੀਚਰ ਦਾ ਭੂਤ ਜਾਂ ਮਹਾਸ਼ਿਆਂ ਦੇ ਸੂਹੀਏ ਇੱਥੇ ਵੀ ਗੁਪਤ ਪਹੁੰਚ ਕੇ ਐਲੀਮੈਂਟਰੀ ਸਕੂਲ ਦੇ ਬੱਚਿਆਂ ਦੇ ਮਾਪਿਆਂ ਦੇ ਕੰਨਾਂ ‘ਚ ਫੂਕ ਮਾਰ ਗਏ ਕਿ ਕਿਤੇ ਪੰਜਾਬੀ ‘ਚ ਗੱਲ ਨਾ ਕਰ ਬੈਠਿਓ।
ਪਿਛਲੀਆਂ ਸਦੀਆਂ ‘ਚ ਯੌਰਪੀਅਨ ਜਿੱਥੇ ਵੀ ਕਿਤੇ ਗਏ, ਚਾਹੇ ਉਹ ਏਸ਼ੀਆ ਸੀ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਅਫਰੀਕਨ ਕੰਂਟੀਨੈਂਟ ਜਾਂ ਅਸਟਰੇਲੀਆ; ਉਹਨਾਂ ਪੂਰੇ ਆਤਮ-ਵਿਸ਼ਵਾਸ ਨਾਲ ਆਪੋ ਆਪਣੀ ਮਾਂ ਬੋਲੀ ਦਾ ਰੱਜ ਕੇ ਪਰਚਾਰ ਅਤੇ ਪਸਾਰ ਕਰਿਆ। ਜਿਵੇਂ ਦੱਖਣੀ ਅਮਰੀਕਾ ਦੇ ਆਪਣੇ ਰਾਜ ਭਾਗ ਦੇ ਮੁਲਕਾਂ ‘ਚ ਪੁਰਤਗਾਲੀ, ਸਪੈਨਿਸ਼ ਆਦਿ ਭਾਸ਼ਾਵਾਂ ਦੀ ਪਕੜ ਮਜਬੂਤ ਕਰੀ। ਉੱਤਰੀ ਅਮਰੀਕਾ ‘ਚ ਅੰਗਰੇਜ਼ੀ ਅਤੇ ਫਰਾਂਸੀਸੀ ਭਾਸ਼ਾ ਦਾ ਪਸਾਰ ਹੋਇਆ। ਇਵੇਂ ਹੀ ਅਫਰੀਕਨ ਕੰਟੀਨੈਂਟ ਅਤੇ ਏਸ਼ੀਆ ‘ਚ ਵੀ ਅੰਗਰੇਜ਼ੀ, ਪੁਰਤਗਾਲੀ, ਫਰਾਂਸੀਸੀ ਆਦਿ ਭਾਸ਼ਾਵਾਂ ਦਾ ਪਸਾਰ ਹੋਇਆ। ਸਥਾਨਕ ਲੋਕਾਂ ਤੇ ਸੈਂਕੜੇ ਸਾਲ ਇਹਨਾਂ ਭਾਸ਼ਾਵਾਂ ਦੀ ਪਕੜ ਮਜਬੂਤ ਕਰ ਭਾਵੇਂ ਬਹੁਤੇ ਥਾਈ ਉਹ ਆਪਣਾ ਰਾਜ ਭਾਗ ਸਥਾਨਕ ਲੋਕਾਂ ਨੂੰ ਸੌਂਪ ਸਮੇਂ ਸਮੇਂ ਰੁਖਸਤ ਹੁੰਦੇ ਗਏ ਪਰ ਸਭ ਆਪੋ ਆਪਣੀਆਂ ਭਾਸ਼ਾਵਾਂ ਦੀਆਂ ਜੜ੍ਹਾਂ ਉੱਥੇ ਪਤਾਲ ਤੱਕ ਗੱਡ ਗਏ। ਆਪਣੇ ਰਾਜ ਭਾਗ ਨੂੰ ਸੁਬਿਧਾ ਨਾਲ ਚਲਾਉਣ ਅਤੇ ਲੋਕਾਂ ਦੀ ਨਬਜ ਨੂੰ ਟੋਹਣ ਲਈ ਉਹਨਾਂ ਸਥਾਨਕ ਭਾਸ਼ਾਵਾਂ ਜਰੂਰ ਸਿੱਖੀਆਂ ਪਰ ਆਪਣੀ ਮਾਂ ਬੋਲੀ ਨੂੰ ਹਮੇਸ਼ਾਂ ਪਹਿਲੇ ਦਰਜੇ ਤੇ ਰੱਖ ਲੋਕਾਂ ਨੂੰ ਗੁਲਾਮੀ ਦੀ ਜਕੜ ‘ਚ ਜਕੜੀ ਰੱਖਿਆ।
ਮਨ ਨੂੰ ਤਰੋ-ਤਾਜ਼ਾ ਅਤੇ ਸਰੀਰ ਨੂੰ ਸਿਹਤਮੰਦ ਰੱਖਣ ਦੇ ਮੱਦੇਨਜ਼ਰ ਮੈਂ ਲਗਾਤਾਰ ਵੈਨਕੁਵਰ ਬ੍ਰਿਟਸ਼ ਕਲੰਬੀਆ ਦੇ ਗਰਾਊਜ਼ ਪਹਾੜ ਤੇ ਹਾਈਕ ਕਰਦਾਂ। ਗਰਮੀਆਂ ਨੂੰ ਗਰਾਊਜ਼ ਗਰਾਈਂਡ ਡੰਡੀ ਰਾਹੀਂ ਥੱਲਿਓਂ ਤੁਰ ਕੇ ਉੱਪਰ ਤੱਕ ਜਾਨਾ, ਜਿਸ ਦੀ ਸਿੱਧੀ ਉਚਾਈ 850 ਮੀਟਰ ਅਤੇ ਬਾਟ ਤਕਰੀਬਨ ਤਿੰਨ ਕਿਲੋਮੀਟਰ ਹੈ। ਇਸੇ ਤਰ੍ਹਾਂ ਹੀ ਸਿਆਲਾਂ ਨੂੰ ਸਨੋ-ਸ਼ੂ ਗਰਾਈਂਡ ਕਰਦਾਂ। ਸਕੇਟਿੰਗ ਪੌਂਡ ਤੋਂ ਸ਼ੁਰੂ ਕਰਕੇ ਡੈਮ ਪਹਾੜ ਦੀ ਚੋਟੀ ਤੱਕ ਆਉਣ ਜਾਣ ਪੰਜ ਕਿਲੋਮੀਟਰ ਹੋ ਜਾਂਦਾ। ਸਿੱਧੀ ਉਚਾਈ 240 ਮੀਟਰ ਹੈ, ਜੋ ਢਾਈ ਕਿਲੋਮੀਟਰ ਦੀ ਇੱਕ ਪਾਸੜ ਬਾਟ ‘ਚ ਬਰਫ ਤੇ ਤੁਰਕੇ ਚੜ੍ਹਨੀ ਅਤੇ ਉੱਤਰਨੀ ਪੈਂਦੀ ਹੈ। ਨਿਰਭਰ ਕਰਦਾ ਕਿ ਬਰਫ਼ ਕਿਹੋ ਜਿਹੀ ਹੈ, ਕਈ ਵਾਰੀ ਵੱਡੇ ਸਨੋ-ਸ਼ੂ ਬੂਟਾਂ ਨਾਲ ਬੰਨ੍ਹ ਤੇ ਕਈ ਵਾਰੀ ਮੇਖੀ/ ਕਿੱਲਾਂ ਵਾਲੀਆਂ ਸੰਗਲੀਆਂ ਬੂਟਾਂ ਤੇ ਚਾੜ੍ਹ ਹਾਈਕ ਕਰੀਦਾ। ਇਸ ਅਰਸੇ ਦੌਰਾਨ ਬਹੁਤ ਸਾਰੇ ਹੋਰ ਹਾਈਕਰਜ਼ ਨਾਲ ਮੇਲ ਮਿਲਾਪ ਹੁੰਦਾ ਰਹਿੰਦਾ। ਅਕਸਰ ਮੈਂ ਦੇਖਦਾਂ ਕਿ ਜੋ ਹਾਈਕਰ ਪਰਿਵਾਰਕ ਜਾਂ ਸਮਾਜਿਕ ਟੋਲਿਆਂ ਨਾਲ ਗਰਮੀਆਂ ਅਤੇ ਸਿਆਲਾਂ ਦੀ ਹਾਈਕ ਦਾ ਅਨੰਦ ਮਾਣਦੇ ਆ, ਉਹ ਆਪਣੀ ਆਪਸੀ ਗੱਲਬਾਤ ਆਪਣੀ ਮਾਤ ਭਾਸ਼ਾ ‘ਚ ਹੀ ਕਰਦੇ ਸੁਣੀਂਦਾ ਹਨ। ਚਾਹੇ ਉਹ ਭਾਸ਼ਾ ਮੈਂਡਰਿਨ ਹੋਵੇ, ਕੈਨਟੋਨੀਜ਼, ਕੋਰੀਅਨ, ਪੁਰਤਗਾਲੀ, ਸਪੈਨਿਸ਼, ਯੁਕਰੇਨੀਅਨ, ਫਰਾਂਸੀਸੀ, ਫ਼ਾਰਸੀ, ਪਸ਼ਤੋਂ, ਉੜਦੂ, ਅਰਬੀ , ਜਰਮਨ, ਹਿੰਦੀ, ਟਾਗਾਲੌਗ ਜਾਂ ਹੋਰ ਭਾਸ਼ਾਵਾਂ ਹੋਣ। ਉਹ ਆਪਣੇ ਜੱਕੜ ਖੁੱਲ੍ਹ ਕੇ ਆਪਣੀ ਮਾਂ ਬੋਲੀ ‘ਚ ਹੀ ਮਾਰਦੇ ਹਨ। ਉਹਨਾਂ ਨਾਲ ਤੁਰਦਿਆਂ ਜਾਂ ਗੰਡੋਲਾ ‘ਚ ਆਉਂਦਿਆਂ ਜਾਂਦਿਆਂ ਜਦੋਂ ਮੈਂ ਉਹਨਾਂ ਦੀ ਕਿਚਨ-ਮਿਚਨ ਸੁਣਦਾਂ ਤਾਂ ਕਈ ਵਾਰੀ ਜਿਗਰਾ ਕਰਕੇ ਉਹਨਾਂ ਨੂੰ ਸਹਿਜ ਸੁਭਾ ਪੁੱਛ ਲੈਨਾ ਕਿ ਜੇ ਤੁਸੀਂ ਇਤਰਾਜ ਨਾ ਕਰੋਂ ਤਾਂ ਕਿਰਪਾ ਕਰਕੇ ਮੈਂਨੂੰ ਦੱਸ ਸਕਦੇ ਹੋ ਕਿ ਤੁਸੀਂ ਕਿਹੜੀ ਭਾਸ਼ਾ ‘ਚ ਗੱਲਬਾਤ ਕਰ ਰਹੇ ਹੋ? ਅੱਗੋਂ ਉਹ ਬੜੀ ਖੁਸ਼ੀ ਨਾਲ ਉੱਤਰ ਦੇਣਗੇ ਕਿ ਉੱਪਰ ਜ਼ਿਕਰ ਕੀਤੀਆਂ ਭਾਸ਼ਾਵਾਂ ‘ਚੋਂ ਕਿਹੜੀ ‘ਚ ਗੱਲਬਾਤ ਕਰ ਰਹੇ ਹਨ। ਲਗਦੇ ਈ ਹੱਥ ਮੈਂ ਅਕਸਰ ਉਹਨਾਂ ਨੂੰ ਜੁਆਬ ‘ਚ ਜ਼ਿਕਰ ਕਰ ਦਿੰਨਾ ਕਿ ਮੈਨੂੰ ਖੁਸ਼ੀ ਹੈ ਕਿ ਤੁਸੀਂ ਆਪਣੀ ਮਾਂ ਬੋਲੀ ਨਾਲ ਜੁੜੇ ਹੋਏ ਹੋ। ਇਹ ਵੀ ਮੈਂ ਸਹਿਜ ਨਾਲ ਦੱਸ ਦਿੰਨਾ ਕਿ ਮੈਂ ਤਾਂ ਆਪ ਪੰਜਾਬੀ ਭਾਈਚਾਰੇ ‘ਚ ਪੰਜਾਬੀ ‘ਚ ਹੀ ਗੱਲ ਕਰਕੇ ਫ਼ਖ਼ਰ ਮਹਿਸੂਸਦਾਂ। ਇੰਜ ਮੇਰਾ ਵਿਸ਼ਵਾਸ ਹੋਰ ਮਜਬੂਤ ਹੁੰਦਾ ਕਿ ਮੇਰੇ ਵਰਗੇ ਹੋਰ ਵੀ ਬਹੁਤ ਲੋਗ ਹਨ ਜਿਹੜੇ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਹਨ । ਹਾਂ ਵੱਖੋ ਵੱਖਰੀਆਂ ਭਾਸ਼ਾਵਾਂ ਬੋਲਣ ਵਾਲਿਆਂ ਦੇ ਵਿਚਕਾਰ ਅੰਗਰੇਜ਼ੀ ਜਾਂ ਕੋਈ ਹੋਰ ਸਾਂਝੀ ਭਾਸ਼ਾ ਨੂੰ ਤਾਲਮੇਲ ਬਣਾਈ ਰੱਖਣ ਲਈ ਪੁਲ਼ ਵਜੋਂ ਤਾਂ ਜਰੂਰ ਵਰਤਿਆ ਜਾਏ ਪਰ ਉਸ ਦੀ ਕੀਮਤ ਤੇ ਮਾਂ ਬੋਲੀ ਨੂੰ ਤਲਾਕ ਨਾ ਦੇਈਏ।
ਕੋਈ ਸੱਤ ਕੁ ਸਾਲ ਪਹਿਲਾਂ ਦੀ ਗੱਲ ਹੈ ਮੈਂ ਗੰਡੋਲਾ ‘ਚ ਪਹਾੜ ਤੋਂ ਥੱਲੇ ਆਉਣ ਲਈ ਕਤਾਰ ‘ਚ ਖੜ੍ਹਾ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਸਾਂ ਤਾਂ ਦਸ ਕੁ ਬੰਦੇ ਛੱਡ ਕੇ ਪਿੱਛਿਓਂ “ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ” ਦੇ ਜੈਕਾਰੇ ਦੀ ਆਵਾਜ਼ ਆਈ ਤਾਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਇੱਕ ਪੰਜਾਬੀ ਨੌਂਜੁਆਨ ਮੇਰੇ ਵਲ ਵੇਖ ਮੁਸਕਰਾਇਆ ਅਤੇ ਹੱਥ ਖੜ੍ਹਾ ਕਰਿਆ। ਵਾਰੀ ਆਈ ਤੇ ਗੰਡੋਲੇ ‘ਚ ਚੜ੍ਹ ਨਾਲੋ ਨਾਲ ਖੜ੍ਹ ਗੱਲਾਂ ਕਰਨ ਲੱਗੇ ਤਾਂ ਪਹਿਲੀ ਗੱਲ ਮੈਂ ਕਹੀ ਕਿ ਸਿੰਘ ਤੈਂ ਬੜੀ ਜੁਰਅਤ ਨਾਲ ਦੂਰੋਂ ਕਿਤਨੇ ਆਤਮ-ਵਿਸ਼ਵਾਸ ਨਾਲ ਮੈਂਨੂੰ ਫਤਿਹ ਬੁਲਾਈ ਮੈਂ ਤੇਰੀ ਜੁਰਅਤ ਦੀ ਦਾਦ ਦਿੰਨਾ। ਪਹਿਲਾਂ ਮੇਰਾ ਪ੍ਰਭਾਵ ਬਣਿਆਂ ਕਿ ਇਹ ਕੋਈ ਤਾਜ਼ਾ ਤਾਜ਼ਾ ਪੰਜਾਬ ਤੋਂ ਆਇਅ ਵਿਦਿਆਰਥੀ ਹੋਊ ਜਾਂ ਫਿਰ ਕਿਸੇ ਕੱਟੜ ਸਿੱਖ ਸੰਪਰਦਾਏ ਨਾਲ ਸਬੰਧਤ ਹੋਊ। ਗੱਲਬਾਤ ਅੱਗੇ ਤੁਰੀ ਤਾਂ ਪਤਾ ਲੱਗਾ ਕਿ ਪੇਸ਼ੇ ਵਜੋਂ ਉਹ ਵਕੀਲ ਹੈ ਅਤੇ ਅੱਜਕੱਲ ਉਹ ਕੈਨੇਡਾ ਦੀ ਇੱਕ ਸਿਆਸੀ ਪਾਰਟੀ ‘ਚ ਸਰਗਰਮ ਹੈ ਅਤੇ ਉਸ ਦਾ ਵੱਡਾ ਭਰਾ ਉਸੇ ਪਾਰਟੀ ਦਾ ਨੈਸ਼ਨਲ ਲੀਡਰ ਹੈ।
ਆਲੇ ਦੁਆਲੇ ‘ਚ ਵਾਹ ਪੈਂਦਿਆਂ, ਲੋਕਾਂ ਨੂੰ ਵਿਚਰਦਿਆਂ ਦੇਖ ਆਤਮ-ਵਿਸ਼ਵਾਸ ਪ੍ਰਪੱਕ ਹੁੰਦਾ ਕਿ ਆਪਣੀ ਸੱਭਿਅਤਾ, ਭਾਸ਼ਾ, ਪਹਿਰਾਵਾ, ਰਹਿਣ ਸਹਿਣ ਦਾ ਢੰਗ ਤਰੀਕਾ ਭਾਵੇਂ ਵਿਲੱਖਣ ਹੋਵੇ ਤੇ ਦੂਸਰਿਆਂ ਨੂੰ ਹੋਰ ਤਰ੍ਹਾਂ ਦਾ ਵੀ ਕਿਉਂ ਨਾ ਲੱਗੇ ਪਰ ਉਹ ਤੁਹਾਡੀ ਪ੍ਰਤਿਭਾ ਦਾ ਪ੍ਰਤੀਕ ਹੈ, ਜਿਸ ਦਾ ਤੁਹਾਨੂੰ ਮਾਣ ਅਤੇ ਫ਼ਖਰ ਹੋਣਾ ਚਾਹੀਦਾ।
ਪ੍ਰੇਰਕ ਲੇਖ-ਆਤਮ ਵਿਸ਼ਵਾਸ
