ਵੱਡੀ ਗਿਣਤੀ ਵਿਚ ਅਹਿਮ ਸ਼ਖਸੀਅਤਾਂ ਤੇ ਸੰਗਤਾਂ ਨੇ ਪਰਿਵਾਰ ਨਾਲ ਦੁਖ ਵੰਡਾਇਆ-
ਕੈਲਗਰੀ ( ਦਲਵੀਰ ਜੱਲੋਵਾਲੀਆ)- ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਸਾਬਕਾ ਪ੍ਰਧਾਨ ਸ ਰਣਬੀਰ ਸਿੰਘ ਪਰਮਾਰ ਦੇ ਸਤਿਕਾਰਯੋਗ ਪਿਤਾ ਸ ਸਵਰਨ ਸਿੰਘ ਪਰਮਾਰ ਜੋ 91 ਸਾਲ ਦੀ ਉਮਰ ਭੋਗਕੇ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 2 ਮਾਰਚ 2025 ਨੂੰ ਕੰਟਰੀ ਹਿੱਲ ਕਰੀਮੋਰਟੋਰੀਅਮ ਕੈਲਗਰੀ ਵਿਖੇ ਧਾਰਮਿਕ ਰਹੁ ਰੀਤਾਂ ਮੁਤਾਬਿਕ ਕੀਤਾ ਗਿਆ। ਸਵਰਗੀ ਸ ਸਵਰਨ ਸਿੰਘ ਪੰਜਾਬ ਦੇ ਜਿਲਾ ਕਪੂਰਥਲਾ ਦੀ ਤਹਿਸੀਲ ਫਗਵਾੜਾ ਦੇ ਪਿੰਡ ਗੁਜਰਾਤਾ ਨਾਲ ਸਬੰਧਿਤ ਸਨ ਤੇ ਆਪਣੇ ਪਰਿਵਾਰ ਸਮੇਤ 1986 ਤੋਂ ਕੈਲਗਰੀ ਵਿਖੇ ਰਹਿ ਰਹੇ ਸਨ। ਉਹ ਆਪਣੇ ਪਿੱਛੇ ਸੁਪਤਨੀ ਸ੍ਰੀਮਤੀ ਦਵਿੰਦਰ ਕੌਰ ਪਰਮਾਰ, ਸਪੁੱਤਰ ਰਣਧੀਰ ਸਿੰਘ ਪਰਮਾਰ, ਰਣਬੀਰ ਸਿੰਘ ਪਰਮਾਰ, ਜਸਬੀਰ ਸਿੰਘ ਪਰਮਾਰ ਤੇ ਧੀਆਂ ਸਰਬਜੀਤ ਕੌਰ ਪਰਮਾਰ, ਸ਼ਰਨਜੀਤ ਕੌਰ, ਗੁਰਕੀਰਤ ਕੌਰ ਤੇ ਭਰਿਆ ਬਾਗ ਪਰਿਵਾਰ ਛੱਡ ਗਏ ਹਨ।
ਮ੍ਰਿਤਕ ਦੇ ਅੰਤਿਮ ਸੰਸਕਾਰ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਜੁੜੇ ਪਰਿਵਾਰਕ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਤੇ ਭਾਈਚਾਰੇ ਦੇ ਲੋਕਾਂ ਸਵਰਗੀ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਵਿਖੇ ਹੋਈ ਜਿਥੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।
ਅੰਤਿਮ ਸੰਸਕਾਰ ਤੇ ਭੋਗ ਮੌਕੇ ਹੋਰਨਾਂ ਤੋਂ ਇਲਾਵਾ ਐਮ ਪੀ ਜੌਰਜ ਚਾਹਲ ,ਮੰਤਰੀ ਮਿਕੀ ਐਮਰੀ,ਮੰਤਰੀ ਰਾਜਨ ਸਾਹਨੀ, ਮੰਤਰੀ ਮਹੁੰਮਦ ਯਾਸੀਨ,ਐਮ ਐਲ ਏ ਸ਼ੈਂਟਲ ਡਿਊਂਗ, ਐਮ ਐਲ ਏ ਪਰਮੀਤ ਸਿੰਘ ਬੋਪਾਰਾਏ, ਐਮ ਐਲ ਏ ਇਰਫਾਨ ਸਬੀਰ, ਐਮ ਐਲ ਏ ਗੁਰਿੰਦਰ ਬਰਾੜ,ਸਾਬਕਾ ਐਮ ਐਲ ਏ ਪ੍ਰਭ ਗਿੱਲ,ਕੌਂਸਲਰ ਰਾਜ ਧਾਲੀਵਾਲ , ਐਨ ਡੀ ਪੀ ਉਮੀਦਵਾਰ ਰਾਜੇਸ਼ ਅੰਗੁਰਾਲ ,ਜਸਵੀਰ ਜੋਧਵਾਲ,ਨਰਿੰਦਰਪਾਲ ਔਜਲਾ,ਅਮਨਪ੍ਰੀਤ ਗਿੱਲ ਸਾਬਕਾ ਪ੍ਰਧਾਨ ,ਜਤਿੰਦਰ ਸਿੰਘ ਲੰਮੇ,ਮੀਡੀਆ ਤੋਂ ਪਰਮਵੀਰ ਬਾਠ,ਰਿਸ਼ੀ ਨਾਗਰ,ਅਮਨਜੋਤ ਪੰਨੂ,ਹਰਬੰਸ ਬੁੱਟਰ,ਗੁਰੂ ਘਰ ਦਸਮੇਸ਼ ਸੈਂਟਰ ਦੀ ਸਮੁੱਚੀ ਕਮੇਟੀ ਪਹੁੰਚੀ ਤੇ ਵਿਛੜੀ ਰੂਹ ਨੂੰ ਸ਼ਰਧਾ ਸੁਮਨ ਭੇਂਟ ਕੀਤੇ। ਇਸ ਮੌਕੇ ਪਰਵਾਰਿਕ ਮੈਂਬਰਾਂ ਤੋਂ ਇਲਾਵਾ ਬਲਜੀਤ ਸਿੰਘ ਪੰਧੇਰ, ਸੁਖਰਾਮ ਸਿੰਘ ਸੰਧੂ ਨੇ ਸ਼ੋਕ ਸਭਾ ਨੂੰ ਸੰਬੋਧਨ ਕਰਦਿਆਂ ਸਵਰਗੀ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ। ਸਟੇਜ ਦੀ ਜਿੰਮੇਵਾਰੀ ਸ ਰਵਿੰਦਰ ਸਿੰਘ ਨੇ ਨਿਭਾਈ। ਪਰਿਵਾਰ ਵਲੋਂ ਸ ਰਣਬੀਰ ਸਿੰਘ ਪਰਮਾਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।