ਸੁਰਿੰਦਰ ਗੀਤ
ਕੈਨੇਡਾ ਆਈ ਨੂੰ ਭਾਵੇਂ ਅੱਧੀ ਸਦੀ ਬੀਤ ਗਈ ਸੀ, ਪਰ ਮੈਨੂੰ ਕੈਨੇਡਾ ਦੇ ਫਾਰਮ ਵਿੱਚ ਕੰਮ ਕਰਨ ਦਾ ਮੌਕਾ ਨਾ ਮਿਲਿਆ। ਇਸ ਦਾ ਵੱਡਾ ਕਾਰਨ ਇਹ ਸੀ ਕਿ ਮੈਂ 1974 ਵਿੱਚ ਕੈਨੇਡਾ ਆਈ ਤੇ ਓਦੋਂ ਤੋਂ ਲੈ ਕੇ ਹੁਣ ਤੱਕ ਕੈਲਗਰੀ ਵਿੱਚ ਹੀ ਰਹਿ ਰਹੀ ਹਾਂ। ਕੈਲਗਰੀ ਵਿੱਚ ਭਾਰਤੀ ਮੂਲ ਦੇ ਲੋਕਾਂ ਵਿੱਚ ਫਾਰਮਾਂ ਵਿੱਚ ਕੰਮ ਕਰਨ ਦਾ ਰੁਝਾਨ ਬਿਲਕੁਲ ਨਹੀਂ ਹੈ। ਜੇ ਹੈ ਤਾਂ ਮੈਨੂੰ ਉਸ ਬਾਰੇ ਜਾਣਕਾਰੀ ਨਹੀਂ।
ਮੈਂ ਜਦੋਂ ਵੀ ਭਾਰਤ, ਖਾਸਕਰ ਪੰਜਾਬ ਜਾਣਾ ਤਾਂ ਮੇਰੇ ਪਿੰਡ ਦੇ ਲੋਕ ਅਕਸਰ ਮੇਰੇ ਨਾਲ ਬੈਰੀ ਦੀ ਗੱਲ ਛੇੜ ਬਹਿੰਦੇ। ਮੇਰੇ ਪਿੰਡ ਦੀਆਂ ਔਰਤਾਂ ਬੈਰੀ ਨੂੰ ਬੇਰੀ ਆਖਦੀਆਂ। ਵੈਸੇ ਤਾਂ ਅੱਜਕੱਲ੍ਹ ਹਰ ਇੱਕ ਘਰ ’ਚੋਂ ਕੋਈ ਨਾ ਕੋਈ ਜੀਅ ਕੈਨੇਡਾ ਅਤੇ ਅਮਰੀਕਾ ਆਇਆ ਹੋਇਆ ਹੈ, ਫਿਰ ਵੀ ਕਈ ਲੋਕ ਇਸ ਜਾਣਕਾਰੀ ਤੋਂ ਵਿਰਵੇ ਹਨ। ਮੈਨੂੰ ਯਾਦ ਹੈ ਕਿ ਘਰਾਂ ’ਚੋਂ ਮੇਰੀ ਚਾਚੀ ਆਖਣ ਲੱਗੀ, “ਧੀਏ! ਮੈਨੂੰ ਇਹ ਦੱਸ ਬਈ ਓਥੇ ਬੇਰ ਕਿਵੇਂ ਤੋੜਦੇ ਆ?”
“ਚਾਚੀ ਜੀ! ਬੇਰ ਨਹੀਂ ਬੈਰੀ ਹੁੰਦੀ ਆ। ਉਸ ਦੇ ਬੂਟੇ ਨਰਮੇ ਦੇ ਬੂਟਿਆਂ ਵਰਗੇ ਹੁੰਦੇ ਆ। ਮੈਂ ਕਦੇ ਤੋੜੀ ਨਹੀਂ, ਪਰ ਸੁਣਿਆ ਨਰਮਾ ਚੁੱਗਣ ਵਾਂਗ ਹੁੰਦਾ ਹੈ!”
ਗੱਲ 2017 ਦੀ ਹੈ। ਮੇਰੇ ਬੇਟੇ ਦਾ ਵਿਆਹ ਕੈਨੇਡਾ ਦੇ ਬਹੁਤ ਹੀ ਖ਼ੂਬਸੂਰਤ ਪ੍ਰਾਂਤ ਬ੍ਰਿਟਿਸ਼ ਕਲੰਬੀਆ ਦੇ ਸ਼ਹਿਰ ਸਰੀ ਵਿੱਚ ਪੰਜਾਬੀ ਪਰਿਵਾਰ ਦੀ ਸੋਹਣੀ ਸੁਨੱਖੀ ਤੇ ਬਹੁਤ ਹੀ ਪਿਆਰੀ ਲੜਕੀ ਨਾਲ ਹੋ ਗਿਆ। ਬਾਅਦ ਵਿੱਚ ਉਹ ਪਰਿਵਾਰ ਯਾਨੀ ਮੇਰੇ ਰਿਸ਼ਤੇਦਾਰ ਆਪਣੇ ਫਾਰਮ ਵਿੱਚ ਹੀ ਵੱਡਾ ਸਾਰਾ ਘਰ ਬਣਾ ਕੇ ਰਹਿਣ ਲੱਗ ਪਏ। ਇਸ ਦਾ ਫਾਇਦਾ ਇਹ ਸੀ ਕਿ ਉਨ੍ਹਾਂ ਨੂੰ ਫਾਰਮ ਦੀ ਦੇਖਭਾਲ ਕਰਨੀ ਸੌਖੀ ਹੋ ਗਈ। ਫਾਰਮਾਂ ਵਿੱਚ ਸ਼ਹਿਰਾਂ ਵਾਲੀਆਂ ਮਿਉਂਸਿਪਲ ਕੌਂਸਲ ਵਾਲੀਆਂ ਸ਼ਰਤਾਂ ਲਾਗੂ ਨਹੀਂ ਹੁੰਦੀਆਂ। ਇਸ ਲਈ ਉਹ ਲੋਕ ਜਿਨ੍ਹਾਂ ਕੋਲ ਖੇਤੀ ਕਰਨ ਯੋਗ ਜ਼ਮੀਨ ਹੈ, ਉਹ ਆਪਣੀ ਜ਼ਮੀਨ ਵਿੱਚ ਹੀ ਘਰ ਬਣਾਉਣਾ ਚੰਗਾ ਸਮਝਦੇ ਹਨ।
ਬਲੂਬੈਰੀ ਫ਼ਸਲ ਦਾ ਸੀਜ਼ਨ ਜ਼ੋਰਾਂ ’ਤੇ ਸੀ। ਮੇਰਾ ਵੀ ਪਰਿਵਾਰ ਸਮੇਤ ਐਬਸਫੋਰਡ ਜਾਣ ਦਾ ਸਬੱਬ ਬਣ ਗਿਆ।
ਲੋਕਾਂ ਨੂੰ ਬੈਰੀ ਤੋੜਦੇ ਦੇਖ ਮਨ ਵਿੱਚ ਬੈਰੀ ਤੋੜਨ ਦਾ ਚਾਅ ਉੱਗਮਿਆ। ਦੂਸਰੇ ਹੀ ਦਿਨ ਮੈਂ ਸਵੇਰੇ ਸਵੇਰੇ ਪੁਰਾਣੇ ਜਿਹੇ ਆਰਾਮਦਾਇਕ ਕੱਪੜੇ ਪਾ ਲਏ, ਜਿਨ੍ਹਾਂ ਨਾਲ ਬੈਠਣ ਉੱਠਣ ਵਿੱਚ ਦਿੱਕਤ ਨਾ ਆਵੇ, ਸਿਰ ’ਤੇ ਕੱਪੜਾ ਲੈ ਤੇ ਉੱਪਰੋਂ ਧੁੱਪ ਤੋਂ ਬਚਾਅ ਲਈ ਟੋਪੀ ਲੈ, ਚੰਗੇ ਮਜ਼ਬੂਤ ਫੀਤਿਆਂ ਵਾਲੇ ਬੂਟ ਪਾ, ਬਲੂਬੈਰੀ ਤੋੜਨ ਲਈ ਤਿਆਰ ਹੋ ਗਈ। ਰਿਸ਼ਤੇ ਵਜੋਂ ਕੁੜਮ ਲੱਗਦੇ, ਪਰ ਉਨ੍ਹਾਂ ਨੂੰ ਮੈਂ ਵੀਰ ਜੀ ਆਖਦੀ ਸਾਂ, ਕਹਿਣ ਲੱਗੇ “ਭੈਣ ਜੀ, ਮੇਰੀ ਮੰਨੋ ਤਾਂ ਬੈਰੀ ਤੋੜਨ ਦਾ ਖ਼ਿਆਲ ਛੱਡ ਦੇਵੋ, ਆਰਾਮ ਨਾਲ ਘਰ ਬੈਠੋ। ਜੇ ਬਹੁਤੀ ਗੱਲ ਹੈ ਤਾਂ ਦਸ ਵਜੇ ਚਾਹ ਲੈ ਕੇ ਆ ਜਾਣਾ। ਤੁਹਾਡੀ ਇਸ ਤਰ੍ਹਾਂ ਦੀ ਸਹਾਇਤਾ ਕਾਫ਼ੀ ਹੈ।”
ਪਰ ਮੈਨੂੰ ਬਲੂਬੈਰੀ ਤੋੜਨ ਦਾ ਗੋਡੇ ਗੋਡੇ ਚਾਅ ਸੀ। ਮੇਰੇ ਲਈ ਨਵਾਂ ਤਜਰਬਾ ਸੀ। ਮੈਂ ਉਹ ਕਰਨਾ ਚਾਹੁੰਦੀ ਸਾਂ ਜੋ ਅੱਜ ਤੱਕ ਨਹੀਂ ਸੀ ਕੀਤਾ। ਪੰਜਾਬ ਵਿੱਚ ਰਹਿੰਦਿਆਂ ਵੀ ਖੇਤੋਂ ਸਾਗ ਤੋੜਨ ਤੋਂ ਸਿਵਾ ਹੋਰ ਕੰਮ ਕਰਨ ਦਾ ਮੌਕਾ ਨਾ ਮਿਲਿਆ।
ਮੈਂ ਹੱਸ ਕੇ ਤੇ ਬੜੇ ਹੌਸਲੇ ਨਾਲ ਕਿਹਾ, “ਵੀਰ ਜੀ, ਮੈਨੂੰ ਇੱਕ ਵਾਰੀ ਕੋਸ਼ਿਸ਼ ਤਾਂ ਕਰ ਲੈਣ ਦੇਵੋ। ਜੇਕਰ ਨਾ ਤੋੜ ਸਕੀ ਤਾਂ ਘਰ ਆ ਜਾਵਾਂਗੀ। ਮੇਰੇ ਸਿਰ ’ਤੇ ਕਿਹੜਾ ਕੋਈ ਬੋਝ ਹੈ ਕਿ ਮੈਂ ਤੋੜਨੀ ਹੀ ਤੋੜਨੀ ਹੈ। ਘਰ ਦਾ ਕੰਮ ਹੈ। ਹੋਇਆ ਤਾਂ ਕਰ ਲਵਾਂਗੀ, ਨਹੀਂ ਤਾਂ ਸਿੱਧੀ ਘਰ ਮੁੜ ਆਵਾਂਗੀ।”
ਮੇਰੀ ਜ਼ਿੱਦ ਨੂੰ ਦੇਖ ਕੇ ਵੀਰ ਜੀ ਆਖਣ ਲੱਗੇ, “ਭੈਣ ਜੀ, ਧੁੱਪ ਵਾਲੀਆਂ ਐਨਕਾਂ ਲੈ ਲਵੋ ਨਹੀਂ ਤਾਂ ਅੱਖਾਂ ਖ਼ਰਾਬ ਹੋ ਜਾਣਗੀਆਂ। ਧੁੱਪ ਵਿੱਚ ਕੰਮ ਕਰਨ ਦੀ ਤੁਹਾਨੂੰ ਆਦਤ ਨਹੀਂ ਹੈ।”
ਮੈਂ, ਭੱਜ ਕੇ ਕਾਲੀਆਂ ਐਨਕਾਂ ਚੁੱਕ ਲਿਆਂਦੀਆਂ ਤੇ ਕੁਝ ਹੀ ਮਿੰਟਾਂ ’ਚ ਮੈਂ ਬਲੂਬੈਰੀ ਤੋੜ ਰਹੇ ਲੋਕਾਂ ’ਚ ਜਾ ਰਲੀ । ਮੇਰੇ ਪੁੱਜਣ ਤੋਂ ਪਹਿਲਾਂ ਲੋਕ ਆਪਣਾ ਕੰਮ ਸ਼ੁਰੂ ਕਰ ਚੁੱਕੇ ਸਨ। ਕਈ ਤਜਰਬੇਕਾਰ ਤਾਂ ਚਾਰ-ਚਾਰ ਪੰਜ-ਪੰਜ ਪੌਂਡ ਤੋੜ ਵੀ ਚੁੱਕੇ ਸਨ। ਉਨ੍ਹਾਂ ਦੇ ਹੱਥ ਮਸ਼ੀਨ ਵਾਂਗ ਚੱਲਦੇ ਸਨ। ਦੋਹਾਂ ਹੱਥਾਂ ਨਾਲ ਤੋੜਨ ਵਿੱਚ ਬਹੁਤ ਮੁਹਾਰਤ ਸੀ। ਉਨ੍ਹਾਂ ਵਿੱਚੋਂ ਕਈਆਂ ਨੇ ਤਾਂ ਪਿਛਲੇ ਸਾਲ ਵੀ ਇਸ ਫਾਰਮ ਵਿੱਚ ਕੰਮ ਕੀਤਾ ਸੀ ਤੇ ਉਹ ਪੌਦੇ-ਪੌਦੇ ਦੇ ਵਾਕਿਫ਼ ਸਨ।
ਕੁਝ ਕੁ ਮਿੰਟ ਮੈਂ ਉਨ੍ਹਾਂ ਨੂੰ ਤੋੜਦੇ ਦੇਖਦੀ ਰਹੀ। ਮੈਂ ਵੀ ਪਲਾਸਟਿਕ ਦਾ ਛੱਜਾ ਚੁੱਕ ਲਿਆਂਦਾ। ਕਈ ਔਰਤਾਂ ਨੇ ਆਪਣੇ ਲੱਕ ਨਾਲ ਛੋਟੀ ਜਿਹੀ ਪਲਾਸਟਿਕ ਦੀ ਬਾਲਟੀ ਬੰਨ੍ਹੀ ਹੋਈ ਸੀ ਤੇ ਉਹ ਬੈਰੀ ਤੋੜ ਤੋੜ ਕੇ ਇਸ ਵਿੱਚ ਪਾਈ ਜਾਂਦੀਆਂ। ਜਦੋਂ ਬਾਲਟੀ ਭਰ ਜਾਂਦੀ ਤਾਂ ਵੱਡੀ ਬਾਸਕਟ ਜਿਸ ਨੂੰ ਮੈਂ ਛੱਜਾ ਜਿਹਾ ਕਿਹਾ ਹੈ, ਉਸ ਵਿੱਚ ਉਲੱਦ ਦਿੰਦੀਆਂ। ਕਈ ਤੋੜ ਤੋੜ ਸਿੱਧਾ ਹੀ ਉਸ ਵਿੱਚ ਪਾਈ ਜਾਂਦੇ। ਸਭ ਦੀ ਆਪੋ ਆਪਣੀ ਜੁਗਤ ਸੀ। ਕਈ ਮਰਦਾਂ ਤੇ ਔਰਤਾਂ ਨੇ ਪੁਰਾਣੀਆਂ ਘੱਸੀਆਂ ਪਾਟੀਆਂ ਜ਼ੁਰਾਬਾਂ ਦਾ ਅਗਲਾ ਹਿੱਸਾ ਕੱਟ ਕੇ ਹੱਥਾਂ ’ਤੇ ਚੜ੍ਹਾਇਆ ਹੋਇਆ ਸੀ। ਇਸ ਦਾ ਫਾਇਦਾ ਇਹ ਸੀ ਕਿ ਹੱਥ ਦੀਆਂ ਉਂਗਲਾਂ ਨੰਗੀਆਂ ਰਹਿੰਦੀਆ, ਪਰ ਹਥੇਲੀਆਂ ਢੱਕੀਆਂ ਰਹਿੰਦਿਆਂ ਸਨ। ਅਜਿਹਾ ਕਰਨ ਨਾਲ ਹੱਥਾਂ ’ਚੋਂ ਬੈਰੀ ਦਾ ਕੋਈ ਵੀ ਦਾਣਾ ਤਿਲਕ ਕੇ ਜ਼ਮੀਨ ਉੱਤੇ ਨਹੀਂ ਸੀ ਡਿੱਗਦਾ। ਵੈਸੇ ਵੀ ਜ਼ਮੀਨ ’ਤੇ ਡਿੱਗੇ ਦਾਣਿਆਂ ਨੂੰ ਨਹੀਂ ਚੁੱਕਿਆ ਜਾਂਦਾ। ਕਿਹਾ ਜਾਂਦਾ ਹੈ ਕਿ ਮਿੱਟੀ ’ਚੋਂ ਕਈ ਤਰ੍ਹਾਂ ਦੇ ਜਰਮ ਦਾਣੇ ਨੂੰ ਲੱਗ ਜਾਂਦੇ ਹਨ। ਇਉਂ ਧਰਤੀ ’ਤੇ ਡਿੱਗਿਆ ਦਾਣਾ ਵਰਤੋਂ ਵਿੱਚ ਨਹੀਂ ਲਿਆਂਦਾ ਜਾਂਦਾ।
।

ਬੈਰੀ ਤੋੜਨ ਆਏ ਬਹੁਤੇ ਪੰਜਾਬੀ ਸਨ। ਆਮ ਕਰਕੇ ਉਹ ਲੋਕ ਸਨ ਜੋ ਕੋਈ ਹੋਰ ਕੰਮ ਕਰਨ ਤੋਂ ਅਸਮਰੱਥ ਸਨ ਜਾਂ ਕਹਿ ਲਵੋ ਜਿਨ੍ਹਾਂ ਨੂੰ ਕੋਈ ਹੋਰ ਕੰਮ ਨਹੀਂ ਮਿਲਦਾ। ਬਹੁਤ ਲੋਕ ਅਜਿਹੇ ਹੁੰਦੇ ਹਨ ਜੋ ਗਰਮੀਆਂ ਦੌਰਾਨ ਫਾਰਮਾਂ ’ਚ ਕੰਮ ਕਰਕੇ ਪੈਸੈ ਜੋੜ ਲੈਂਦੇ ਹਨ। ਕੰਮ ਕਰਨ ਵਾਲਿਆਂ ਵਿੱਚ ਇੱਕ ਮੈਕਸੀਕਨ ਵੀ ਸੀ। ਵੱਡੀ ਸਾਰੀ ਗੋਲ ਟੋਪੀ ਉਸ ਦੀ ਪਛਾਣ ਸੀ।
ਲੋਕ ਬੈਰੀ ਤੋੜਦੇ ਤੇ ਨਾਲ ਨਾਲ ਗੱਲਾਂ ਕਰੀ ਜਾਂਦੇ। ਕੋਈ ਆਪਣੇ ਪਿੰਡ ਦੀਆਂ ਤੇ ਕੋਈ ਕਿਸੇ ਹੋਰ ਪਿੰਡ ਦੀਆਂ। ਕਦੇ ਰਾਜਨੀਤੀ ਛਿੜ ਪੈਂਦੀ ਤੇ ਕਦੇ ਗੁਰੂਆਂ ਦੀ ਕਥਾ ਤੁਰ ਪੈਂਦੀ। ਬਹੁਤੀਆਂ ਗੱਲਾਂ ਭਾਰਤ ਦੀ ਰਾਜਨੀਤੀ ਨਾਲ ਸਬੰਧਤ ਸਨ। ਇੱਕ ਦੀ ਗੱਲ ਅਜੇ ਮੂੰਹ ਵਿੱਚ ਹੁੰਦੀ ਤਾਂ ਦੂਸਰਾ ਸ਼ੁਰੂ ਕਰ ਲੈਂਦਾ। ਇਉਂ ਲੱਗਦੈ ਜਿਵੇਂ ਪਿੰਡ ਦੀ ਸੱਥ ਜੁੜੀ ਹੋਈ ਹੋਵੇ। ਜਿੰਨੀ ਤੇਜ਼ੀ ਨਾਲ ਜ਼ੁਬਾਨ ਚੱਲਦੀ, ਓਨੀ ਤੇਜ਼ੀ ਨਾਲ ਹੱਥ ਚੱਲਦੇ। ਹਰੇਕ ਜਣਾ ਆਪਣੀ ਤੋੜੀ ਹੋਈ ਬੈਰੀ ਨੂੰ ਨਿਸ਼ਾਨੀ ਲਾ ਕੇ ਪਰੇ ਰੱਖੀ ਜਾਂਦਾ। ਜਿੰਨੀ ਕਿਸੇ ਨੇ ਤੋੜਨੀ ਉਸ ਦੇ ਹਿਸਾਬ ਨਾਲ ਹੀ ਉਸ ਨੂੰ ਪੈਸੈ ਮਿਲਣੇ ਸਨ। ਇਸ ਕਰਕੇ ਢਿੱਲ ਮੱਠ ਦਾ ਤਾਂ ਸਵਾਲ ਹੀ ਨਹੀਂ ਸੀ ਉੱਠਦਾ।
ਮੇਰੇ ’ਤੇ ਭਾਵੇਂ ਇਹ ਸ਼ਰਤ ਲਾਗੂ ਨਹੀਂ ਸੀ ਹੁੰਦੀ। ਮੇਰੇ ਤਾਂ ਘਰ ਦਾ ਕੰਮ ਸੀ। ਆਪਣੀ ਰਫ਼ਤਾਰ ਨਾਲ ਤੋੜ ਰਹੀ ਸਾਂ, ਪਰ ਕਿਸੇ ਤੋਂ ਇਹ ਵੀ ਨਹੀਂ ਸੀ ਅਖਵਾਉਣਾ ਚਾਹੁੰਦੀ ਕਿ ਮੇਰੇ ਤੋਂ ਬੈਰੀ ਟੁੱਟੀ ਨਹੀਂ। ਮੇਰਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਸੀ। ਪਲ ਪਲ ਗਰਮੀ ਵਧ ਰਹੀ ਸੀ। ਇਉਂ ਲੱਗਦੈ ਸੀ ਕਿ ਹਵਾ ਨਾਮ ਦੀ ਕੋਈ ਚੀਜ਼ ਹੈ ਨਹੀਂ, ਜੇ ਹੈ ਤਾਂ ਏਥੇ ਹੈ ਨਹੀਂ। ਜਦੋਂ ਵੀ ਕਿਤੇ ਹਵਾ ਦਾ ਬੁੱਲ੍ਹਾ ਆਉਂਦਾ ਜਾਂ ਸੂਰਜ ਮੂਹਰੇ ਬੱਦਲੀ ਆ ਜਾਂਦੀ ਤਾਂ ਸਾਰਿਆਂ ਵਿੱਚ ਜਾਨ ਪੈ ਜਾਂਦੀ। ਸਾਹ ਸੁਖਾਵਾਂ ਹੋ ਜਾਂਦਾ। ਥੋੜ੍ਹੀ ਰਾਹਤ ਮਿਲ ਜਾਂਦੀ।
ਅੱਧੇ ਪੌਣੇ ਘੰਟੇ ਵਿੱਚ ਹੀ ਮੈਨੂੰ ਸਮਝ ਆ ਗਈ ਕਿ ਬਲੂਬੈਰੀ ਤੋੜਨਾ ਏਨਾ ਸੌਖਾ ਨਹੀਂ ਜਿੰਨਾ ਮੈਂ ਸਮਝਦੀ ਸੀ। ਪੌਦੇ ਦੇ ਉੱਪਰਲੇ ਹਿੱਸੇ ਤੋਂ ਤੋੜਨਾ ਤਾਂ ਸੌਖਾ ਸੀ, ਪਰ ਪੌਦਿਆਂ ਦੇ ਹੇਠਾਂ ਤੱਕ ਦੀਆਂ ਟਾਹਣੀਆਂ ਵੀ ਫ਼ਲ ਨਾਲ ਭਰੀਆਂ ਪਈਆਂ ਸਨ। ਪੈਰਾਂ ਭਾਰ ਬਹਿ ਕੇ ਪੌਦੇ ਦੀਆਂ ਹੇਠਲੀਆਂ ਟਾਹਣੀਆਂ ਤੋਂ ਉਨ੍ਹਾਂ ਨੂੰ ਤੋੜਨਾ ਬਹੁਤ ਔਖਾ ਸੀ। ਮੈਂ ਫਾਰਮ ’ਚ ਪਈ ਪਲਾਸਟਿਕ ਦੀ ਕੁਰਸੀ ਲੈ ਲਈ ਅਤੇ ਕੁਰਸੀ ’ਤੇ ਬੈਠ ਕੇ ਤੋੜਨ ਦੀ ਕੋਸ਼ਿਸ਼ ਕੀਤੀ। ਵੱਟ ਤੋਂ ਕੁਰਸੀ ਪਿਛਾਂਹ ਨੂੰ ਰੁੜ੍ਹ ਗਈ। ਸੱਟ ਤੋਂ ਬਚ ਗਈ। ਆਪਣੇ ਆਪ ’ਤੇ ਹਾਸਾ ਵੀ ਆਇਆ। ਨਾਲ ਦੀ ਪਾਲ ਵਿੱਚ ਬੈਰੀ ਤੋੜਦੇ ਇ ਕ ਬਜ਼ੁਰਗ ਨੇ ਆ ਕੇ ਮੈਨੂੰ ਚੁੱਕਿਆ। ਗੱਲ ਕੀ ਇਸ ‘ਊਠਤ ਦੁਖੀਆ ਬੈਠਕ ਦੁਖੀਆ’ ਵਾਲੀ ਹਾਲਤ ਕਾਰਨ ਮੈਨੂੰ ਆਪਣੀ ਕਮਰ ਵਿੱਚ ਦਰਦ ਮਹਿਸੂਸ ਹੋਈ।
ਦਸ ਵੱਜ ਗਏ। ਵੀਰ ਜੀ ਚਾਹ ਲੈ ਕੇ ਆਏ। ਸਾਰੇ ਜਾਣੇ ਚਾਹ ਪੀਣ ਬਹਿ ਗਏ। ਪੀਣ ਵਾਸਤੇ ਅਤੇ ਹੱਥ ਧੋਣ ਵਾਸਤੇ ਪਾਣੀ ਅਲੱਗ ਅਲੱਗ ਰੱਖਿਆ ਹੋਇਆ ਸੀ। ਮੈਂ ਆਪਣੇ ਸਿਰ ’ਤੇ ਲਈ ਟੋਪੀ ਹੇਠ ਛੋਟੇ ਜਿਹੇ ਤੌਲੀਏ ਨਾਲ ਮੂੰਹ ’ਤੇ ਆਇਆ ਪਸੀਨਾ ਪੂੰਝਿਆ। ਲੰਮਾ ਸਾਰਾ ਸਾਹ ਲਿਆ। ਹੱਥ ਧੋਣ ਸਮੇਂ ਯਾਦ ਆਇਆ ਕਿ ਪੰਜਾਬ ਵਿੱਚ ਤਾਂ ਖੇਤ ’ਚ ਕੰਮ ਕਰਦੇ ਲੋਕ ਘਾਹ ’ਤੇ ਹੱਥ ਰਗੜ ਕੇ ਸਾਫ਼ ਕਰ ਲੈਂਦੇ ਹਨ। ਮੂਲੀ ਜਾਂ ਗਾਜਰ ਖੇਤ ’ਚੋਂ ਪੁੱਟੀ, ਘਾਹ ’ਤੇ ਰਗੜੀ ਜਾਂ ਟਿਊਬਵੈੱਲ ਦੀ ਖੇਲ਼ ’ਚ ਖੜ੍ਹੇ ਪਾਣੀ ’ਚ ਮਾੜ੍ਹੀ ਜਿਹੀ ਧੋਤੀ ਤੇ ਖਾ ਲਈ। ਓਥੇ ਕਿਸੇ ਜਰਮ ਦਾ ਪ੍ਰਹੇਜ਼ ਨਹੀਂ ਹੁੰਦਾ।
ਮੈਂ ਸਾਰਿਆ ਨੂੰ ਫੋਮ ਦੇ ਕੱਪਾਂ ਵਿੱਚ ਚਾਹ ਪਾ ਕੇ ਵਰਤਾਈ ਤੇ ਘਰੋਂ ਬਣ ਕੇ ਆਇਆ ਸੂਜੀ ਦਾ ਪ੍ਰਸ਼ਾਦ ਵੀਰ ਜੀ ਨੇ ਖ਼ੁਦ ਵਰਤਾ ਦਿੱਤਾ, ਫੋਮ ਦੀਆਂ ਪਲੇਟਾਂ ਵਿੱਚ ਪਾ ਕੇ। ਮੇਰੇ ਸਣੇ ਚਾਹ ਪੀ ਕੇ ਸਾਰੇ ਲੋਕ ਮੁੜ ਬੈਰੀ ਤੋੜਨ ਲੱਗ ਪਏ। ਚਾਹ ਪੀ ਕੇ, ਪ੍ਰਸ਼ਾਦ ਛੱਕ ਕੇ ਸਰੀਰ ਵਿੱਚ ਨਵੀਂ ਤਾਕਤ, ਚੁਸਤੀ ਤੇ ਤਾਜ਼ਗੀ ਮਹਿਸੂਸ ਹੋਈ, ਪਰ ਸੂਰਜ ਦੀ ਤਪਸ਼ ਮੂਹਰੇ ਜ਼ਿਆਦਾ ਦੇਰ ਤੱਕ ਨਾ ਟਿਕ ਸਕੀ।
ਹਾਂ ਸੱਚ, ਗੱਲਾਂ ਕਰਦੇ ਕਰਦਿਆਂ ਮੈਕਸੀਕਨ ਆਦਮੀ ’ਤੇ ਤਬਸਰਾ ਸ਼ੁਰੂ ਹੋ ਗਿਆ। ਸਭ ਨੂੰ ਪਤਾ ਸੀ ਕਿ ਉਹ ਪੰਜਾਬੀ ਨਾ ਹੀ ਬੋਲ ਸਕਦਾ ਹੈ ਤੇ ਨਾ ਹੀ ਸਮਝ ਸਕਦਾ ਹੈ। ਇਸ ਲਈ ਬਿਨਾਂ ਕਿਸੇ ਝਿਜਕ ਦੇ ਹਰ ਕੋਈ ਉਸ ਬਾਰੇ ਕੁਝ ਨਾ ਕੁਝ ਬੋਲ ਰਿਹਾ ਸੀ। ਇੱਕ ਨੇ ਕਿਹਾ, “ਇਹ ਬਹੁਤ ਕੰਮ ਕਰਦੇ ਆ। ਇਨ੍ਹਾਂ ਦੇ ਦੇਸ਼ ’ਚ ਲੋਹੜੇ ਦੀ ਗ਼ਰੀਬੀ ਹੈ। ਕੈਨੇਡਾ ਆ ਕੇ ਇਸ ਰੁੱਤ ਵਿੱਚ ਪੈਸੇ ਬਣਾ ਲੈਂਦੇ ਆ। ਸਾਰੇ ਚੋਰੀ ਛਪੋਰੀ ਕੰਮ ਕਰਦੇ ਨੇ।”
“ਇਹ ਤਾਂ ਕੀ, ਹੁਣ ਆਪਣੇ ਵੀ ਸੁਪਰ ਵਿਜ਼ਿਟਰ ਵੀਜ਼ੇ ’ਤੇ ਏਸੇ ਕੰਮ ਆਉਂਦੇ ਹਨ।” ਦੂਸਰਾ ਬੋਲਿਆ ।
ਦੂਸਰੀ ਪਾਲ ’ਚੋਂ ਬੈਰੀ ਤੋੜਦੀ ਬੇਬੇ ਬੋਲੀ, “ਸਾਡੇ ਪਿੰਡੋਂ ਸੁਪਰ ਵੀਜ਼ੇ ’ਤੇ ਆਇਆ ਕੰਮ ਕਰਦਾ ਫੜਿਆ ਗਿਆ। ਨਾਲੇ ਫਾਰਮ ਆਲੇ ਨੂੰ ਜ਼ੁਰਮਾਨਾ ਹੋਇਆ ਤੇ ਨਾਲੇ ਕੰਮ ਕਰਨ ਵਾਲੇ ਨੂੰ ਜਹਾਜ਼ ਚੜ੍ਹਾ ਦਿੱਤਾ। ਸੁਣਿਆ ਹੁਣ ਉਹ ਕੈਨੇਡਾ ਨ੍ਹੀਂ ਆ ਸਕਦਾ।”
“ਆਹੋ ਭਾਈ! ਟਰੂਡੋ ਨੇ ਖੁੱਲ੍ਹ ਵੀ ਬਥੇਰੀ ਦਿੱਤੀ ਆ ਤੇ ਹੁਣ ਸਖ਼ਤੀ ਵੀ ਕਰੀ ਜਾਂਦੈ।”
“ਪਰ ਕਰਨ ਵਾਲੇ ਕਰੀ ਜਾਂਦੇ ਆ,” ਵਿੱਚੋਂ ਹੀ ਇੱਕ ਹੋਰ ਜਣਾ ਬੋਲ ਪਿਆ।
ਤੇ ਇਉਂ ਹੋਰ ਦੋ ਘੰਟੇ ਬੀਤ ਗਏ। ਮੈਂ ਕਈ ਵਾਰ ਪਾਣੀ ਪੀਤਾ ਤੇ ਵਿੱਚੋਂ ਇੱਕ ਦੋ ਵਾਰ ਮਿੰਟ ਦੋ ਮਿੰਟ ਦਮ ਵੀ ਮਾਰਿਆ। ਆਪਣੀ ਤੁੜਾਈ ਵੱਲ ਦੇਖ ਮਨ ਨੂੰ ਤਸੱਲੀ ਮਹਿਸੂਸ ਹੋਈ ਕਿ ਮੈਂ ਲੋਕਾਂ ਤੋਂ ਪਿੱਛੇ ਤਾਂ ਜ਼ਰੂਰ ਹਾਂ, ਪਰ ਬਹੁਤਾ ਨਹੀਂ। ਮੈਂ ਥੱਕ ਚੁੱਕੀ ਸਾਂ। ਮੇਰਾ ਧਿਆਨ ਵੀਰ ਜੀ ਦੇ ਫੋਨ ਵੱਲ ਸੀ ਕਿ ਕਦੋਂ ਘੰਟੀ ਖੜਕੇ ਤੇ ਕਦੋਂ ਅਸੀਂ ਲੰਚ ਕਰੀਏ।
ਸਿਖਰ ਦੁਪਹਿਰਾ ਤੇ ਲੋਹੜੇ ਦੀ ਗਰਮੀ। ਕਦੇ ਕਦੇ ਹਵਾ ਦਾ ਬੁੱਲਾ ਆ ਜਾਂਦਾ ਤਾਂ ਜਾਨ ਵਿੱਚ ਜਾਨ ਆ ਜਾਂਦੀ। ਵਿੱਚ ਵਿਚਾਲੇ ਪਟਾਖੇ ਚੱਲਣ ਦੀ ਆਵਾਜ਼ ਵੀ ਸੁਣ ਜਾਂਦੀ। ਪੁੱਛਣ ’ਤੇ ਪਤਾ ਲੱਗਿਆ ਕਿ ਜਨੌਰਾਂ ਤੋਂ ਫ਼ਲ ਬਚਾਉਣ ਲਈ ਖੇਤਾਂ ਵਿੱਚ ਪਟਾਖੇ ਚਲਾਏ ਜਾਂਦੇ ਹਨ। ਪਟਾਖੇ ਦੀ ਆਵਾਜ਼ ਸੁਣ ਕੇ ਜਨੌਰ ਉੱਡ ਜਾਂਦੇ ਹਨ। ਏਥੇ ਮੈਨੂੰ ਪੰਜਾਬ ਦੀ ਇੱਕ ਲੋਕ ਬੋਲੀ ਯਾਦ ਆ ਗਈ। ਮਨ ਹੀ ਮਨ ਮੈਂ ਉਸ ਬੋਲੀ ਨੂੰ ਦੁਹਰਾ ਕੇ ਵੇਖਿਆ;
ਮਾਹੀ ਮੇਰੇ ਦਾ ਪੱਕਿਆ ਬਾਜਰਾ
ਤੁਰ ਪਈ ਗੋਪੀਆ ਫੜ ਕੇ
ਖੇਤ ’ਚ ਜਾ ਕੇ ਹੋਕਰ ਮਾਰੀ
ਉੱਚੇ ਬੰਨੇ ’ਤੇ ਖੜ੍ਹ ਕੇ
ਉਤਰਦੀ ਨੂੰ ਪਈਆਂ ਝਰੀਟਾਂ
ਚੁੰਨੀ ਪਾਟ ਗੀ ਅੜ ਕੇ
ਤੁਰ ਪਰਦੇਸ ਗਇਓਂ
ਦਿਲ ਮੇਰੇ ਵਿੱਚ ਵਸ ਕੇ
ਕੁਝ ਪਲਾਂ ਲਈ ਮੈਂ ਇਸ ਬੋਲੀ ਵਿੱਚ ਰੁੱਝ ਗਈ ਤੇ ਖ਼ੁਸ਼ੀ ਮਹਿਸੂਸ ਕੀਤੀ। ਦਰਅਸਲ, ਮੈਂ ਐਬਸਫੋਰਡ ਦੇ ਫਾਰਮ ਵਿੱਚ ਬਲੂਬੈਰੀ ਤੋੜਦੀ ਤੋੜਦੀ ਆਪਣੀਆਂ ਸੋਚਾਂ ਵਿੱਚ ਪੰਜਾਬ ਪੁੱਜ ਗਈ ਸੀ। ਵੀਰ ਜੀ ਦੇ ਫੋਨ ਦੀ ਘੰਟੀ ਵੱਜੀ ਤੇ ਮੈਂ ਆਪਣੀਆਂ ਸੋਚਾਂ ’ਚੋਂ ਬਾਹਰ ਆਈ। ਦੁਪਹਿਰ ਦੀ ਰੋਟੀ ਤਿਆਰ ਸੀ।
“ਭੈਣ ਜੀ, ਛੱਡ ਦੇਵੋ ਏਥੇ ਹੀ। ਰੋਟੀ ਖਾ ਆਵੋ।” ਵੀਰ ਜੀ ਆਖ ਰਹੇ ਸਨ।
ਇਸੇ ਵਾਕ ਨੂੰ ਮੈਂ ਉਡੀਕ ਰਹੀ ਸਾਂ। ਮੈਂ ਮੁੜ੍ਹਕਾ ਪੂੰਝਿਆ, ਐਨਕਾਂ ਸਾਫ਼ ਕੀਤੀਆਂ ਤੇ ਘਰ ਵੱਲ ਨੂੰ ਤੁਰ ਪਈ। ਵੀਰ ਜੀ ਵੀ ਮੇਰੇ ਪਿੱਛੇ ਪਿੱਛੇ ਆ ਗਏ।
ਬਾਕੀ ਬੈਰੀ ਤੋੜਾਵੇ ਓਥੇ ਹੀ ਆਪਣੇ ਹੱਥ ਸਾਫ਼ ਕਰ ਆਪੋ ਆਪਣੇ ਘਰੋਂ ਲਿਆਂਦੀ ਰੋਟੀ ਖਾਣ ਬੈਠ ਗਏ। ਉਨ੍ਹਾਂ ਨੂੰ ਮੁੜ ਕੰਮ ’ਤੇ ਲੱਗਣ ਦੀ ਕਾਹਲ ਸੀ। ਚਾਰ ਛਿੱਲੜ ਵੱਧ ਕਮਾਉਣ ਦਾ ਵੀ ਲਾਲਚ ਸੀ। ਫਾਰਮ ਦਾ ਮਾਲਕ ਉਨ੍ਹਾਂ ਨੂੰ ਦੋ ਵਾਰੀ ਚਾਹ ਤੇ ਚਾਹ ਨਾਲ ਖਾਣ ਪੀਣ ਲਈ ਕੁਝ ਨਾ ਕੁਝ ਜ਼ਰੂਰ ਦਿੰਦਾ ਹੈ। ਜ਼ਿਕਰ ਯੋਗ ਹੈ ਕਿ ਸ਼ਾਮ ਨੂੰ ਕੰਮ ਬੰਦ ਹੋਣ ਤੋਂ ਬਾਅਦ ਹਰ ਇੱਕ ਦੀ ਤੁੜਾਈ ਤੋਲ ਕੇ ਨਕਦ ਪੈਸੇ ਦੇ ਦਿੱਤੇ ਜਾਂਦੇ ਹਨ।
ਘਰ ਦੇ ਬਾਹਰ ਫਾਰਮ ਵੱਲ ਨੂੰ ਬਰਾਂਡਾ ਸੀ। ਉੱਥੇ ਵੱਡਾ ਸਾਰਾ ਮੇਜ਼, ਅੱਠ ਦਸ ਕੁਰਸੀਆਂ ਰੱਖੀਆਂ ਹੋਈਆਂ ਸਨ। ਮੈਂ ਉੱਥੇ ਬੈਠਣਾ ਮੁਨਾਸਬ ਸਮਝਿਆ। ਮੇਰੇ ਕੱਪੜੇ ਤੇ ਬੂਟ ਮਿੱਟੀ ਨਾਲ ਬੁਰੀ ਤਰ੍ਹਾਂ ਲਿੱਬੜ ਚੁੱਕੇ ਸਨ। ਗੰਦੇ ਬੂਟ ਲੈ ਕੇ ਘਰ ਦੇ ਅੰਦਰ ਜਾਣਾ ਠੀਕ ਨਹੀਂ ਸੀ ਜਾਪਦਾ। ਸਬੱਬ ਨਾਲ, ਰਸੋਈ ਦਾ ਇੱਕ ਦਰਵਾਜ਼ਾ ਉਸ ਬਰਾਂਡੇ ਵੱਲ ਨੂੰ ਖੁੱਲ੍ਹਦਾ ਸੀ। ਉਹ ਦਰਵਾਜ਼ਾ ਬਣਾਇਆ ਹੀ ਏਸੇ ਕੰਮ ਲਈ ਸੀ।
ਮੈਂ ਰੋਟੀ ਖਾਣ ਕੁਰਸੀ ’ਤੇ ਬੈਠੀ ਤਾਂ ਮੇਰਾ ਖ਼ਿਆਲ ਕਈ ਸਾਲ ਪਿਛਾਂਹ ਚਲਾ ਗਿਆ। ਓਦੋਂ ਸਾਡਾ ਖੇਤੀ ਦਾ ਕੰਮ ਜ਼ੋਰਾਂ ’ਤੇ ਸੀ। ਮੇਰੀ ਮਾਂ ਤੇ ਭਾਬੀ ਆਟੇ ਦੀਆਂ ਦੋ ਤਿੰਨ ਪਰਾਂਤਾਂ ਪਕਾਇਆ ਕਰਦੀਆਂ ਸਨ। ਦੋ ਪੱਕੇ ਸੀਰੀ ਤੇ ਦਿਹਾੜੀਏ ਕਤਾਰ ਬੰਨ੍ਹ ਕੇ ਪੈਰਾਂ ਭਾਰ ਬੈਠ ਰੋਟੀ ਖਾਂਦੇ ਸਨ। ਮੈਂ ਜਿਉਂ ਹੀ ਮੂੰਹ ਵਿੱਚ ਬੁਰਕੀ ਪਾਈ ਤਾਂ ਮਹਿਸੂਸ ਹੋਇਆ ਜਿਵੇਂ ਉਹ ਸਾਰੇ ਸੀਰੀ-ਸਾਂਝੀ ਏਥੇ ਮੇਰੇ ਨਾਲ ਕਤਾਰ ਬਣਾਈ ਬੈਠੇ ਰੋਟੀ ਦੀ ਉਡੀਕ ਕਰ ਰਹੇ ਹਨ। ਉਹ ਵੀ ਬਹੁਤ ਥੱਕੇ ਹੋਏ ਹਨ। ਉਨ੍ਹਾਂ ਦਾ ਵੀ ਅੰਗ ਅੰਗ ਮੇਰੇ ਵਾਂਗ ਦੁਖਦਾ ਹੈ। ਮੇਰੇ ਵਾਂਗ ਉਨ੍ਹਾਂ ਦਾ ਵੀ ਚਿੱਤ ਕਰਦਾ ਹੈ, ਹੁਣ ਕੰਮ ਬੰਦ ਕਰ ਕੇ ਦੋ ਘੰਟੇ ਆਰਾਮ ਕਰਨ। ਮੈਂ ਰੋਟੀ ਖਾਂਦੀ ਖਾਂਦੀ ਬਹੁਤ ਭਾਵੁਕ ਹੋ ਗਈ। ਮਨ ਹੀ ਮਨ ਸੀਰੀ ਲੱਛੂ ਤੇ ਮੱਦੀ ਨਾਲ ਗੱਲਾਂ ਕਰਨ ਲੱਗ ਪਈ।
ਦਹੀਂ ਨੂੰ ਥੋੜ੍ਹਾ ਜਿਹਾ ਘੋਟ ਕੇ ਬਣਾਈ ਲੱਸੀ ਦਾ ਗਲਾਸ ਜਦੋਂ ਚੁੱਕਿਆ ਤਾਂ ਮਹਿਸੂਸ ਹੋਇਆ ਕਿ ਲੱਛੂ ਤੇ ਮੱਦੀ ਨੂੰ ਵੀ ਲੱਸੀ ਪੁੱਛ ਲਵਾਂ। ਲੱਛੂ ਆਪਣੇ ਲੋਹੇ ਦੇ ਚਿੱਟੇ ਰੰਗ ਦੇ ਦੋ ਕੱਪ ਆਰਾਮ ਨਾਲ ਪੀ ਜਾਂਦਾ ਸੀ। ਮੈਂ ਕਈ ਵਾਰੀ ਆਪਣੀ ਮਾਂ ਨੂੰ ਕਹਿੰਦੇ ਸੁਣਿਆ ਸੀ ਕਿ ਸੀਰੀਆਂ ਜੋਗੀ ਖੁੱਲ੍ਹੀ ਲੱਸੀ ਰੱਖ ਲਵੋ। ਇਹ ਨਾ ਹੋਵੇ ਲੱਸੀ ਥੁੜ੍ਹ ਜਾਵੇ।
ਅਚਾਨਕ ਤਾਈ ਅਮਰੋ ਕਿਸੇ ਫਿਲਮ ਦੀ ਰੀਲ੍ਹ ਵਾਂਗ ਮੇਰੇ ਸਾਹਮਣੇ ਘੁੰਮਣ ਲੱਗੀ। ਤਾਈ ਅਮਰੋ ਸਾਡੇ ਘਰ ਦੇ ਗੋਹੇ-ਕੂੜੇ ਸਣੇ ਹੋਰ ਬਥੇਰੇ ਕੰਮ ਕਰਦੀ ਸੀ। ਕਪਾਹ ਚੁਗਣ ਵੀ ਜਾਂਦੀ ਸੀ। ਮੈਨੂੰ ਲੱਗਿਆ ਜਿਵੇਂ ਉਹ ਮੇਰੀ ਮਾਂ ਦਾ ਪੁਰਾਣਾ ਸੂਟ ਪਾਈਂ ਮੇਰੇ ਸਾਹਮਣੇ ਖੜ੍ਹੀ ਹੋਵੇ ਤੇ ਆਖ ਰਹੀ ਹੋਵੇ “ਧੀਏ! ਕੀ ਕਰਾਂ ਕੰਮ ਕਰ ਕਰ ਹੱਡ ਟੁੱਟੇ ਪਏ ਆ। ਰਾਤ ਨੂੰ ਰੋਜ਼ ਰੋੜੇ ਦਾ ਸੇਕ ਦਿੰਨੀ ਆਂ ਤਾਂ ਜਾ ਕੇ ਤੜਕੇ ਉੱਠਿਆ ਜਾਂਦਾ।”
ਰੋਟੀ ਖਾ ਕੇ ਮੈਥੋਂ ਵੀ ਉੱਠਿਆ ਨਾ ਗਿਆ। ਮੈਂ ਪਲੇਟ ਰੱਖ, ਗਰਾਜ ਵਿੱਚ ਬੂਟ ਲਾਹ ਕੇ, ਕੱਪੜਿਆਂ ਤੋਂ ਮਿੱਟੀ ਝਾੜ ਕੇ ਹੌਲੀ ਦੇਣੇ ਵਾਸ਼ਰੂਮ ਵਿੱਚ ਨਹਾਉਣ ਵੜ ਗਈ। ਉਸ ਦਿਨ, ਮੈਂ ਪਹਿਲੀ ਵਾਰੀ ਖੇਤ ਮਜ਼ਦੂਰਾਂ ਦੀ ਪੀੜ ਨੂੰ ਆਪਣੇ ਤਨ-ਮਨ ’ਤੇ ਮਹਿਸੂਸ ਕੀਤਾ!
ਸੰਪਰਕ: 403 605-373