ਭਾਰਤੀ ਵਿਦੇਸ਼ ਮੰਤਰੀ ਤੇ ਡੇਵਿਡ ਲੈਮੀ ਨੇ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਵੀ ਕੀਤੀ ਗੱਲਬਾਤ
ਲੰਡਨ, 5 ਮਾਰਚ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਬਰਤਾਨੀਆ ਦੇ ਆਪਣੇ ਹਮਰੁਤਬਾ ਡੇਵਿਡ ਲੈਮੀ ਨਾਲ ਗੱਲਬਾਤ ਵਿੱਚ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ’ਤੇ ਚਰਚਾ ਕੀਤੀ। ਇਸ ਦੌਰਾਨ ਮੁੜ ਸ਼ੁਰੂ ਹੋਈ ਮੁਕਤ ਵਪਾਰ ਸਮਝੌਤਾ ਵਾਰਤਾ, ਰਣਨੀਤਕ ਤਾਲਮੇਲ ਅਤੇ ਰਾਜਨੀਤਕ ਸਹਿਯੋਗ ਬਾਰੇ ਵੀ ਗੱਲਬਾਤ ਕੀਤੀ ਗਈ। ਜੈਸ਼ੰਕਰ ਬਰਤਾਨੀਆ ਦੇ ਦੌਰੇ ’ਤੇ ਆਏ ਹੋਏ ਹਨ। ਕੈਂਟ ਦੇ ਚੇਵਨਿੰਗ ਹਾਊਸ ਵਿੱਚ ਲੈਮੀ ਵੱਲੋਂ ਜੈਸ਼ੰਕਰ ਦੀ ਮੇਜ਼ਬਾਨੀ ਕੀਤੀ ਗਈ। ਇਨ੍ਹਾਂ ਦੋ ਦਿਨਾਂ ਦੌਰਾਨ ‘ਵੱਡੇ ਪੱਧਰ ’ਤੇ ਅਤੇ ਲਾਭਕਾਰੀ’ ਗੱਲਬਾਤ ਹੋਈ। ਦੋਵਾਂ ਆਗੂਆਂ ਨੇ ਰੂਸ-ਯੂਕਰੇਨ ਸੰਘਰਸ਼ ਸਮੇਤ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਵੀ ਚਰਚਾ ਕੀਤੀ। ਬੰਦ ਦਰਵਾਜ਼ਿਆਂ ਪਿੱਛੇ ਹੋਈਆਂ ਮੀਟਿੰਗਾਂ ਦੀਆਂ ਤਸੀਵਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਗਈਆਂ ਹਨ ਜਿਸ ਵਿੱਚ ਦੋਵੇਂ ਵਿਦੇਸ਼ ਮੰਤਰੀ 17ਵੀਂ ਸਦੀ ਦੇ ਕੰਟਰੀ ਹਾਊਸ ਅਤੇ ਮੈਦਾਨ ਦੇ ਆਲੇ-ਦੁਆਲੇ ਸੈਰ ਕਰਦਿਆਂ ਡੂੰਘੀ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਵਿਦੇਸ਼ ਮੰਤਰੀ ਜੈਸ਼ੰਕਰ ਨੇ ‘ਐਕਸ’ ਉੱਤੇ ਕਿਹਾ, ‘‘ਚੇਵਨਿੰਗ ਹਾਊਸ ਵਿੱਚ ਦੋ ਦਿਨਾਂ ਦੌਰਾਨ ਵਿਦੇਸ਼ ਮੰਤਰੀ ਡੇਵਿਡ ਲੈਮੀ ਨਾਲ ਵੱਡੇ ਪੱਧਰ ’ਤੇ ਅਤੇ ਲਾਭਕਾਰੀ ਗੱਲਬਾਤ ਹੋਈ।’’ ਉਨ੍ਹਾਂ ਕਿਹਾ, ‘‘ਅਸੀਂ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ’ਤੇ ਚਰਚਾ ਕੀਤੀ, ਖਾਸ ਕਰ ਰਣਨੀਤਕ ਤਾਲਮੇਲ, ਰਾਜਨੀਤਕ ਸਹਿਯੋਗ, ਵਪਾਰਕ ਸਮਝੌਤੇ, ਸਿੱਖਿਆ, ਤਕਨੀਕ, ਗਤੀਸ਼ੀਲਤਾ ਆਦਿ ’ਤੇ ਸਾਡਾ ਧਿਆਨ ਕੇਂਦਰਿਤ ਸੀ।’’