ਸੂਬੇ ਦੇ ਵਡੇਰੇ ਹਿੱਤਾਂ ਦੇ ਮੱਦੇਨਜ਼ਰ ਸਮੂਹਿਕ ਛੁੱਟੀ ’ਤੇ ਜਾਣ ਦਾ ਫ਼ੈਸਲਾ ਲਿਆ ਵਾਪਸ
ਚਰਨਜੀਤ ਭੁੱਲਰ
ਚੰਡੀਗੜ੍ਹ, 5 ਮਾਰਚ
ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਦੇ ਸੱਦੇ ਅਤੇ ਸਰਕਾਰੀ ਸਖ਼ਤੀ ਮਗਰੋਂ ਮਾਲ ਅਫਸਰ ਤਹਿਸੀਲਾਂ ਵਿੱਚ ਕੰਮ ’ਤੇ ਪਰਤ ਆਏ ਹਨ। ਉਹ ਸੋਮਵਾਰ ਤੋਂ ਸਮੂਹਿਕ ਛੁੱਟੀ ਲੈ ਕੇ ਰਾਜ ਵਿਆਪੀ ਹੜਤਾਲ ’ਤੇ ਚੱਲ ਰਹੇ ਸਨ। ਸਰਕਾਰ ਨੇ ਬੀਤੇ ਦਿਨ 15 ਮਾਲ ਅਫਸਰਾਂ ਨੂੰ ਮੁਅੱਤਲ ਕਰ ਕਰਕੇ ਸਪੱਸ਼ਟ ਸੰਕੇਤ ਦੇ ਦਿੱਤਾ ਸੀ ਕਿ ਉਹ ਕਿਸੇ ਦਬਾਅ ਅੱਗੇ ਝੁਕਣ ਦੇ ਰੌਂਅ ਵਿੱਚ ਨਹੀਂ ਹੈ। ਇਸੇ ਤਹਿਤ ਸਰਕਾਰ ਨੇ ਅੱਜ ਮਾਲ ਅਫਸਰਾਂ ਦੇ ਦੂਰ-ਦੁਰਾਡੇ ਤਬਾਦਲੇ ਕਰ ਦਿੱਤੇ। ਇਸ ਮਗਰੋਂ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਲਛਮਣ ਸਿੰਘ ਨੇ ਮਾਲ ਅਫ਼ਸਰਾਂ ਨੂੰ ਭੇਜੇ ਸੁਨੇਹੇ ਵਿੱਚ ਕਿਹਾ ਹੈ ਕਿ ਸੂਬੇ ਦੇ ਵਡੇਰੇ ਹਿੱਤਾਂ ਦੇ ਮੱਦੇਨਜ਼ਰ ਸਮੂਹਿਕ ਛੁੱਟੀ ’ਤੇ ਜਾਣ ਦਾ ਫ਼ੈਸਲਾ ਵਾਪਸ ਲਿਆ ਜਾਂਦਾ ਹੈ। ਜਾਣਕਾਰੀ ਮੁਤਾਬਕ ਸੂਬੇ ਵਿੱਚ ਅੱਜ ਕੁੱਲ 2113 ਰਜਿਸਟਰੀਆਂ ਹੋਈਆਂ ਹਨ।
ਪੰਜਾਬ ਸਰਕਾਰ ਨੇ ਸਮੁੱਚੇ ਮਾਲ ਅਫ਼ਸਰਾਂ ਨੂੰ ਝਟਕਾ ਦੇਣ ਲਈ ਉਨ੍ਹਾਂ ਦੇ ਤਬਾਦਲੇ ਕਰਕੇ ਮੀਲਾਂ ਦੂਰ ਭੇਜ ਦਿੱਤਾ ਹੈ। ਪੰਜਾਬ ਦੇ ਇਤਿਹਾਸ ’ਚ ਇਹ ਪਹਿਲਾ ਮੌਕਾ ਹੈ ਕਿ ਜਦੋਂ ਹਰ ਤਹਿਸੀਲਦਾਰ/ਨਾਇਬ ਤਹਿਸੀਲਦਾਰ ਨੂੰ ਇੱਕੋ ਹੁਕਮ ’ਚ ਬਦਲਿਆ ਗਿਆ ਹੋਵੇ। ਇੱਥੋਂ ਤੱਕ ਕਿ ਕਈ ਵੀਆਈਪੀ ਮਾਲ ਅਫ਼ਸਰ ਵੀ ਦੂਰ-ਦੁਰਾਡੇ ਭੇਜ ਦਿੱਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨਾਂ ਪਹਿਲਾਂ ਮਾਲ ਅਫਸਰਾਂ ਵੱਲੋਂ ਲਈ ਸਮੂਹਿਕ ਛੁੱਟੀ ਤੋਂ ਤਲਖ਼ ਹੋਏ ਸਨ ਅਤੇ ਹੁਣ ਉਨ੍ਹਾਂ ਮਾਲ ਅਫ਼ਸਰਾਂ ਖ਼ਿਲਾਫ਼ ਮੁਹਾਜ਼ ਖੋਲ੍ਹ ਦਿੱਤਾ ਹੈ। ਵਧੀਕ ਮੁੱਖ ਸਕੱਤਰ (ਮਾਲ) ਅਨੁਰਾਗ ਵਰਮਾ ਨੇ ਅੱਜ 235 ਮਾਲ ਅਫ਼ਸਰਾਂ ਦੇ ਤਬਾਦਲੇ ਕੀਤੇ ਹਨ, ਜਿਨ੍ਹਾਂ ਵਿੱਚ 58 ਤਹਿਸੀਲਦਾਰ ਅਤੇ 177 ਨਾਇਬ ਤਹਿਸੀਲਦਾਰ ਸ਼ਾਮਲ ਹਨ। ਸੂਬੇ ਵਿੱਚ 181 ਸਬ ਰਜਿਸਟਰਾਰ ਦਫ਼ਤਰ ਹਨ, ਜਿਨ੍ਹਾਂ ਵਿੱਚ ਕੁੱਲ 250 ਮਾਲ ਅਫਸਰਾਂ ਦੀ ਤਾਇਨਾਤੀ ਹੈ। ਬਹੁਤੇ ਮਾਲ ਅਫਸਰਾਂ ਨੂੰ ਕੋਈ ਨਾ ਕੋਈ ‘ਬਾਰਡਰ’ ਦਿਖਾ ਦਿੱਤਾ ਗਿਆ ਹੈ। ਸਰਕਾਰ ਨੇ ਮੰਗਲਵਾਰ ਨੂੰ ‘ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ’ ਦੇ ਕਾਰਜਕਾਰੀ ਪ੍ਰਧਾਨ ਲਛਮਣ ਸਿੰਘ ਸਮੇਤ 15 ਮਾਲ ਅਫਸਰਾਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਸੀ। ਐਸੋਸੀਏਸ਼ਨ ਦੇ ਜਨਰਲ ਸਕੱਤਰ ਮਨਿੰਦਰ ਸਿੰਘ ਨੂੰ ਪਟਿਆਲਾ ਤੋਂ ਨਵਾਂਸ਼ਹਿਰ ਅਤੇ ਖ਼ਜ਼ਾਨਚੀ ਕੁਲਵਿੰਦਰ ਸਿੰਘ ਨੂੰ ਮੋਰਿੰਡਾ ਤੋਂ ਹੁਸ਼ਿਆਰਪੁਰ ਤਬਦੀਲ ਕਰ ਦਿੱਤਾ ਹੈ। ਮਾਝੇ ਤੇ ਦੁਆਬੇ ’ਚੋਂ ਬਹੁਤੇ ਮਾਲ ਅਫ਼ਸਰ ਮਾਲਵੇ ਵਿੱਚ ਬਦਲ ਦਿੱਤੇ ਗਏ ਹਨ, ਜਦਕਿ ਮਾਲਵੇ ’ਚੋਂ ਜ਼ਿਆਦਾਤਰ ਮਾਲ ਅਧਿਕਾਰੀ ਦੁਆਬੇ ਤੇ ਮਾਝੇ ਵਿੱਚ ਭੇਜ ਦਿੱਤੇ ਗਏ ਹਨ। ਬਹੁਗਿਣਤੀ ਮਾਲ ਅਫਸਰਾਂ ਨੂੰ 100 ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ’ਤੇ ਭੇਜਿਆ ਗਿਆ ਹੈ। ਮਿਸਾਲ ਵਜੋਂ ਤਹਿਸੀਲਦਾਰ ਹਰਕਰਮ ਸਿੰਘ ਨੂੰ 220 ਕਿਲੋਮੀਟਰ ਦੂਰ ਅੰਮ੍ਰਿਤਸਰ ਤੋਂ ਮਾਨਸਾ ਬਦਲਿਆ ਗਿਆ ਹੈ। ਬਰਨਾਲਾ ਤੋਂ ਤਹਿਸੀਲਦਾਰ ਰਾਕੇਸ਼ ਕੁਮਾਰ ਗਰਗ ਨੂੰ 240 ਕਿਲੋਮੀਟਰ ਦੂਰ ਪਠਾਨਕੋਟ ਭੇਜ ਦਿੱਤਾ ਗਿਆ ਹੈ। ਪਰਮਜੀਤ ਸਿੰਘ ਬਰਾੜ ਨੂੰ ਬਠਿੰਡਾ ਤੋਂ 256 ਕਿਲੋਮੀਟਰ ਦੂਰ ਗੁਰਦਾਸਪੁਰ ਬਦਲਿਆ ਗਿਆ ਹੈ। ਚੰਡੀਗੜ੍ਹ ਤੋਂ ਤਨਵੀਰ ਕੌਰ ਨੂੰ 230 ਕਿਲੋਮੀਟਰ ਦੂਰ ਫ਼ਿਰੋਜ਼ਪੁਰ ਭੇਜਿਆ ਗਿਆ ਹੈ। ਮਨਮੋਹਨ ਕੁਮਾਰ ਨੂੰ ਧੂਰੀ ਤੋਂ 225 ਕਿਲੋਮੀਟਰ ਦੂਰ ਅੰਮ੍ਰਿਤਸਰ ਤਾਇਨਾਤ ਕੀਤਾ ਗਿਆ ਹੈ।ਤਬਦੀਲ ਕੀਤੇ ਮਾਲ ਅਫ਼ਸਰਾਂ ਵਿੱਚ 30 ਦੇ ਕਰੀਬ ਮਹਿਲਾ ਅਧਿਕਾਰੀ ਵੀ ਹਨ, ਜਿਨ੍ਹਾਂ ਨੂੰ ਦੂਰ-ਦੁਰਾਡੇ ਤਬਦੀਲ ਕੀਤਾ ਗਿਆ ਹੈ। ਸਰਕਾਰ ਨੇ ਉਨ੍ਹਾਂ ਮਾਲ ਅਫ਼ਸਰਾਂ ਨੂੰ ਵੀ ਬਦਲ ਦਿੱਤਾ ਹੈ ਜਿਹੜੇ ਵੱਡੇ ਆਗੂਆਂ ਅਤੇ ਅਫ਼ਸਰਾਂ ਦੇ ਰਿਸ਼ਤੇਦਾਰ ਜਾਂ ਖ਼ਾਸ ਸਨ।
ਤਬਦੀਲ ਕੀਤੇ ਅਧਿਕਾਰੀ ਸਬੰਧਤ ਡੀਸੀ ਨੂੰ ਕਰਨਗੇ ਰਿਪੋਰਟ
ਬਦਲੇ ਅਧਿਕਾਰੀ ਸਬੰਧਤ ਡਿਪਟੀ ਕਮਿਸ਼ਨਰ ਨੂੰ ਰਿਪੋਰਟ ਕਰਨਗੇ। ਪੰਜਾਬ ਸਰਕਾਰ ਨੇ ਇਹ ਤਬਾਦਲੇ ਲੋਕ ਹਿੱਤ ਤੇ ਪ੍ਰਬੰਧਕੀ ਆਧਾਰ ’ਤੇ ਕੀਤੇ ਹਨ। ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ’ਤੇ ਨਜ਼ਰ ਮਾਰਨ ’ਤੇ ਪਤਾ ਲੱਗਦਾ ਹੈ ਕਿ ਟਾਵੇਂ ਹੀ ਹਨ ਜਿਨ੍ਹਾਂ ਨੂੰ 100 ਕਿਲੋਮੀਟਰ ਦੇ ਘੇਰੇ ਅੰਦਰ ਰੱਖਿਆ ਗਿਆ ਹੈ। ਮੁਹਾਲੀ ਦੇ ਨਾਇਬ ਤਹਿਸੀਲਦਾਰ ਨੂੰ 300 ਕਿਲੋਮੀਟਰ ਦੂਰ ਫ਼ਾਜ਼ਿਲਕਾ ਭੇਜ ਦਿੱਤਾ ਗਿਆ ਹੈ, ਜੰਡਿਆਲਾ ਗੁਰੂ ਦੇ ਹਿਰਦੈਪਾਲ ਸਿੰਘ ਨੂੰ 208 ਕਿਲੋਮੀਟਰ ਦੂਰ ਮਾਨਸਾ ਤਾਇਨਾਤ ਕੀਤਾ ਗਿਆ ਹੈ। ਨਾਇਬ ਤਹਿਸੀਲਦਾਰ ਬੁਢਲਾਡਾ ਅੰਗਰੇਜ਼ ਸਿੰਘ ਨੂੰ 200 ਕਿਲੋਮੀਟਰ ਦੂਰ ਜਲੰਧਰ ਭੇਜ ਦਿੱਤਾ ਹੈ। ਕਾਦੀਆਂ ਦੇ ਨਾਇਬ ਤਹਿਸੀਲਦਾਰ ਨਿਰਮਲ ਸਿੰਘ ਦੀ ਬਦਲੀ 240 ਕਿਲੋਮੀਟਰ ਦੂਰ ਬਠਿੰਡਾ ਕੀਤੀ ਗਈ ਹੈ।
ਮਾਲ ਅਫਸਰਾਂ ਨੂੰ ਆਮ ਲੋਕਾਂ ਦੇ ਗੁੱਸੇ ਦਾ ਹੋਣਾ ਪਿਆ ਸ਼ਿਕਾਰ
ਮਾਲ ਅਫ਼ਸਰਾਂ ਨੂੰ ਆਮ ਲੋਕਾਂ ਦੇ ਗੁੱਸੇ ਦਾ ਵੀ ਸ਼ਿਕਾਰ ਹੋਣਾ ਪਿਆ ਹੈ। ਦੋ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਮਾਲ ਅਫਸਰਾਂ ਖ਼ਿਲਾਫ਼ ਲੋਕ ਭੜਾਸ ਕੱਢ ਰਹੇ ਹਨ। ਅਹਿਮ ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਡਿਊਟੀ ’ਤੇ ਪਰਤੇ ਮਾਲ ਅਫ਼ਸਰਾਂ ਨੂੰ ਹੁਣ ਰਜਿਸਟਰੀਆਂ ਦੇ ਕੰਮ ਤੋਂ ਲਾਂਭੇ ਰੱਖਣ ਦੇ ਰੌਂਅ ਵਿੱਚ ਹਨ। ਉਨ੍ਹਾਂ ਦੀ ਥਾਂ ’ਤੇ ਪਹਿਲਾਂ ਹੀ ਪੀਸੀਐੱਸ ਅਤੇ ਹੋਰ ਅਧਿਕਾਰੀਆਂ ਨੂੰ ਰਜਿਸਟਰੀਆਂ ਦਾ ਕੰਮ ਸੌਂਪਿਆ ਜਾ ਚੁੱਕਾ ਹੈ।