ਧਾਲੀਵਾਲ ’ਤੇ ਗਾਇਕਾ ਸੁਨੰਦਾ ਸ਼ਰਮਾ ਨਾਲ ਧੋਖਾਧੜੀ ਕਰਨ ਤੇ ਧਮਕਾਉਣ ਦਾ ਦੋਸ਼
ਐੱਸ.ਏ.ਐੱਸ. ਨਗਰ (ਮੁਹਾਲੀ), 9 ਮਾਰਚ
ਮੁਹਾਲੀ ਪੁਲੀਸ ਨੇ ਪੰਜਾਬੀ ਸੰਗੀਤ ਕੰਪਨੀ ਦੇ ਨਿਰਮਾਤਾ ਪੁਸ਼ਪਿੰਦਰ ਸਿੰਘ ਪਿੰਕੀ ਧਾਲੀਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਖ਼ਿਲਾਫ਼ ਪੰਜਾਬੀ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ (33) ਨਾਲ ਧੋਖਾਧੜੀ ਤੇ ਜਾਅਲਸਾਜ਼ੀ ਕਰਨ ਅਤੇ ਅਪਰਾਧਕ ਧਮਕੀ ਦੇਣ ਦਾ ਦੋਸ਼ ਹੈ। ਗਾਇਕਾ ਦੀ ਸ਼ਿਕਾਇਤ ’ਤੇ ਪੁਲੀਸ ਨੇ ਮਟੌਰ ਥਾਣੇ ਵਿੱਚ ਪਰਚਾ ਦਰਜ ਕੀਤਾ ਹੈ।
ਸੁਨੰਦਾ ਸ਼ਰਮਾ ਨੇ ਦੋਸ਼ ਲਾਇਆ ਕਿ ਕਈ ਸਾਲਾਂ ਤੋਂ 250 ਕਰੋੜ ਰੁਪਏ ਕਮਾਉਣ ਦੇ ਬਾਵਜੂਦ ਉਸ ਨੂੰ ਕੋਈ ਭੁਗਤਾਨ ਨਹੀਂ ਕੀਤਾ ਗਿਆ। ਮੁਹਾਲੀ ਪੁਲੀਸ ਨੂੰ ਸ਼ਿਕਾਇਤ ’ਚ ਸੁਨੰਦਾ ਨੇ ਇਹ ਵੀ ਦੋਸ਼ ਲਾਇਆ ਕਿ ਪੁਸ਼ਪਿੰਦਰ ਧਾਲੀਵਾਲ ਨੇ ਆਪਣੇ ਪੁੱਤਰ ਗੁਰਕਰਨ ਧਾਲੀਵਾਲ ਦਾ ਵਿਆਹ ਉਸ (ਸੁਨੰਦਾ) ਨਾਲ ਕਰਵਾਉਣ ਦਾ ਝਾਂਸਾ ਦੇ ਕੇ ਉਸ ਦਾ ਕਥਿਤ ਸ਼ੋਸ਼ਣ ਵੀ ਕੀਤਾ।
ਪੁਸ਼ਪਿੰਦਰ ਧਾਲੀਵਾਲ ਨੂੰ ਮੁਹਾਲੀ ਦੇ ਸੈਕਟਰ-70 ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮਟੌਰ ਥਾਣਾ ਦੇ ਐੱਸਐੱਚਓ ਕੁਲਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਪੁਸ਼ਪਿੰਦਰ ਧਾਲੀਵਾਲ ਨੂੰ ਅੱਜ ਮੁਹਾਲੀ ਦੇ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਸ ਨੂੰ ਦੋ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਦੂਜੇ ਪਾਸੇ ਮਟੌਰ ਥਾਣੇ ’ਚੋਂ ਬਾਹਰ ਆਉਂਦੇ ਸਮੇਂ ਜਦੋਂ ਮੀਡੀਆ ਨੇ ਪੁਸ਼ਪਿੰਦਰ ਧਾਲੀਵਾਲ ਤੋਂ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕੋਈ ਸਪੱਸ਼ਟ ਜਵਾਬ ਨਾ ਦਿੱਤਾ। ਇਸ ਤੋਂ ਬਾਅਦ ਪੁਲੀਸ ਮੁਲਾਜ਼ਮ ਉਸ ਨੂੰ ਆਪਣੇ ਨਾਲ ਲੈ ਗਏ।
ਸੁਨੰਦਾ ਨੇ ਮਹਿਲਾ ਕਮਿਸ਼ਨ ਕੋਲ ਮਾਮਲਾ ਚੁੱਕਿਆ
ਸੁਨੰਦਾ ਸ਼ਰਮਾ ਨੇ ਸੋਸ਼ਲ ਮੀਡੀਆ ਰਾਹੀਂ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਕੋਲ ਇਹ ਮਾਮਲਾ ਚੁੱਕਿਆ ਹੈ। ਉਸ ਨੇ ਪੋਸਟ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਟੈਗ ਕੀਤਾ। ਸੁਨੰਦਾ ਨੇ ਦੋਸ਼ ਲਾਇਆ ਸੀ ਕਿ ਸੰਗੀਤ ਕੰਪਨੀ ‘ਮੈਡ-4-ਮਿਊਜ਼ਿਕ’ ਉਸ ਦਾ ਬਕਾਇਆ ਨਹੀਂ ਦੇ ਰਹੀ ਤੇ ਉਸ ਨਾਲ ਕਰਾਰ ਹੋਣ ਦਾ ਦਾਅਵਾ ਕਰ ਰਹੀ ਹੈ। ਉਸ ਨੇ ਕਿਹਾ, ‘‘ਕੁਝ ਵਿਅਕਤੀ/ਇਕਾਈਆਂ ਮੇਰੇ ਪੇਸ਼ੇਵਰ ਰੁਝੇਵਿਆਂ ’ਤੇ ਵਿਸ਼ੇਸ਼ ਅਧਿਕਾਰ ਹੋਣ ਦਾ ਝੂਠਾ ਦਾਅਵਾ ਕਰ ਰਹੇ ਹਨ ਤੇ ਤੀਜੀ ਧਿਰ ਨੂੰ ਗੁੰਮਰਾਹ ਕਰ ਰਹੀਆਂ ਹਨ ਕਿ ਮੇਰਾ ਉਨ੍ਹਾਂ ਨਾਲ ਇਕਰਾਰ ਹੈ।’’ ਸੁਨੰਦਾ ਸ਼ਰਮਾ ਨੇ ਕਿਹਾ, ‘‘ਪਰ ਇਹ ਦਾਅਵੇ ਝੂਠੇ, ਧੋਖਾਧੜੀ ਵਾਲੇ, ਅਣਅਧਿਕਾਰਤ ਅਤੇ ਕਾਨੂੰਨੀ ਤੌਰ ’ਤੇ ਬੇਬੁਨਿਆਦ ਹਨ। ਮੇਰੇ ਰੁਝੇਵਿਆਂ ’ਚ ਵਿਘਨ ਪਾਉਣ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।’’