ਵੈਨਕੂਵਰ (ਗੁਰਪ੍ਰੀਤ ਸਿੰਘ ਸਹੋਤਾ)-
ਕੈਨੇਡਾ ਦੇ ਖੂਬਸੂਰਤ ਸੂਬੇ ਬ੍ਰਿਟਿਸ਼ ਕੋਲੰਬੀਆ ਦਾ ਸ਼ਹਿਰ ਸਰੀ, ਦੂਜਾ ਪੰਜਾਬ ਹੈ ਤੇ ਦੁਨੀਆ ਭਰ ਦੇ ਪੰਜਾਬੀਆਂ ਲਈ ਖਿੱਚ ਦਾ ਕੇਂਦਰ ਹੈ ਪਰ ਇਸ ਸ਼ਹਿਰ ਬਾਰੇ ਪੰਜਾਬੀ ਵਿੱਚ ਵਿਸਥਾਰ ਸਹਿਤ ਜਾਣਕਾਰੀ ਕਿਤੇ ਨਹੀਂ ਸੀ ਮਿਲਦੀ। ਉੱਘੇ ਪੱਤਰਕਾਰ ਤੇ ਲੇਖਕ ਬਖਸ਼ਿੰਦਰ ਜੀ ਨੇ ਇਸ ਸ਼ਹਿਰ ਦੀ ਵਾਰਤਾ ਹੁਣ ਆਪਣੀ ਤਾਜ਼ਾ ਕਿਤਾਬ “ਸਰੀਨਾਮਾ” ਵਿੱਚ ਬਿਆਨੀ ਹੈ।
ਸਰੀ ਸ਼ਹਿਰ ਵੈਨਕੂਵਰ ਸ਼ਹਿਰ ਦੇ ਨਾਲ ਲੱਗਦਾ ਇੱਕ ਪੇਂਡੂ ਇਲਾਕਾ ਸੀ, ਜੋ ਦੇਖਦਿਆਂ ਹੀ ਦੇਖਦਿਆਂ ਇੱਕ ਮਹਾਂਨਗਰ ਬਣ ਗਿਆ ਤੇ ਅਗਲੇ ਪੰਜ ਸਾਲਾਂ ‘ਚ ਵੈਨਕੂਵਰ ਤੋਂ ਅਬਾਦੀ ਵਿੱਚ ਵੀ ਅੱਗੇ ਲੰਘਣ ਜਾ ਰਿਹਾ। ਬਖਸ਼ਿੰਦਰ ਜੀ ਨੇ ਇਸ ਕਿਤਾਬ ਦੀ ਸ਼ੁਰੂਆਤ ਸਰੀ ਦੇ ਵਸਣ ਤੋਂ ਪਹਿਲਾਂ ਦੇ ਸਮੇਂ ਬਾਰੇ ਦੱਸਦਿਆਂ ਕੀਤੀ ਹੈ, ਜਦੋਂ ਇਹ ਸਾਰਾ ਇਲਾਕਾ ਹੀ ਵਿਕਸਿਤ ਹੋ ਰਿਹਾ ਸੀ, ਦੂਰ-ਦੁਰਾਡਿਓਂ ਰਾਹਗੀਰ ਨਵੀਆਂ ਧਰਤੀਆਂ ਦੀ ਭਾਲ ਵਿੱਚ ਨਿਕਲੇ ਹੋਏ ਸਨ, ਕੈਨੇਡਾ ਦੇ ਮੂਲ ਵਾਸੀਆਂ ਨੂੰ ਬਰਤਾਨਵੀ ਤੇ ਫਰਾਂਸੀਸੀ ਜਰਨੈਲ ਤੇ ਵਪਾਰੀ ਆਪਣੇ ਹੇਠ ਕਰਨ ਲਈ ਜ਼ੋਰ ਲਾ ਰਹੇ ਸਨ।
269 ਸਫਿਆਂ ਦੀ ਇਸ ਕਿਤਾਬ ਵਿੱਚ ਤਸਵੀਰਾਂ ਸਹਿਤ ਸਰੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਦੂਰ ਬੈਠਿਆਂ ਲਈ ਸਰੀ ਬਾਰੇ ਜਾਨਣ ਵਾਸਤੇ ਤਾਂ ਲਾਹੇਵੰਦ ਹੋਵੇਗੀ ਹੀ, ਜਾਪਦਾ ਹੈ ਕਿ ਸਰੀ ਵੱਸਦੇ ਕਈ ਲੋਕ ਵੀ ਇਸ ਸ਼ਹਿਰ ਬਾਰੇ ਇੰਨੀ ਬਾਰੀਕੀ ਨਾਲ ਨਹੀਂ ਜਾਣਦੇ ਹੋਣਗੇ। ਕੁਝ ਥਾਵਾਂ ਦੇ ਕੋਲੋਂ ਉਹ ਲੰਘੇ ਹੋਣਗੇ ਪਰ ਕਈਆਂ ਨੂੰ ਉਨ੍ਹਾਂ ਥਾਵਾਂ ਦੀ ਮਹੱਤਤਾ ਦਾ ਅਹਿਸਾਸ ਨਹੀਂ ਹੋਵੇਗਾ।
ਸਰੀ ਸ਼ਹਿਰ ਦੇ ਅੱਡ-ਅੱਡ ਮੁਹੱਲਿਆਂ ਤੇ ਅੱਡ-ਅੱਡ ਮੁਲਕਾਂ ਤੇ ਧਰਮਾਂ-ਜਾਤਾਂ ਵਾਲੀ ਵੱਸੋਂ ਦੀ ਗੱਲ ਕਰਦਿਆਂ ਇਸ ਕਿਤਾਬ ਵਿੱਚ ਸਰੀ ਦੀਆਂ ਸਿੱਖਿਆ ਤੇ ਸਿਹਤ ਸੰਸਥਾਵਾਂ ਦਾ ਬਾਖੂਬ ਜ਼ਿਕਰ ਹੈ। ਸਰੀ ਪਾਰਕਾਂ ਦਾ ਸ਼ਹਿਰ ਕਹੀ ਜਾਂਦੀ ਹੈ, ਅੱਡ ਪਾਰਕਾਂ-ਬੀਚਾਂ ਦੀ ਗੱਲ ਕਰਦਿਆਂ, ਮੌਸਮਾਂ ਤੇ ਰੁੱਤਾਂ ਦਾ ਜ਼ਿਕਰ ਕਰਦਿਆਂ ਬਖਸ਼ਿੰਦਰ ਜੀ ਨੇ ਇੱਥੋਂ ਦੀ ਫ਼ਿਲਮ ਤੇ ਮਨੋਰੰਜਨ ਇੰਡਸਟਰੀ, ਖੇਡ ਕੇਂਦਰਾਂ, ਕਿਤਾਬ ਘਰਾਂ, ਧਾਰਮਿਕ ਸਥਾਨਾਂ, ਮੀਡੀਆ, ਸਾਹਿਤ ਸਭਾਵਾਂ, ਮੇਲਿਆਂ, ਵੱਡੇ ਇਕੱਠਾਂ, ਕੈਨੇਡਾ-ਅਮਰੀਕਾ ਸਰਹੱਦ ਬਾਰੇ ਵਿਸਥਾਰ ਵਿੱਚ ਜਾਣਕਾਰੀ ਵੀ ਦਿੱਤੀ ਹੈ ਤੇ ਸ਼ਹਿਰ ‘ਚ ਵਿਚਰਦਿਆਂ ਆਪਣੇ ਨਿੱਜੀ ਅਨੁਭਵ ਵੀ ਸਾਂਝੇ ਕੀਤੇ ਹਨ। ਸਰੀ ਦੇ ਸੱਭਿਆਚਾਰ ਅਤੇ ਇਸਦੀ ਸੱਭਿਆਚਾਰਕ ਸਾਂਝ ਨੂੰ ਭਾਂਪਦਿਆਂ ਆਪਣੇ ਵਿਚਾਰਾਂ ਦਾ ਜਾਮਾ ਪਹਿਨਾਇਆ ਹੈ।
ਇਹ ਸਰੀ ਦੀ “ਪੰਜਾਬੀ ਗਾਈਡ-ਬੁੱਕ” ਵੀ ਕਹੀ ਜਾ ਸਕਦੀ ਹੈ। ਬਖਸ਼ਿੰਦਰ ਜੀ ਨੇ ਦੱਸਿਆ ਕਿ ਉਹ ਚਾਹੁੰਦੇ ਸਨ ਕਿ ਇਸ ਖੂਬਸੂਰਤ ਤੇ ਰੌਚਕ ਕਿਤਾਬ ਦੇ ਸਾਰੇ ਪੰਨੇ ਰੰਗੀਨ ਹੋਣ ਪਰ ਅਜਿਹਾ ਸੰਭਵ ਨਾ ਹੋ ਸਕਿਆ। ਆਪਣੇ ਸੀਮਤ ਜਿਹੇ ਸਾਧਨਾਂ ਤੇ ਬਿਨਾਂ ਕਿਸੇ ਸਰਕਾਰੀ ਜਾਂ ਬਾਹਰੀ ਮਦਦ ਤੋਂ ਉਹ ਖੁਦ ਜਿੰਨੇ ਜੋਗੇ ਸਨ, ਉਸਤੋਂ ਕਈ ਗੁਣਾ ਵੱਧ ਕਰ ਵਿਖਾਇਆ।
ਸਰੀ ਸ਼ਹਿਰ ਨੇ ਲੱਖਾਂ ਲੋਕਾਂ ਨੂੰ ਬਹੁਤ ਕੁਝ ਦਿੱਤਾ ਪਰ ਕੁਝ ਸੈਂਕੜੇ ਹੀ ਹੋਣਗੇ, ਜਿਨ੍ਹਾਂ ਵਾਪਸ ਸਰੀ ਨੂੰ ਕੁਝ ਦਿੱਤਾ ਹੋਵੇਗਾ। ਅਖੀਰ ਵਿੱਚ ਏਨਾ ਹੀ ਕਹਾਂਗਾ ਕਿ ਬਖਸ਼ਿੰਦਰ ਜੀ ਨੇ ਸਰੀ ਦੀ ਧਰਤੀ ਵੱਲੋਂ ਉਨ੍ਹਾਂ ਨੂੰ ਦਿੱਤੇ ਪਿਆਰ ਦਾ ਮੁੱਲ ਇਹ ਕਿਤਾਬ ਲਿਖ ਤੇ ਛਪਵਾ ਕੇ ਮੋੜ ਦਿੱਤਾ ਹੈ। ਇਹ ਕਿਤਾਬ ਬਹੁਤ ਸਾਰੇ ਘਰਾਂ ਤੇ ਕਿਤਾਬ ਘਰਾਂ ਦਾ ਸ਼ਿੰਗਾਰ ਬਣਨ ਦੀ ਸਮਰੱਥਾ ਰੱਖਦੀ ਹੈ।
ਸਰੀਨਾਮਾ’ ਹਾਸਲ ਕਰਨ ਵਾਸਤੇ ਤੇ ਹੋਰ ਜਾਣਕਾਰੀ ਲੈਣ ਲਈ ਇਸ ਦੇ ਪ੍ਰਕਾਸ਼ਕ ਅਦਾਰੇ ਕੈਲੀਬਰ ਪਬਲੀਕੇਸ਼ਨ, ਪਟਿਆਲਾ ਨਾਲ +91-98154-48958 ’ਤੇ ਸੰਪਰਕ ਕੀਤਾ ਜਾ ਸਕਦਾ ਹੈ।