ਸਰੀ (ਪ੍ਰਭਜੋਤ ਕਾਹਲੋਂ)- – ਸਰੀ ਸ਼ਹਿਰ ਨੌਜਵਾਨਾਂ ਦੇ ਭਵਿੱਖ ਨੂੰ ਸਵਾਰਨ ਲਈ ਸ਼ੁਰੂ ਕੀਤੇ ਪ੍ਰੋਗਰਾਮਾਂ (Youth Resiliency Programs) ਵਿੱਚ 3 ਸਾਲਾਂ ਦਰਮਿਆਨ 4.5 ਮਿਲੀਅਨ ਡਾਲਰ ਨਿਵੇਸ਼ ਦਾ ਐਲਾਨ ਕਰਦਾ ਹੈ। ਸੇਫ਼ ਪ੍ਰੋਗਰਾਮ (SAFE Program) ਦੀ ਸਫਲਤਾ ਦੇ ਆਧਾਰ ‘ਤੇ ਪ੍ਰੋਗਰਾਮਾਂ ਵਿੱਚ ਪਾਸਾਰ ਕਰ, ਸ਼ੁਰੂ ਕੀਤਾ ਇਹ ਨਵਾਂ ਉਪਰਾਲਾ ਨੌਜਵਾਨਾਂ ਦੇ ਸੰਭਾਵੀ ਨੁਕਸਾਨ, ਖ਼ਤਰਿਆਂ ਅਤੇ ਸ਼ੋਸ਼ਣ ਦੀ ਪਹਿਲਾਂ ਹੀ ਪਛਾਣ ਕਰ, ਸਰਗਰਮੀ ਨਾਲ ਹੱਲ ਕਰਨ ਲਈ ਸੇਵਾਵਾਂ ਦਾ ਵਿਸਥਾਰ ਕਰਦਾ ਅਤੇ ਨੌਜਵਾਨਾਂ ਨੂੰ ਸਹੀ ਦਿਸ਼ਾ-ਨਿਰਦੇਸ਼ ਵੱਲ ਮਜ਼ਬੂਤੀ ਲਈ ਇੱਕ ਵਿਆਪਕ ਪਹੁੰਚ ਅਪਣਾਉਂਦਾ ਹੈ। ਇਹ ਪ੍ਰੋਗਰਾਮ ਸਿਰਫ਼ ਗੈਂਗ ਹਿੰਸਾ ਵੱਲ ਤਵੱਜੋਂ ਦੀ ਬਜਾਏ, ਇੱਕ ਸੰਪੂਰਨ ਮਾਡਲ ਵੱਲ ਤਬਦੀਲ ਕੀਤੇ ਗਏ ਹਨ, ਜੋ ਨੌਜਵਾਨਾਂ ਦੀਆਂ ਮੁਸੀਬਤਾਂ ਦੂਰ ਕਰਨ ਅਤੇ ਉਨ੍ਹਾਂ ਨੂੰ ਆਪਣੇ ਭਾਈਚਾਰਿਆਂ ਵਿੱਚ ਵਧਣ-ਫੁੱਲਣ ਲਈ ਸ਼ਕਤੀ ਪ੍ਰਦਾਨ ਕਰਦੇ ਹਨ ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਅਸੀਂ ਨੌਜਵਾਨਾਂ ਦੇ ਚੰਗੇ ਭਵਿੱਖ ਦੀ ਨੀਂਹ ਰੱਖਣ ਵਾਲੀਆਂ ਨਵੀਨਤਾਕਾਰੀ ਪਹਿਲਕਦਮੀਆਂ ਨੂੰ ਸ਼ੁਰੂ ਕਰਕੇ ਉਤਸ਼ਾਹਿਤ ਹਾਂ”। “ਅਸੀਂ ਆਪਣੀ ਅਗਲੀ ਪੀੜ੍ਹੀ ਵਿੱਚ ਨਿਵੇਸ਼ ਜਾਰੀ ਰੱਖਦੇ ਹੋਏ, ਸਰੀ ਸ਼ਹਿਰ ਨੂੰ ਇੱਕ ਮਜ਼ਬੂਤ ਅਤੇ ਵੱਧਦਾ ਹੋਇਆ ਭਾਈਚਾਰਾ ਬਣਾਉਣ ਲਈ ਵਚਨਬੱਧ ਹਾਂ। ਇਹ ਵਿਆਪਕ ਵਿੱਤੀ ਮੱਦਦ ਕੇਵਲ ਇੱਕ ਪ੍ਰੋਗਰਾਮ ਦੀ ਮੱਦਦ ਨਹੀਂ ਕਰਦੀ, ਬਲਕਿ ਇਹ ਸਾਡੇ ਨਿਵਾਸੀਆਂ – ਖ਼ਾਸ ਕਰਕੇ ਪਰਿਵਾਰਾਂ ਅਤੇ ਨੌਜਵਾਨਾਂ ਦੀ ਲੰਮੇ ਸਮੇਂ ਲਈ ਭਲਾਈ ਅਤੇ ਤਰੱਕੀ ਵਿੱਚ ਨਿਵੇਸ਼ ਹੈ। ਇਹ ਰਣਨੀਤਕ ਨਿਵੇਸ਼ ਸਾਡੇ ਸ਼ਹਿਰ ਨੂੰ ਹੋਰ ਸੁਰੱਖਿਅਤ, ਉਤਸ਼ਾਹਪੂਰਨ ਅਤੇ ਵਧੀਆ ਸ਼ਹਿਰ ਬਣਾਉਣ ਲਈ ਸਾਡੀ ਅਟੁੱਟ ਵਚਨਬੱਧਤਾ ਦਾ ਸਬੂਤ ਹੈ, ਜਿੱਥੇ ਹਰ ਕੋਈ ਖ਼ੁਸ਼ਹਾਲ ਅਤੇ ਪ੍ਰਫੁੱਲਤ ਹੋ ਸਕਦਾ ਹੈ”।
ਹੇਠਾਂ ਵਰਣਨ ਕੀਤੇ ਗਏ ਇਹ ਨਵੇਂ ਪ੍ਰੋਗਰਾਮ 2,000 ਤੋਂ ਵੱਧ ਸਰੀ ਨਿਵਾਸੀਆਂ ਦੀ ਸਹਾਇਤਾ ਕਰਨ ਦੀ ਉਮੀਦ ਕਰਦੇ ਹਨ:
- ਡਾਇਵਰਸਿਟੀ ਕਮਿਊਨਿਟੀ ਰਿਸੋਰਸ ਸੋਸਾਇਟੀ ਦੇ ਸੇਫ਼ ਕਾਊਂਸਲਿੰਗ(SAFE Counselling) ਪ੍ਰੋਗਰਾਮ ਨੂੰ 6-17 ਸਾਲ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਢਾਂਚਾਗਤ ਅਤੇ ਸੱਭਿਆਚਾਰਕ ਤੌਰ ‘ਤੇ ਸੰਵੇਦਨਸ਼ੀਲ ਕਲੀਨੀਕਲ ਸਲਾਹ-ਮਸ਼ਵਰਾ ਪ੍ਰਦਾਨ ਕਰਨ ਲਈ ਸਾਲਾਨਾ $ 300,000 ਪ੍ਰਾਪਤ ਹੁੰਦੇ ਹਨ।
- ਗਰੇਟਰ ਵੈਨਕੂਵਰ ਦੀ ਐਲਿਜ਼ਾਬੈੱਥ ਫਿਰਾਈ ਸੁਸਾਇਟੀ ਦੇ,ਦਾ ਸ਼ਾਈਨ (The SHINE) ਪ੍ਰੋਗਰਾਮ ਨੂੰ, 6 ਤੋਂ 24 ਸਾਲ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕਮਿਊਨਿਟੀ-ਆਧਾਰਤ ਇੱਕ-ਦੂਜੇ ਨਾਲ ਸਲਾਹ ਅਤੇ ਕਲੀਨੀਕਲ ਸਲਾਹ ਪ੍ਰਦਾਨ ਕਰਨ ਲਈ ਸਾਲਾਨਾ $ 300,000 ਪ੍ਰਾਪਤ ਹੁੰਦੇ ਹਨ।
- ਗਰੇਟਰ ਵੈਨਕੂਵਰ ਦੇ ਫੈਮਲੀ ਸਰਵਿਸਿਜ਼ ਦੇ ਪੇਰੈਂਟ ਟੀਨ ਮੀਡੀਏਸ਼ਨ (Parent Teen Mediation)ਪ੍ਰੋਗਰਾਮ ਨੂੰ, 13 ਤੋਂ 19 ਸਾਲ ਦੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨਾਲ ਆਪਸੀ ਤਣਾਅ ਨੂੰ ਹੱਲ ਕਰਨ ਵਿੱਚ ਸਹਾਇਤਾ ਕਰਨ ਲਈ ਸਾਲਾਨਾ $ 110,000 ਪ੍ਰਾਪਤ ਹੁੰਦੇ ਹਨ।
- ਪੈਸੀਫਿਕ ਕਮਿਊਨਿਟੀ ਰਿਸੋਰਸ ਸੋਸਾਇਟੀ ਦੀ ਲਰਨਿੰਗ ਟੂ ਲੀਡ ਯੂਥ ਰਿਸੀਲੈਂਸੀ (Learning to Lead Youth Resiliency)ਨੂੰ ਸਾਲਾਨਾ 300,000 ਡਾਲਰ ਮਿਲਦੇ ਹਨ ਤਾਂ ਜੋ 14 ਤੋਂ 17 ਸਾਲ ਦੇ ਬੱਚਿਆਂ ਨੂੰ ਇੱਕਲੇ ਸਲਾਹ-ਮਸ਼ਵਰਾ ਦੇ ਨਾਲ ਕਮਿਊਨਿਟੀ ਸੇਵਾ ਅਤੇ ਮਨੋਰੰਜਨ ਦੇ ਆਲੇ-ਦੁਆਲੇ ਕੇਂਦਰਿਤ ਕਮਿਊਨਿਟੀ-ਆਧਾਰਤ ਸਮੂਹ ਗਤੀਵਿਧੀਆਂ ਪ੍ਰਦਾਨ ਕੀਤੀਆਂ ਜਾ ਸਕਣ।
- ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ ਸੋਸਾਇਟੀ ਦੇ ਸਟ੍ਰੈਂਥਕਵੈਸਟ (Strength Quest)ਪ੍ਰੋਗਰਾਮ ਨੂੰ 9 ਤੋਂ 24 ਸਾਲ ਦੇ ਬੱਚਿਆਂ ਨੂੰ ਕਮਿਊਨਿਟੀ-ਆਧਾਰਤ ਇੱਕ-ਦੂਜੇ ਨਾਲ ਸਲਾਹ-ਮਸ਼ਵਰਾ ਅਤੇ ਲੋੜ ਅਨੁਸਾਰ ਉਨ੍ਹਾਂ ਦੇ ਮਾਪਿਆਂ ਨੂੰ ਮਾਰਗ ਦਰਸ਼ਨ ਪ੍ਰਦਾਨ ਕਰਨ ਲਈ ਸਾਲਾਨਾ $ 190,000 ਪ੍ਰਾਪਤ ਹੁੰਦੇ ਹਨ।
- ਸਰੀ ਵੁਮੈਨ ਸੈਂਟਰ ਦੇ ਦਿ ਸੀਨ ਪ੍ਰੋਜੈਕਟ (The Seen Project)ਨੂੰ ਲਿੰਗ ਆਧਾਰਤ ਹਿੰਸਾ ਤੋਂ ਬਚਾਉਣ ਲਈ 13 ਤੋਂ 24 ਸਾਲ ਦੀਆਂ ਔਰਤਾਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਵਿਅਕਤੀਗਤ ਪਹੁੰਚ ਅਤੇ ਸਹਾਇਤਾ ਸਮੂਹ ਪ੍ਰਦਾਨ ਕਰਨ ਲਈ ਸਾਲਾਨਾ $ 300,000 ਪ੍ਰਾਪਤ ਹੁੰਦੇ ਹਨ।
ਸਰੀ ਪਬਲਿਕ ਸੇਫ਼ਟੀ ਕਮੇਟੀ ਦੇ ਚੇਅਰਮੈਨ ਅਤੇ ਸਰੀ ਪੁਲਿਸ ਬੋਰਡ ਦੇ ਮੈਂਬਰ, ਕੌਂਸਲਰ ਰੌਬ ਸਟੱਟ ਨੇ ਕਿਹਾ, “ਇਹ 45 ਲੱਖ ਡਾਲਰ ਦਾ ਨਿਵੇਸ਼ ਸਿਰਫ਼ ਸ਼ਹਿਰ ਦੇ ਭਵਿੱਖ ਵਿੱਚ ਹੀ ਨਹੀਂ, ਸਗੋਂ ਸਾਡੇ ਨੌਜਵਾਨਾਂ ਦੀ ਭਲਾਈ ਵਿੱਚ ਵੀ ਨਿਵੇਸ਼ ਹੈ,”। “ਇਹ ਇੱਕ ਮਹੱਤਵਪੂਰਨ ਕਦਮ ਹੈ ਜੋ ਇਹ ਯਕੀਨੀ ਬਣਾਉਂਦਾ ਹੈ ਕਿ ਅਸੀਂ ਇੱਕ ਐਸੀ ਭਾਈਚਾਰਕ ਨੌਜਵਾਨ ਪੀੜ੍ਹੀ ਤਿਆਰ ਕਰੀਏ ਜੋ ਕਿਸੇ ਵੀ ਮੁਸੀਬਤ ਨੂੰ ਪਾਰ ਕਰ ਸਕੇ। ਮੈਨੂੰ ਖ਼ੁਸ਼ੀ ਹੈ ਕਿ ਅਸੀਂ ਇਨ੍ਹਾਂ ਪ੍ਰੋਗਰਾਮਾਂ ਰਾਹੀਂ ਆਪਣੀ ਨਵੀਂ ਪੀੜ੍ਹੀ ਨੂੰ ਸਹਾਇਤਾ ਦੇ ਰਹੇ ਹਾਂ। ਇਹ ਕਾਰਵਾਈ ਸਾਡੇ ਸ਼ਹਿਰ ਨੂੰ ਹੋਰ ਸੁਰੱਖਿਅਤ ਅਤੇ ਵਧੀਆ ਬਣਾਉਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ।”
ਗੈਂਗ ਹਿੰਸਾ ਰੋਕਥਾਮ ‘ਤੇ ਮੇਅਰ ਦੀ ਟਾਸਕ ਫੋਰਸ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਸੇਫ਼ ਪ੍ਰੋਗਰਾਮ 2019 ਵਿੱਚ ਸ਼ੁਰੂ ਕੀਤਾ ਗਿਆ ਸੀ। ਜੋ ਸ਼ੁਰੂ ਵਿੱਚ $7.5 ਮਿਲੀਅਨ ਦੀ ਫੈਡਰਲ ਫੰਡਿੰਗ ਨਾਲ ਚਲਾਇਆ ਗਿਆ ਸੀ, ਅਤੇ ਇਹ ਨੌਜਵਾਨਾਂ ਨੂੰ ਗੈਂਗਾਂ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਆਪਣੀ ਕਿਸਮ ਦਾ ਪਹਿਲੀ ਬਹੁ-ਏਜੰਸੀ ਉਪਰਾਲਾ ਸੀ। 2024 ਵਿੱਚ,ਫੈਡਰਲ ਫੰਡਿੰਗ ਖ਼ਤਮ ਹੋਣ ਤੇ ਸਰੀ ਨੇ SAFE ਪ੍ਰੋਗਰਾਮ ਦੀ ਪੂਰੀ ਤਰਾਂ ਵਿੱਤੀ ਜ਼ਿੰਮੇਵਾਰੀ ਸੰਭਾਲ ਲਈ ਸੀ। ਸੇਫ਼ ਪ੍ਰੋਗਰਾਮ ਦੀ ਸਫਲਤਾ ਦੇ ਨਤੀਜੇ ਵਜੋਂ ਮੇਅਰ ਲੌਕ ਨੇ ਦਸੰਬਰ 2023 ਵਿੱਚ ਐਲਾਨ ਕੀਤਾ ਕਿ ਕੌਂਸਲ ਇਸ ਪਹਿਲ ਕਦਮੀ ਨੂੰ ਅਗਲੇ 4 ਸਾਲਾਂ ਲਈ ਵਧਾਉਣ ਵਾਸਤੇ $ 6 ਮਿਲੀਅਨ ਦਾ ਨਿਵੇਸ਼ ਕਰ ਰਹੀ ਹੈ।”