ਚੰਡੀਗੜ੍ਹ-
ਕੇਂਦਰ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ 54 ਦਿਨਾਂ ਦੀ ਛੁੱਟੀ ਮਨਜ਼ੂਰ ਕਰ ਲਈ ਗਈ ਹੈ। ਚੀਫ਼ ਜਸਟਿਸ ਸ਼ੀਲ ਨਾਗੂ ਤੇ ਜਸਟਿਸ ਸੁਮਿਤ ਗੋਇਲ ਦੇ ਡਿਵੀਜ਼ਨ ਬੈਂਚ ਅੱਗੇ ਇਹ ਜਾਣਕਾਰੀ ਅਜਿਹੇ ਮੌਕੇ ਰੱਖੀ ਗਈ ਹੈ ਜਦੋਂ ਅਜੇ ਪਿਛਲੇ ਦਿਨਾਂ ਵਿਚ ਲੋਕ ਸਭਾ ਦੇ ਸਪੀਕਰ ਨੇ ਅੰਮ੍ਰਿਤਪਾਲ ਸਿੰਘ ਸਣੇ ਸੰਸਦ ਮੈਂਬਰਾਂ ਦੀ ਛੁੱਟੀ ਦੀ ਅਰਜ਼ੀ ਘੋਖਣ ਲਈ 15 ਮੈਂਬਰੀ ਕਮੇਟੀ ਬਣਾਈ ਸੀ।
ਇਹ ਮਾਮਲਾ ਅੱਜ ਜਿਵੇਂ ਹੀ ਮੁੜ ਸੁਣਵਾਈ ਲਈ ਆਇਆ ਤਾਂ ਭਾਰਤ ਦੇ ਵਧੀਕ ਸੌਲਿਸਟਰ-ਜਨਰਲ ਸੱਤਿਆ ਪਾਲ ਜੈਨ ਨੇ ਵਕੀਲ ਧੀਰਜ ਜੈਨ ਨਾਲ ਲੋਕ ਸਭਾ ਸਕੱਤਰੇਤ ਵੱਲੋਂ 11 ਮਾਰਚ ਨੂੰ ਜਾਰੀ ਕੀਤਾ ਗਿਆ ਪੱਤਰ ਬੈਂਚ ਦੇ ਸਾਹਮਣੇ ਰੱਖਿਆ। ਇਸ ਪੱਤਰ ਵਿਚ 24 ਜੂਨ, 2024 ਤੋਂ 2 ਜੁਲਾਈ, 2024 ਤੱਕ, ਅਤੇ 22 ਜੁਲਾਈ, 2024 ਤੋਂ 9 ਅਗਸਤ, 2024 ਤੱਕ, ਅਤੇ ਫਿਰ 25 ਨਵੰਬਰ, 2024 ਤੋਂ 20 ਦਸੰਬਰ, 2024 ਤੱਕ 54 ਦਿਨਾਂ ਦੀ ਗੈਰਹਾਜ਼ਰੀ ਦੀ ਛੁੱਟੀ ਦਿੱਤੀ ਗਈ ਸੀ। ਪੱਤਰ ਦਾ ਨੋਟਿਸ ਲੈਂਦਿਆਂ ਬੈਂਚ ਨੇ ਜ਼ੋਰ ਦੇ ਕੇ ਆਖਿਆ, ‘‘ਜਿੱਥੋਂ ਤੱਕ ਪਟੀਸ਼ਨਰ ਦੀ ਗੈਰਹਾਜ਼ਰੀ ਕਾਰਨ ਸੰਸਦ ਤੋਂ ਕੱਢੇ ਜਾਣ ਦੇ ਖਦਸ਼ੇ ਦਾ ਸਵਾਲ ਹੈ, 11 ਮਾਰਚ ਦੇ ਪੱਤਰ ਨਾਲ ਉਸ ਦੇ ਫਿਕਰ ਦੂਰ ਹੋ ਜਾਂਦੇ ਹਨ।’’