ਵਿਕਟੋਰੀਆ ( ਕਾਹਲੋਂ)-: ਕਲੋਨਾ-ਮਿਸ਼ਨ ਦੇ ਵਿਧਾਇਕ ਅਤੇ ਨੌਕਰੀਆਂ, ਆਰਥਿਕ ਵਿਕਾਸ ਅਤੇ ਨਵੀਨਤਾ ਲਈ ਅਧਿਕਾਰਤ ਵਿਰੋਧੀ ਧਿਰ ਆਲੋਚਕ ਗੈਵਿਨ ਡਿਊ ਦੁਆਰਾ ਜਾਰੀ ਇੱਕ ਬਿਆਨ ਵਿਚ ਦੋਸ਼ ਲਗਾਏ ਹਨ ਕਿ ਪ੍ਰੀਮੀਅਰ ਡੇਵਿਡ ਈਬੀ ਨੇ ਬੀ.ਸੀ. ਨੌਕਰਸ਼ਾਹਾਂ ਲਈ ਇੱਕ ਪਾਰਟੀ ‘ਤੇ ਲਗਭਗ $118,000 ਖਰਚ ਕੀਤੇ ਹਨ:
ਉਹਨਾਂ ਆਪਣੇ ਬਿਆਨ ਵਿਚ ਕਿਹਾ ਹੈ ਕਿ “ਡੇਵਿਡ ਈਬੀ ਵੱਲੋਂ ਪਿਛਲੇ ਅੱਠ ਸਾਲਾਂ ਵਿੱਚ ਗਲਤ ਫੈਸਲਿਆਂ ਨਾਲ ਵਿਗਾੜੀ ਗਈ ਸੂਬੇ ਦੀ ਆਰਥਿਕਤਾ ਨੂੰ ਸਹੀ ਦਰਸਾਉਣ ਲਈ ਟੈਰਿਫ ਸੰਕਟਾਂ ਦੀ ਦੁਰਵਰਤੋਂ ਕਰ ਰਹੇ ਹਨ। ਪ੍ਰੀਮੀਅਰ ਨੇ ਚੋਣਾਂ ਵੇਲੇ ਕਿਹਾ ਸੀ ਕਿ ਉਹ ਬਦਲ ਗਏ ਹਨ ਅਤੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਉਹਨਾਂ ਨੂੰ ਦੂਜਾ ਮੌਕਾ ਦੇਣਾ ਚਾਹੀਦਾ ਹੈ – ਪਰ ਉਹਨਾਂ ਦੇ ਕੰਮ ਉਹਨਾਂ ਦੇ ਸ਼ਬਦਾਂ ਨਾਲ ਮੇਲ ਨਹੀਂ ਖਾਂਦੇ।”
“ਜਿਵੇਂ ਕਿ ਚੰਗੇ ਭਲੇ ਕੰਮ ਕਰਨ ਵਾਲੇ ਪਰਿਵਾਰਾਂ ਨੂੰ ਵੀ ਆਪਣੀਆਂ ਲੋੜਾਂ ਪੂਰੀਆਂ ਨਾ ਹੋਣ ਕਾਰਨ ਰਿਕਾਰਡ ਗਿਣਤੀ ਵਿੱਚ ਫੂਡ ਬੈਂਕਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ, ਦੂਸਰੇ ਪਾਸੇ ਈਬੀ ਲੋਕਾਂ ਦੇ ਮਿਹਨਤ ਨਾਲ ਕਮਾਏ ਟੈਕਸ ਡਾਲਰ ਜਨਤਕ ਖੇਤਰ ਦੇ ਨੌਕਰਸ਼ਾਹਾਂ ਲਈ ਮਹਿੰਗੀਆਂ ਪਾਰਟੀਆਂ ‘ਤੇ ਖਰਚ ਕਰ ਰਹੇ ਹਨ ਜਿੱਥੇ $21 ਦੀ ਕਾਕਟੇਲ ਅਤੇ $57 ਦੇ ਮਹਿੰਗੇ ਸੈਂਡਵਿਚਾਂ ਤੇ ਪੈਸਾ ਉਡਾਇਆ ਜਾ ਰਿਹਾ ਹੈ। NDP ਵੱਲੋਂ ਪਿਛਲੇ ਸਾਲਾਂ ਵਿੱਚ ਅਜਿਹੇ ਬਹੁਤ ਸਾਰੇ ਗਲਤ ਫੈਸਲੇ ਲਏ ਗਏ ਅਤੇ ਹਜ਼ਾਰਾਂ ਹੀ ਬੇਲੋੜੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਜਿੰਨਾਂ ਦੀ ਕੋਈ ਜ਼ਰੂਰਤ ਨਹੀਂ ਸੀ ਜਿਸਦੇ ਨਤੀਜੇ ਵੱਲੋਂ ਅੱਜ ਸਾਡਾ ਸੂਬਾ $11 ਬਿਲੀਅਨ ਦੇ ਰਿਕਾਰਡ ਘਾਟੇ ਵਾਲੇ ਬਜ਼ਟ ਤੇ ਆਣ ਖੜਾ ਹੈ।”