ਸਰੀ /ਵੈਨਕੂਵਰ (ਕੁਲਦੀਪ ਚੁੰਬਰ)- ਪ੍ਰਸਿੱਧ ਮਿਸ਼ਨਰੀ ਗੀਤਕਾਰ ਰੱਤੂ ਰੰਧਾਵਾ ਨੇ 2005 ਵਿੱਚ 25 ਤੋਂ ਵੱਧ ਮਿਸ਼ਨਰੀ ਗੀਤਾਂ ਨਾਲ ਸੰਗਤ ਵਿੱਚ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਮੌਕੇ ਆਪਣੀ ਭਰਵੀਂ ਹਾਜ਼ਰੀ ਲਗਵਾਈ ਹੈ । ਇਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਰੱਤੂ ਰੰਧਾਵਾ ਨੇ ਆਸਟਰੇਲੀਆ ਦੇ ਸਫ਼ਲ ਟੂਰ ਤੋਂ ਬਾਅਦ ਇੰਡੀਆ ਪੁੱਜ ਕੇ ਕਿਹਾ ਕਿ ਉਹ ਮਿਸ਼ਨ ਦੇ ਕਾਰਜਾਂ ਵਿੱਚ ਪਹਿਲਾਂ ਦੀ ਤਰ੍ਹਾਂ ਕਾਰਜਸ਼ੀਲ ਹਨ ਅਤੇ ਉਹਨਾਂ ਦੇ ਲਿਖੇ ਗੀਤਾਂ ਨੂੰ ਚੁਫ਼ੇਰਿਓਂ ਵਿਸ਼ਵ ਭਰ ਵਿੱਚ ਹੁੰਗਾਰਾ ਮਿਲਿਆ ਹੈ, ਜਿਸ ਲਈ ਉਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ । ਉਹਨਾਂ ਕਿਹਾ ਕਿ ਗਾਇਕ ਕੰਠ ਕਲੇਰ, ਕੇ ਐਸ ਮੱਖਣ, ਗੁਰਲੇਜ਼ ਅਖ਼ਤਰ ਤੋਂ ਇਲਾਵਾ ਕਰੀਬ ਦੋ ਦਰਜਨ ਗਾਇਕਾਂ ਨੇ ਉਸ ਦੇ ਲਿਖੇ ਗੀਤਾਂ ਨੂੰ ਆਪਣੀ ਖੂਬਸੂਰਤ ਆਵਾਜ਼ ਦੇ ਕੇ ਸ਼ਿੰਗਾਰਿਆ। ਪ੍ਰੇਮ ਲਤਾ ਦੇ ਗਾਏ ਗੀਤ ਦੀ ਰਿਕਾਰਡ ਤੋੜ ਸਫ਼ਲਤਾ ਲਈ ਉਸ ਨੂੰ ਵਿਸ਼ਵ ਭਰ ਤੋਂ ਸ਼ੁਭਕਾਮਨਾਵਾਂ ਮਿਲੀਆਂ । ਉਹਨਾਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਹਾਨ ਜੀਵਨ ਫਲਸਫੇ ਦੇ ਸੰਬੰਧ ਵਿੱਚ ਉਹਨਾਂ ਦੇ ਲਿਖੇ ਬੋਲਾਂ ਨੂੰ ਸੰਗਤ ਨੇ ਬਹੁਤ ਹੀ ਪਿਆਰ ਅਤੇ ਸਤਿਕਾਰ ਦੇ ਕੇ ਉਸ ਦੀ ਕਲਮ ਦਾ ਹੌਸਲਾ ਵਧਾਇਆ ਹੈ ਅਤੇ ਉਹ ਸਾਰੇ ਹੀ ਗਾਇਕ ਕਲਾਕਾਰਾਂ ਦਾ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਉਸ ਦੇ ਲਿਖੇ ਗੀਤਾਂ ਨੂੰ ਆਪਣੀ ਖੂਬਸੂਰਤ ਆਵਾਜ਼ ਦੇ ਕੇ ਸੰਗਤ ਤੱਕ ਪਹੁੰਚਾਇਆ ਹੈ ਅਤੇ ਇਸ ਬੇਗਮਪੁਰੇ ਦੇ ਮਿਸ਼ਨ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ। ਰੱਤੂ ਰੰਧਾਵਾ ਦੀ ਕਲਮ ਅੱਜ ਸਮੇਂ ਦੀ ਸਿਰਮੌਰ ਕਲਮ ਬਣ ਚੁੱਕੀ ਹੈ ਜਿਸ ਦੇ ਲਿਖੇ ਗੀਤਾਂ ਨੂੰ ਹਰ ਗਾਇਕ ਦੇ ਗਾਉਣ ਦੀ ਦਿਲੀਂ ਇੱਛਾ ਹਮੇਸ਼ਾ ਰਹਿੰਦੀ ਹੈ। ਉਹ ਇੱਕ ਬਹੁਤ ਹੀ ਸਾਦਾ ਅਤੇ ਨਿਰਲੇਪਤਾ ਭਰਿਆ ਕਲਾਕਾਰ ਹੈ, ਜੋ ਹਰ ਕਿਸੇ ਲੋੜਵੰਦ ਗਾਇਕ ਨੂੰ ਗੀਤ ਦੇ ਕੇ ਨਿਵਾਜਦਾ ਹੈ । ਅਜੋਕੇ ਪਦਾਰਥਵਾਦੀ ਯੁੱਗ ਦੀ ਉਸ ਨੂੰ ਪਾਣ ਨਹੀਂ ਚੜ੍ਹੀ, ਨਹੀਂ ਤਾਂ ਅੱਜ ਕੋਈ ਵੀ ਗੀਤਕਾਰ ਜਿਸ ਦਾ ਨਾਮ ਥੋੜਾ ਬਹੁਤਾ ਬਣ ਜਾਂਦਾ ਹੈ, ਉਹ ਆਪਣੇ ਗੀਤ ਬਦਲੇ ਸਿੱਧੇ ਤੌਰ ਤੇ ਗਾਇਕ ਕਲਾਕਾਰ ਕੋਲ ਮੋਟੇ ਪੈਸਿਆਂ ਦੀ ਹੀ ਮੰਗ ਰੱਖ ਦਿੰਦਾ ਹੈ । ਰੱਤੂ ਰੰਧਾਵਾ ਨੇ ਕਿਹਾ ਕਿ ਉਸ ਕੋਲ ਗਰਮਾ ਗਰਮ ਜਲੇਬੀਆਂ ਵਾਲਾ ਹੀ ਕੰਮ ਹੈ, ਅਗਰ ਕੋਈ ਵੀ ਗਾਇਕ ਕਲਾਕਾਰ ਉਸ ਤੋਂ ਗੀਤ ਦੀ ਮੰਗ ਕਰਦਾ ਹੈ ਤਾਂ ਉਸ ਨੂੰ ਥੋੜੇ ਸਮੇਂ ਵਿੱਚ ਹੀ ਗੀਤ ਤਿਆਰ ਕਰਕੇ ਦੇ ਦਿੰਦਾ ਹੈ । ਆਸ ਕਰਦੇ ਹਾਂ ਕਿ ਰੱਤੂ ਰੰਧਾਵਾ ਦੀ ਕਲਮ ਕੌਮ ਦੇ ਸਾਰੇ ਹੀ ਮਹਾਨ ਰਹਿਬਰਾਂ ,ਪੁਰਖਿਆਂ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ,ਬਾਣੀ ਦੇ ਮਹਾਨ ਮਾਨਵਵਾਦੀ ਫਲਸਫੇ, ਭਾਰਤ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਮਹਾਨ ਜੀਵਨ ਕਾਲ ਅਤੇ ਸਾਹਿਬ ਕਾਂਸ਼ੀ ਰਾਮ ਜੀ ਦੇ ਮਿਸ਼ਨ ਦੀ ਬਾਤ ਪਾਉਂਦੀ ਰਹੇਗੀ ।
ਰੱਤੂ ਰੰਧਾਵਾ ਦੀ ਮਿਸ਼ਨਰੀ ਕਲਮ ਨੇ 2025 ਵਿੱਚ 25 ਤੋਂ ਵੱਧ ਮਿਸ਼ਨਰੀ ਗੀਤਾਂ ਨਾਲ ਲਗਵਾਈ ਸੰਗਤ ਵਿੱਚ ਹਾਜ਼ਰੀ
