ਸਰੀ ( ਪ੍ਰਭਜੋਤ ਕਾਹਲੋਂ)- – ਸੋਮਵਾਰ ਦੀ ਆਮ ਕੌਂਸਲ ਮੀਟਿੰਗ ਦੌਰਾਨ, ਸਾਊਥ ਵੈਸਟਮਿੰਸਟਰ ਗੁਆਂਢ ਸੰਕਲਪ ਯੋਜਨਾ ਦੇ ਹਿੱਸੇ ਵਜੋਂ ਜ਼ਮੀਨ ਦੀ ਵਰਤੋਂ ਲਈ ਕੌਂਸਲ ਵੱਲੋਂ ਮਨਜ਼ੂਰੀ ਦਿੱਤੀ ਗਈ। ਇਹ ਯੋਜਨਾ ਸਕਾਟ ਰੋਡ ਸਕਾਈ ਟਰੇਨ ਸਟੇਸ਼ਨ ਨਜ਼ਦੀਕ ਟਰਾਂਜ਼ਿਟ ਵਿਲੇਜ ਦੀ ਸਥਾਪਨਾ ਦੀ ਗੱਲ ਕਰਦੀ ਹੈ, ਜਿਸ ਵਿੱਚ ਰਿਹਾਇਸ਼ੀ ਅਤੇ ਰਿਟੇਲ ਵਿਕਾਸ ਦੇ ਨਾਲ-ਨਾਲ ਰੁਜ਼ਗਾਰ ਅਤੇ ਉਦਯੋਗਿਕ ਵਰਤੋਂ ਲਈ ਨਿਰਧਾਰਿਤ ਖੇਤਰ ਸ਼ਾਮਲ ਹਨ। ਸਿਟੀ ਸਟਾਫ਼ ਇੱਥੇ ਇੱਕ ਨਵਾਂ ਸੰਭਾਵੀ ਵਾਟਰਫ਼ਰੰਟ ਜ਼ਿਲ੍ਹਾ ਬਣਾਉਣ ਲਈ ਅਧਿਐਨ ਸ਼ੁਰੂ ਕਰੇਗਾ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਦੱਖਣ ਵੈਸਟਮਿੰਸਟਰ ਦੀ ਯੋਜਨਾ ਅਜਿਹੀ ਥਾਂ ਬਣਾਉਣ ‘ਤੇ ਕੇਂਦਰਿਤ ਹੈ, ਜਿੱਥੇ ਵਸਨੀਕ ਆਪਣੇ ਗੁਆਂਢ ਵਿੱਚ ਰਹਿ ਸਕਣ, ਕੰਮ ਕਰ ਸਕਣ ਅਤੇ ਮਨੋਰੰਜਨ ਲਈ ਸਮਾਂ ਬਿਤਾ ਸਕਣ”। “ਇਸ ਯੋਜਨਾ ਦੇ ਮੁੱਖ ਹਿੱਸੇ ‘ਚ ਇੱਕ ਟਰਾਂਜ਼ਿਟ ਵਿਲੇਜ ਦੀ ਸਥਾਪਨਾ ਸ਼ਾਮਲ ਹੈ, ਜੋ ਭਾਈਚਾਰੇ ਲਈ ਤੇਜ਼ ਅਤੇ ਭਰੋਸੇਯੋਗ ਰੈਪਿਡ ਟਰਾਂਜ਼ਿਟ ਸੇਵਾਵਾਂ ਪ੍ਰਦਾਨ ਕਰੇਗਾ। ਇਸਦੇ ਨਾਲ ਹੀ, ਇੱਕ ਵਾਟਰਫ਼ਰੰਟ ਗੇਟਵੇਅ ਬਣਾਉਣ ਦੀ ਯੋਜਨਾ ਹੈ, ਜੋ ਕਿ ਸਰੀ ਵਿੱਚ ਪ੍ਰਵੇਸ਼ ਕਰਨ ਵਾਲਿਆਂ ਲਈ ਇੱਕ ਯਾਦਗਾਰ ਸਥਾਨ ਬਣੇਗਾ। ਮੈਂ ਭਾਈਚਾਰੇ ਦਾ ਕੀਮਤੀ ਫੀਡਬੈਕ ਦੇਣ ਲਈ ਅਤੇ ਸਟਾਫ਼ ਦਾ ਇਸ ਨਵੀਨਤਮ ਯੋਜਨਾ ਤਿਆਰ ਕਰਨ ਲਈ ਧੰਨਵਾਦ ਕਰਦੀ ਹਾਂ।”ਸੋਮਵਾਰ ਨੂੰ ਕੌਂਸਲ ਸਾਹਮਣੇ ਪੇਸ਼ ਕੀਤੀ ਗਈ ਰਿਪੋਰਟ ਮੁਤਾਬਿਕ, ਯੋਜਨਾ ਵਿੱਚ ਇਲਾਕੇ ਦੀਆਂ ਨਵੀਨੀਕਰਨ ਲੋੜਾਂ ਅਤੇ NCP ਲਈ ਤਿੰਨ ਉਪ-ਖੇਤਰਾਂ ਦੀ ਪਛਾਣ ਕੀਤੀ ਗਈ । ਇਹ ਤਿੰਨ ਉਪ-ਖੇਤਰ ਹਨ:
- ਦੱਖਣ ਵੈਸਟਮਿੰਸਟਰ ਸਟੇਜ -2 ਜ਼ਮੀਨੀ ਉਪਯੋਗ ਏਰੀਆ
- ਟਰਾਂਜ਼ਿਟ ਵਿਲੇਜ ਸਟੱਡੀ ਏਰੀਆ (ਸਟੇਜ 1 ਜ਼ਮੀਨੀ ਉਪਯੋਗ ਮਨਜ਼ੂਰੀ ਪ੍ਰਾਪਤ)
- ਵਾਟਰਫ਼ਰੰਟ ਡਿਸਟ੍ਰਿਕਟ ਅਧਿਐਨ ਖੇਤਰ
ਵਾਟਰਫ਼ਰੰਟ ਜ਼ਿਲ੍ਹਾ ਅਤੇ ਟਰਾਂਜ਼ਿਟ ਵਿਲੇਜ ਉੱਤੇ ਹੋਰ ਅਧਿਐਨ ਕੀਤਾ ਜਾਵੇਗਾ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿਕਾਸ ਮਾਰਕਿਟ – ਅਨੁਕੂਲ ਹੋਵੇ ਅਤੇ ਭਵਿੱਖ ਲਈ ਸਥਾਈ ਸੇਵਾਵਾਂ ਦੀ ਯੋਜਨਾ ਬਣਾਈ ਜਾਵੇ। ਇਸ ਦੌਰਾਨ, ਮੁੱਖ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ ਅਤੇ ਨਵੇਂ ਮੌਕਿਆਂ ਦੀ ਪੜਚੋਲ ਕੀਤੀ ਜਾਵੇਗੀ। ਸਟਾਫ਼ ਜ਼ਰੂਰੀ ਕਾਰਵਾਈ ਕਰੇਗਾ ਅਤੇ ਕੌਂਸਲ ਨੂੰ ਟਰਾਂਜ਼ਿਟ ਵਿਲੇਜ ਅਤੇ ਵਾਟਰਫ਼ਰੰਟ ਜ਼ਿਲ੍ਹੇ ਲਈ ਅੱਪਡੇਟ ਪ੍ਰਦਾਨ ਕਰਨਗੇ।
2003 ਵਿੱਚ ਮਨਜ਼ੂਰ ਕੀਤੀ ਗਈ, ਦੱਖਣ ਵੈਸਟਮਿੰਸਟਰ ਐਨਸੀਪੀ ਵਿੱਚ ਮਹੱਤਵਪੂਰਨ ਤਬਦੀਲੀਆਂ ਹੋਈਆਂ ਹਨ, ਜਿਸ ਵਿੱਚ ਵਿਲੱਖਣ ਸੜਕ ਨੈੱਟਵਰਕ ਨੂੰ ਲਾਗੂ ਕਰਨਾ, ਪੋਰਟ ਤੱਕ ਪਹੁੰਚ ਅਤੇ ਵਿਕਾਸ ਲਈ ਘੱਟੋ-ਘੱਟ ਘਣਤਾ ਦੀ ਪੜਚੋਲ ਕਰਨਾ ਸ਼ਾਮਲ ਹੈ। 2022 ਵਿੱਚ, ਕੌਂਸਲ ਨੇ ਇਲਾਕੇ ਵਿੱਚ ਚੱਲ ਰਹੀਆਂ ਤਬਦੀਲੀਆਂ ਨੂੰ ਦਰਸਾਉਣ ਲਈ ਯੋਜਨਾ ਨੂੰ ਅੱਪਡੇਟ ਕਰਨ ਲਈ ਸਟਾਫ਼ ਨੂੰ ਅਧਿਕਾਰਤ ਕੀਤਾ ਸੀ। ਉਦੋਂ ਤੋਂ, ਸਟਾਫ਼ ਨੇ ਵਸਨੀਕਾਂ, ਕਾਰੋਬਾਰੀ ਮਾਲਕਾਂ ਅਤੇ ਡਿਵੈਲਪਰਾਂ ਤੋਂ ਫੀਡਬੈਕ ਮੰਗਣ ਲਈ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਪਤਝੜ 2024 ਮੁਹਿੰਮ, ਵਿੱਚ 476 ਲੋਕਾਂ ਨੇ ਖਰੜਾ ਯੋਜਨਾ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਇਹ ਇਨਪੁੱਟਸ ਦੱਖਣ ਵੈਸਟਮਿੰਸਟਰ ਦੇ ਭਵਿੱਖ ਨੂੰ ਸੁਧਾਰਨ ਵਿੱਚ ਮੱਦਦ ਕਰੇਗਾ।