ਸਰੀ ( ਪ੍ਰਭਜੋਤ ਕਾਹਲੋਂ)-– ਸਰੀ ਸ਼ਹਿਰ ਨੂੰ ਆਪਣੀ 2025 ਦੀਆਂ ਸੱਭਿਆਚਾਰਕ ਗਰਾਂਟ ਦੀ ਵੰਡ ਦਾ ਐਲਾਨ ਕਰਦਿਆਂ ਖ਼ੁਸ਼ੀ ਹੋ ਰਹੀ ਹੈ। ਇਸ ਸਾਲ, ਸਿਟੀ ਕੌਂਸਲ ਨੇ ਸਰੀ ਵਿੱਚ ਹੋਣ ਵਾਲੀਆਂ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਦਾ ਸਮਰਥਨ ਕਰਨ ਲਈ 94 ਕਲਾ, ਸੱਭਿਆਚਾਰ ਅਤੇ ਵਿਰਾਸਤੀ ਸੰਸਥਾਵਾਂ ਨੂੰ 617,125 ਡਾਲਰ ਦੀ ਗਰਾਂਟ ਦਿੱਤੀ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ ਕਿ, “ਸਰੀ ਦੀ ਕਲਾ, ਸੱਭਿਆਚਾਰ ਅਤੇ ਵਿਰਾਸਤੀ ਸਮੂਹਾਂ ਦਾ ਸਮਰਥਨ ਕਰਨਾ ਜ਼ਰੂਰੀ ਹੈ”। “ਇਹ ਗ੍ਰਾਂਟਾਂ ਸਾਡੇ ਵਿਭਿੰਨ ਸੱਭਿਆਚਾਰਕ ਪਹਿਚਾਣ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਵਸਨੀਕਾਂ ਨੂੰ ਮਹੱਤਵਪੂਰਨ ਅਤੇ ਯਾਦਗਾਰੀ ਤਜਰਬੇ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਹ ਸਭਿਆਚਾਰਕ ਗਰਾਂਟ ਫੰਡਿੰਗ ਸਥਾਨਕ ਸੰਸਥਾਵਾਂ ਨੂੰ ਸ਼ਹਿਰ ਭਰ ਵਿੱਚ ਬਹੁਤ ਸਾਰੇ ਪ੍ਰੋਗਰਾਮਾਂ ਅਤੇ ਸਮਾਗਮਾਂ ਦਾ ਆਯੋਜਨ ਅਤੇ ਮੇਜ਼ਬਾਨੀ ਕਰਨ ਵਿੱਚ ਸਹਾਇਤਾ ਕਰਦੀ ਹੈ” ।
ਸੱਭਿਆਚਾਰਕ ਗਰਾਂਟ ਪ੍ਰੋਗਰਾਮ, ਕਲਾਤਮਕ ਅਤੇ ਵਿਰਾਸਤੀ ਉਪਰਾਲਿਆਂ ਦੀ ਇੱਕ ਵਿਸ਼ਾਲ ਲੜੀ ਦਾ ਸਮਰਥਨ ਕਰਦਾ ਹੈ, ਜੋ ਨਵੀਆਂ ਕਲਾਵਾਂ ਨੂੰ ਜਨਮ ਦਿੰਦੇ ਹਨ, ਸੱਭਿਆਚਾਰਕ ਵਿਰਾਸਤ ਦਾ ਜਸ਼ਨ ਮਨਾਉਂਦੇ ਹਨ, ਅਤੇ ਭਾਈਚਾਰਿਆਂ ਨੂੰ ਆਪਸ ਵਿੱਚ ਜੋੜਦੇ ਹਨ। ਇਹ ਪ੍ਰੋਗਰਾਮ ਨਿਵਾਸੀਆਂ ਦੀ ਜੀਵਨ ਗੁਣਵੱਤਾ ਨੂੰ ਉੱਚਾ ਚੁੱਕਣ ਵਿੱਚ ਯੋਗਦਾਨ ਪਾਉਂਦਾ ਹੈ ਅਤੇ ਕਲਾ ਅਤੇ ਵਿਰਾਸਤ ਨਾਲ ਜੁੜੀਆਂ ਸੰਸਥਾਵਾਂ, ਪ੍ਰੋਗਰਾਮਾਂ, ਸਮਾਗਮਾਂ ਅਤੇ ਗਤੀਵਿਧੀਆਂ ਦੀ ਸਮਰੱਥਾ ਨੂੰ ਮਜ਼ਬੂਤ ਕਰਦਾ ਹੈ।
ਤਿੰਨ ਵੱਖ-ਵੱਖ ਗਰਾਂਟ ਸ਼੍ਰੇਣੀਆਂ
- ਸੱਭਿਆਚਾਰਕ ਉਤਸਵ (Cultural Celebrations)
- ਪਰੋਜੈਕਟ ਗਰਾਂਟ (Project Grants)
- ਓਪਰੇਟਿੰਗ ਗਰਾਂਟ (Operating Grants)
2024 ਵਿੱਚ, ਸ਼ਹਿਰ ਨੇ 87 ਸਥਾਨਕ ਸੰਸਥਾਵਾਂ ਨੂੰ $648,955 ਦੀ ਰਕਮ ਦਿੱਤੀ। ਫੰਡਿੰਗ ਕਈ ਸੱਭਿਆਚਾਰਕ ਵੰਨਗੀਆਂ ਦੀ ਮੱਦਦ ਕਰਦੀ ਹੈ, ਜਿਸ ਵਿੱਚ ਸੰਗੀਤ, ਨਾਚ, ਥੀਏਟਰ, ਵੀਜ਼ੂਅਲ ਆਰਟਸ, ਤਿਉਹਾਰ ਅਤੇ ਸਮਾਗਮ ਆਦਿ ਸ਼ਾਮਲ ਹਨ।
ਅਰਜ਼ੀ ਪ੍ਰਕਿਰਿਆ ਹੋਈ ਹੋਰ ਸਰਲ
ਇਸ ਸਾਲ, ਸ਼ਹਿਰ ਨੇ ਅਰਜ਼ੀ ਪ੍ਰਕਿਰਿਆ ਨੂੰ ਹੋਰ ਆਸਾਨ ਅਤੇ ਪ੍ਰਭਾਵਸ਼ਾਲੀ ਬਣਾਇਆ ਹੈ। ਸੌਖੇ ਕੀਤੇ ਗਏ ਆਨਲਾਈਨ ਫਾਰਮ, ਅਰਜ਼ੀਆਂ ਦੀ ਜਾਂਚ ਦੀ ਪ੍ਰਕਿਰਿਆ ਨੂੰ ਤੇਜ਼ ਅਤੇ ਆਸਾਨ ਬਣਾਉਂਦੇ ਹਨ। ਇਸ ਤੋਂ ਇਲਾਵਾ, ਸਿਟੀ ਸਟਾਫ਼ ਅਰਜ਼ੀ ਦਾਖਲ ਕਰਨ ਦੀ ਪ੍ਰਕਿਰਿਆ ਬਾਰੇ ਸਮਝ ਵਧਾਉਣ ਲਈ ਜਾਣਕਾਰੀ ਸੈਸ਼ਨ ਵੀ ਲਾ ਰਹੇ ਹਨ।
2013 ਤੋਂ ਹੁਣ ਤੱਕ 850 ਤੋਂ ਵੱਧ ਗ੍ਰਾਂਟਾਂ ਜਾਰੀ
2013 ਤੋਂ ਹੁਣ ਤੱਕ, ਸਰੀ ਸ਼ਹਿਰ ਦੇ ਸੱਭਿਆਚਾਰਕ ਗਰਾਂਟ ਪ੍ਰੋਗਰਾਮ ਨੇ 850 ਤੋਂ ਵੱਧ ਗ੍ਰਾਂਟਾਂ ਜਾਰੀ ਕੀਤੀਆਂ ਹਨ। ਇਹ ਗ੍ਰਾਂਟਾਂ ਸਥਾਨਕ ਉਨ੍ਹਾਂ ਸੰਸਥਾਵਾਂ ਨੂੰ ਦਿੱਤੀਆਂ ਜਾਂਦੀਆਂ ਹਨ, ਜੋ ਭਾਈਚਾਰੇ-ਆਧਾਰਿਤ ਕਲਾ ਉਪਰਾਲਿਆਂ ਲਈ ਲਗਾਤਾਰ ਅਤੇ ਮਹੱਤਵਪੂਰਨ ਪ੍ਰੋਗਰਾਮ ਪ੍ਰਦਾਨ ਕਰਦੀਆਂ ਹਨ। ਇਹ ਸੰਸਥਾਵਾਂ ਸਰੀ ਦੀ ਸੱਭਿਆਚਾਰਕ ਦਿੱਖ ਨੂੰ ਹੋਰ ਵਿਕਸਤ ਕਰਨ ਵਿੱਚ ਅਗਵਾਈ ਕਰ ਰਹੀਆਂ ਹਨ।
ਹੋਰ ਜਾਣਕਾਰੀ ਲਈ, surrey.ca/culturalgrants ‘ਤੇ ਜਾਓ।