ਵੈਨਕੂਵਰ, 14 ਮਾਰਚ ( ਸੰਦੀਪ ਸਿੰਘ ਧੰਜੂ)-
ਕੈਨੇਡਾ ਦੇ ਨਵੇ ਬਣੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਮੰਤਰੀ ਮੰਡਲ ਵਿੱਚ ਫੇਰਬਦਲ ਕਰਦਿਆਂ ਕਿਊਬਿਕ ਤੋਂ ਮੈਂਬਰ ਪਾਰਲੀਮੈਂਟ ਰੇਚਲ ਬੈਨਡਾਇਨ ਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦਾ ਅਹੁਦਾ ਸੌਂਪਿਆ ਹੈ। ਉਹ ਜਸਟਿਨ ਟਰੂਡੋ ਦੇ ਸਮੇਂ ਬਣੇ ਮੰਤਰੀ ਮਾਰਕ ਮਿਲਰ ਦੀ ਥਾਂ ਲੈਣਗੇ । ਕਿਊਬਿਕ ਸੂਬੇ ਦੀ ਕਿਊਟਰੇਮੌਂਟ ਸੀਟ ਤੋਂ ਐੱਮ ਪੀ ਬਣੇ ਰੇਚਲ ਇਸ ਤੋਂ ਪਹਿਲਾਂ ਡਿਪਟੀ ਪ੍ਰਧਾਨ ਮੰਤਰੀ, ਵਿੱਤ ਮੰਤਰੀ, ਸੈਰ-ਸਪਾਟਾ ਮੰਤਰੀ, ਪਾਰਲੀਮੈਂਟ ਸੈਕਟਰੀ ਅਤੇ ਹੋਰ ਕਈ ਅਹੁਦਿਆਂ ਤੇ ਰਹਿ ਕੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ । 44 ਸਾਲਾ ਰੇਚਲ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਵਕਾਲਤ ਵੀ ਕਰ ਚੁੱਕੇ ਹਨ । ਦੱਸਣਯੋਗ ਹੈ ਕਿ ਇਸੇ ਸਾਲ ਹੋਣ ਵਾਲੀਆਂ ਫੈਡਰਲ ਚੋਣਾਂ ਦੇ ਮੱਦੇਨਜ਼ਰ ਉਹਨਾਂ ਲਈ ਇਹ ਕਾਰਜਭਾਰ ਚੁਣੌਤੀਆਂ ਭਰਿਆ ਹੋਵੇਗਾ ਕਿਉਂਕਿ ਇਨਾਂ ਚੋਣਾਂ ਵਿੱਚ ਇਮੀਗ੍ਰੇਸ਼ਨ ਇਕ ਬਹੁਤ ਵੱਡਾ ਮੁੱਦਾ ਬਣ ਕੇ ਸਾਹਮਣੇ ਆ ਰਿਹਾ ਹੈ ਜਿਸ ਕਾਰਨ ਨਵੀਂ ਇਮੀਗ੍ਰੇਸ਼ਨ ਮੰਤਰੀ ਨੂੰ ਮਹੱਤਵਪੂਰਨ ਫੈਸਲੇ ਲੈਣੇ ਪੈਣਗੇ।