Headlines

ਉੱਘੇ ਵਕੀਲ ਰਾਜਬੀਰ ਢਿੱਲੋਂ ਬਣੇ ਸਰੀ ਸੈਂਟਰ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੇ ਅਧਿਕਾਰਿਤ ਉਮੀਦਵਾਰ

ਸਰੀ ( ਨਵਰੂਪ ਸਿੰਘ, ਹਰਦਮ ਮਾਨ )-ਸਰੀ ਦੇ ਉੱਘੇ ਵਕੀਲ ਰਾਜਬੀਰ ਢਿੱਲੋਂ ਵੱਲੋਂ ਨਾਮਜ਼ਦਗੀ ਚੋਣਾਂ ਵਿਚ ਜੇਤੂ ਰਹਿਣ ਉਪਰੰਤ ਸਰੀ ਸੈਂਟਰ ਹਲਕੇ ਤੋਂ ਪਾਰਟੀ ਦੇ ਅਧਿਕਾਰਤ ਉਮੀਦਵਾਰ ਐਲਾਨ ਦਿੱਤੇ ਗਏ ਹਨ। ਉਨ੍ਹਾਂ ਨੂੰ ਇੱਕ ਵਕੀਲ ਵਜੋਂ 12 ਸਾਲ ਤੋਂ ਵੀ ਵਧ ਦਾ ਤਜਰਬਾ ਹਾਸਿਲ ਹੈ। ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਰਾਏਕੋਟ ਦੇ ਪਿੰਡ ਝੋਰੜਾਂ ਦੇ ਜੰਮਪਲ ਰਾਜਬੀਰ ਨੇ ਬੀ.ਏ, ਐਲ.ਐਲ.ਬੀ ਅਤੇ ਪੀ.ਜੀ ਡਿਪਲੋਮਾ ਇਨ ਕਰਿਮਨਾਲੋਜੀ ਅਤੇ ਫੋਰੈਂਸਿਕ ਸਾਇੰਸ ਦੀ ਵਿੱਦਿਆ ਹਾਸਿਲ ਕੀਤੀ ਹੋਈ ਹੈ। ਕੈਨੇਡਾ ਨੂੰ ਆਪਣੀ ਕਰਮ ਭੂਮੀ ਬਣਾਉਣ ਉਪਰੰਤ ਉਨ੍ਹਾਂ ਨੇ ਯੂਨੀਰਸਿਟੀ ਆਫ਼ ਟੋਰਾਂਟੋ ਤੋਂ ਆਪਣੀ ਐਜੂਕੇਸ਼ਨ ਅਪਗਰੇਡ ਕੀਤੀ ਅਤੇ ਪਿਛਲੇ 12 ਸਾਲ ਤੋਂ ਸਰੀ ਵਿਚ ਇੱਕ ਸਫਲ ਵਕੀਲ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।
ਰਾਜਬੀਰ ਦਾ ਮੰਨਣਾ ਹੈ ਕਿ ਹਰ ਵਿਅਕਤੀ ਦੀ ਇਹ ਸਮਾਜਿਕ ਜ਼ਿੰਮੇਵਾਰੀ ਹੈ ਕਿ ਉਹ ਨਾ ਸਿਰਫ਼ ਚੋਣ ਪ੍ਰਕਿਰਿਆ ਵਿਚ ਹਿੱਸਾ ਲਵੇ ਬਲਕਿ ਸੰਭਵ ਹੋਵੇ ਤਾਂ ਰਾਜਨੀਤੀ  ਵਿਚ ਹਿੱਸਾ ਲੈ ਕੇ ਸਮਾਜ ਦੀ ਬਿਹਤਰੀ ਵਿਚ ਆਪਣਾ ਯੋਗਦਾਨ ਪਾਵੇ। ਇੱਥੋਂ ਦੇ ਭਾਈਚਾਰੇ ਨੇ ਮੈਨੂੰ ਬਹੁਤ ਮਾਣ-ਸਨਮਾਨ ਦਿੱਤਾ ਹੈ ਅਤੇ ਮੈਂ ਆਪਣਾ ਫ਼ਰਜ਼ ਸਮਝਦੇ ਹੋਏ ਰਾਜਨੀਤੀ ਵਿਚ ਆਉਣ ਦਾ ਫ਼ੈਸਲਾ ਕੀਤਾ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਹੀ ਢੰਗ ਨਾਲ ਪਾਰਲੀਮੈਂਟ ਵਿਚ ਪੇਸ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੈਨੂੰ ਪੂਰੀ ਆਸ ਹੈ ਕਿ ਇੱਕ ਵਕੀਲ ਵਜੋਂ ਮੇਰਾ ਤਜਰਬਾ, ਲੋਕ ਮੁੱਦਿਆਂ ਦੀ ਪਾਰਲੀਮੈਂਟ ਵਿਚ ਸਹੀ ਢੰਗ ਨਾਲ ਤਰਜ਼ਮਾਨੀ ਕਰਨ ਵਿਚ ਸਹਾਈ ਹੋਵੇਗਾ।
ਉਨ੍ਹਾਂ ਨੇ ਨਾਮਜ਼ਦਗੀ ਮੁਹਿੰਮ ਦੌਰਾਨ ਅਣਥੱਕ ਮਿਹਨਤ ਕਰਨ ਵਾਲੇ ਆਪਣੇ ਸਮਰਥਕਾਂ, ਵਲੰਟੀਅਰਾਂ ਅਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਈਚਾਰੇ ਦਾ ਹੁੰਗਾਰਾ ਬਹੁਤ ਹੀ ਵਧੀਆਂ ਅਤੇ ਉਤਸ਼ਾਹਜਨਕ ਹੈ। ਉਹ ਸਾਰੇ ਪਾਰਟੀ ਵਰਕਰਾਂ ਅਤੇ ਉਮੀਦਵਾਰੀ ਦੇ ਸਾਰੇ ਦਾਅਵੇਦਾਰਾਂ ਦੀ ਬਹੁਤ ਇੱਜ਼ਤ ਕਰਦੇ ਹਨ ਅਤੇ ਉਨ੍ਹਾਂ ਨੂੰ ਪੂਰੇ ਮਾਣ-ਸਨਮਾਨ ਸਮੇਤ ਨਾਲ ਲੈ ਕੇ ਚੱਲਣਗੇ।
ਰਾਜਬੀਰ ਢਿੱਲੋਂ ਦੇ ਪਾਰਟੀ ਉਮੀਦਵਾਰ ਬਣਨ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਜਸਦੀਪ ਸਿੱਧੂ, ਰਿੱਕੀ ਬਾਜਵਾ, ਸੰਦੀਪ ਤੂਰ, ਇਕਬਾਲ ਸੰਧੂ, ਜਗਦੀਪ ਸੰਧੂ, ਬੂਟਾ ਬਰਾੜ, ਜਸਪਾਲ ਥਿੰਦ, ਜੱਗੀ ਜੌਹਲ, ਅਮਰੀਕਾ ਸਿੱਧੂ, ਕੰਵਲਦੀਪ ਸਿੰਘ ਮਾਨ, ਰਾਜਬੀਰ ਬਾਜਵਾ ਆਦਿ  ਨੇ ਕਿਹਾ ਕਿ ਰਾਜਬੀਰ ਢਿੱਲੋਂ ਇੱਕ ਪੜੇ-ਲਿਖੇ, ਸੰਵੇਦਨਸ਼ੀਲ ਅਤੇ ਨਿਮਰ ਸੁਭਾਅ ਦੇ ਨਾਲ-ਨਾਲ ਇੱਕ ਮਾਹਿਰ ਵਕੀਲ ਹੋਣ ਕਾਰਨ ਬਹੁਤ ਸਾਰਾ ਤਜਰਬਾ ਵੀ ਰੱਖਦੇ ਹਨ। ਜੇਕਰ ਉਹ ਪਾਰਲੀਮੈਂਟ ਚੋਣਾਂ ਵਿਚ ਜੇਤੂ ਹੁੰਦੇ ਹਨ ਤਾਂ ਉਨ੍ਹਾਂ ਦਾ ਤਜਰਬਾ ਸਮਾਜ ਅਤੇ ਭਾਈਚਾਰੇ ਦੀ ਬਿਹਤਰੀ ਲਈ ਲਾਹੇਵੰਦ ਹੋਵੇਗਾ।

Leave a Reply

Your email address will not be published. Required fields are marked *