Headlines

ਆਖਿਰ ਟੈਰਿਫ ਨੀਤੀ ਤੋਂ ਕੀ ਹਾਸਲ ਕਰਨਾ ਚਾਹੁੰਦੇ ਹਨ ਡੋਨਾਲਡ ਟਰੰਪ ?

ਕੀ ਵਿਸ਼ਵ ਵਪਾਰ ਦਾ ਨਵਾਂ ਦੌਰ ਲੈ ਕਿ ਆਵੇਗੀ ਟਰੰਪ ਦੀ ਟੈਰਿਫ ਨੀਤੀ ?
ਅਮਰੀਕਾ ਦੇ ਖਜ਼ਾਨੇ ਦਾ 1.83 ਟਰਿਲੀਅਨ ਦਾ ਘਾਟਾ ਹੈ ਅਸਲ ਵਜ੍ਹਾ ?
ਟੋਰਾਂਟੋ-(ਗੁਰਮੁੱਖ ਸਿੰਘ ਬਾਰੀਆ) – ਅਮਰੀਕਨ ਲੋਕਾਂ ਦੇ ਵੱਡੇ ਫਤਵੇ ਨਾਲ ਜਿੱਤ ਕਿ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ ਦੀ ਆਪਣੇ ਪੁਰਾਣੇ ਭਾਈਵਾਲਾਂ ਸਮੇਤ ਦੁਨੀਆਂ ਭਰ ਲਈ ਇੱਕ ਹਮਲਾਵਰ ਅਤੇ ਦਬਾਅਕਾਰੀ ਆਰਥਿਕ ਨੀਤੀ ਅੱਜ ਸਮੁੱਚੇ ਵਿਸ਼ਵ ‘ਚ ਮੁੱਖ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਅਮਰੀਕਨ ਰਾਸ਼ਟਰਪਤੀ ਅੱਜ ਬਿਨਾਂ ਕਿਸੇ ਸੰਗ-ਲਿਹਾਜ਼ ਤੋਂ ਗਰੀਨਲੈੰਡ,  ਪਨਾਮਾ ਕਨਾਲ , ਗਾਜ਼ਾ ਅਤੇ ਕੈਨੇਡਾ ਵਰਗੇ ਮਿੱਤਰ ਅਤੇ ਪ੍ਰਭੂਸੱਤਾ ਸੰਪਨ ਦੇਸ਼ ਨੂੰ ਹਥਿਆਉਣ ਦੀਆਂ ਗੱਲਾਂ ਕਿਉੰ ਕਰ ਰਹੇ ਹਨ , ਇਹ ਸਵਾਲ ਅੱਜ ਵਿਸ਼ਵ ਭਰ ਦੇ ਅਮਰੀਕਨ ਭਾਈਵਾਲਾਂ ਸਮੇਤ ਹੋਰ ਦੇਸ਼ਾਂ ਸਾਹਮਣੇ ਇੱਕ ਬੁਝਾਰਤ ਬਣਿਆਂ ਖੜਾ ਹੈ । ਇਹ ਵੀ ਵੱਡਾ ਸਵਾਲ ਹੈ ਕਿ ਅਖੀਰ ਉਹ ਇਸ ਅਣਕਿਆਸੀ ਟੈਰਿਫ ਜੰਗ ਤੋਂ ਹਾਸਲ ਕੀ ਕਰਨਾਂ ਚਾਹੁੰਦੇ ਹਨ ।
ਦਰਅਸਲ ਜੇ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣੇ ਹੋਣ ਤਾਂ ਸਾਨੂੰ ਇਸ ਵਕਤ ਅਮਰੀਕਾ ਦੀ ਵਿਸ਼ਵ ਅਰਥ ਵਿਵਸਥਾ ਤੋਂ ਟੁੱਟ ਰਹੀ ਪਕੜ ਅਤੇ ਅਮਰੀਕਾ ਦੇ ਅੰਦਰੂਨੀ ਆਰਥਿਕ ਹਾਲਾਤਾਂ ਨੂੰ ਸਮਝਣਾ ਪਵੇਗਾ ।
ਦੁਨੀਆਂ ਭਰ ‘ਚ ਨਿਰਮਾਣ ਅਤੇ ਤਕਨਾਲੋਜੀ ‘ਚ ਚੀਨ ਦਾ ਦਬਦਬਾ ਲਗਾਤਾਰ ਵੱਧ ਰਿਹਾ ਹੈ । ਪਿੱਛਲੇ ਤਿੰਨ ਦਹਾਕਿਆਂ ਤੋਂ ਅਮਰੀਕਾ ਸਮੇਤ ਅਮਰੀਕਾ ਦੀਆਂ ਆਪਣੀਆਂ ਵੱਡੀਆਂ ਕੰਪਨੀਆਂ ਚੀਨ ਦੀਆਂ ਕਰਜਾਈ ਹਨ । ਦੁਨੀਆਂ ਦੀ ਇੱਕ ਵੱਡੀ ਮਹਾਂਮਾਰੀ “ਕਰੋਨਾ” , ਜਿਸ ਲਈ ਚੀਨ ਨੂੰ ਪੱਛਮੀ ਦੇਸ਼ਾਂ ਵੱਲੋਂ ਜਿੰਮੇਵਾਰ ਤਾਂ ਠਹਿਰਾਇਆ ਗਿਆ ਪਰ ਸਾਰਾ ਜੋੜ-ਤੋੜ ਲਾਉਣ ਦੇ ਬਾਵਜੂਦ ਪੱਛਮੀ ਦੇਸ਼ ਚੀਨ ਦਾ ਆਰਥਿਕ ਬਾਈਕਾਟ ਨਹੀਂ ਕਰ ਸਕੇ, ਇਸਦਾ ਇੱਕ-ਇੱਕ ਕਾਰਨ ਚੀਨ ਦਾ ਵਿਸ਼ਵ ਦੀ ਮਾਰਕੀਟ ‘ਚ ਫੈਲਾਅ ਦਾ ਹੋਣਾ ਹੈ ਜਿਸਦਾ ਪੱਛਮੀ ਦੇਸ਼ਾਂ ਕੋਲ ਫਿਲਹਾਲ ਕੋਈ ਬਦਲ ਨਹੀਂ ਹੈ । ਅਮਰੀਕਾ ਦਾ ਦਬ-ਦਬਾ ਕਮਜ਼ੋਰ ਪੈਂਦਾ ਨਜ਼ਰ ਆ ਰਿਹਾ ਹੈ । ਕਈ ਵਿਕਾਸਸ਼ੀਲ ਦੇਸ਼ ਰੂਸ ਅਤੇ ਚੀਨ ਦੇ ਝੰਡੇ ਹੇਠ ਵਪਾਰਕ ਸਮੂਹ (ਬਰਿੱਕ) ਦੇ ਵਿਸਥਾਰ ਲਈ ਇਕੱਠੇ ਹੋ ਰਹੇ ਹਨ , ਜਿਸ ਨਾਲ ਅਮਰੀਕਾ ਦੀ ਕਰੰਸੀ ਡਾਲਰ ਨੂੰ ਵਪਾਰਕ ਮੰਡੀ ‘ਚ ਜੋ ਖਦਸ਼ਾ ਪੈਦਾ ਹੋਇਆ ਹੈ , ਉਸ ਤੋਂ ਅਮਰੀਕਾ ਅਸ਼ਾਂਤ ਹੋ ਗਿਆ ਹੈ । ਦਬਾਊ ਨੀਤੀ ਵੱਲ ਅਮਰੀਕਾ ਦਾ ਰੁਝਾਨ ਬਣਦਾ ਜਾ ਰਿਹਾ ਹੈ ।
ਰਹੀ ਗੱਲ ਅਮਰੀਕਾ ਦੇ ਅੰਦਰੂਨੀ ਹਾਲਾਤ ਦੀ, ਅਮਰੀਕਾ ਖਜਾਨਾ ਇਸ ਵਕਤ 1.83 ਟਰਿਲੀਅਨ ਖੱਪੇ ਦਾ ਸ਼ਿਕਾਰ ਹੈ , ਬੇਰੁਜ਼ਗਾਰੀ ਵੱਧ ਜਾਣ ਕਾਰਨ ਅਮਰੀਕਨ ਲੋਕ ਬੇਚੈਨ ਹੋਣ ਲੱਗੇ ਹਨ ਅਤੇ ਇਸਦਾ ਵੱਡਾ ਕਾਰਨ ਇਮੀਗਰੇਸ਼ਨ  ਵੱਧਣ ਨੂੰ ਮੰਨ ਰਹੇ ਹਨ । ਅਮਰੀਕਨ ਲੋਕਾਂ ਨੂੰ ਖੁਸ਼ ਕਰਨ ਲਈ ਪ੍ਰਵਾਸੀਆਂ (ਗੈਰ-ਕਨੂੰਨੀ ਅਤੇ ਕਈ ਗੈਰ ਕਨੂੰਨੀ ਵੀ ) ਨੂੰ ਦੇਸ਼ ‘ਚੋਂ ਬੁਰਾ ਵਿਉਹਾਰ ਕਰਕੇ ਕੱਢਣ ਨੂੰ ਵਧਾ ਚੜ੍ਹਾ ਕਿ ਮੀਡੀਆ ‘ਚ ਦੱਸਿਆ ਜਾ ਰਿਹਾ ਹੈ ।
ਡੋਨਾਲਡ ਟਰੰਪ ਦੀ ਟੈਰਿਫ ਨੀਤੀ ਕੈਨੇਡਾ ਜਾਂ ਕਿਸੇ ਹੋਰ ਇੱਕ ਮੁਲਖ ਖਿਲਾਫ ਨਹੀਂ , ਬਲ ਕਿ ਆਉਣ ਵਾਲੇ ਸਮੇਂ ‘ਚ ਵਿਸ਼ਵ ਭਰ ਦੇਸ਼ਾਂ ਲਈ ਹੋਵੇਗਾ , ਜਿਸ ‘ਚ ਗੁਆਂਢੀ ਮੁਲਖਾਂ (ਕੈਨੇਡਾ, ਮੈਕਸੀਕੋ) ਸਮੇਤ , ਯੂਰਪ , ਏਸ਼ੀਆਈ ਦੇਸ਼ ਵੀ ਸ਼ਾਮਿਲ ਹਨ । ਡੋਨਾਲਡ ਟਰੰਪ ਨੇ ਜਿਸ ਗੱਲ ਨੂੰ ਅਮਰੀਕਨ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਹੈ , ਉਹ ਇਹ ਹੈ ਕਿ ਅਮਰੀਕਾ ਨੂੰ ਬਹੁਤ ਸਾਰੇ ਦੇਸ਼ ਐਨਾ ਟੈਰਿਫ ਲਗਾ ਰਹੇ ਹਨ, ਦੂਜੇ ਪਾਸੇ ਅਮਰੀਕਾ ਇਸ ਦੇ ਮੁਕਾਬਲੇ ਬਹੁਤ ਘੱਟ ਟੈਰਿਫ ਬਾਹਰੋਂ ਆਉਣ ਵਾਲੇ ਪਦਾਰਥਾਂ ‘ਤੇ ਲਗਾ ਰਿਹਾ ਹੈ । ਟਰੰਪ ਨੇ ਹੁਣ ਸਭ ਦੇਸ਼ਾਂ ਨੂੰ ਪਰਸਪਰ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ , ਉਸਦੇ ਦੋ ਕਾਰਨ ਹਨ ਕਿ ਪਹਿਲਾ ਤਾਂ ਇਹ ਹੈ ਕਿ ਬਰਾਬਰ ਟੈਰਿਫ ਲਗਾ ਕਿ ਅਮਰੀਕਾ ਦਾ ਖਜਾਨਾ ਭਰਨਾ ਅਤੇ ਮਹਿੰਗਾਈ ਵੱਧਣ ਦੀ ਸੂਰਤ ‘ਚ ਉਪਰੋਕਤ ਕਮਾਏ ਪੈਸੇ ਨਾਲ ਅਮਰੀਕਨ ਲੋਕਾਂ ਦਾ ਟੈਕਸ ਮੁਆਫ਼ ਕਰਨਾ, ਦੂਜਾ ਅਮਰੀਕਾ ਤੋਂ ਬਾਹਰ ਦੇਸ਼ਾਂ ‘ਚ  ਬੈਠੀਆਂ ਅਮਰੀਕਨ ਕੰਪਨੀਆਂ ਵਾਪਸ ਅਮਰੀਕਾ ਆ ਕਿ ਨਿਵੇਸ਼ ਕਰਨ ਲਈ ਦਬਾਅ ਪਾਉਣਾ ਜੋ ਕੰਪਨੀਆਂ ਇਸ ਵਕਤ ਸਸਤੀ ਲੇਬਰ ਅਤੇ ਲਾਗਤ ਨਾਲ ਵਸਤੂਆਂ ਦਾ ਨਿਰਮਾਣ ਕਰਕੇ ਕਿ ਅਮਰੀਕਾ ‘ਚ ਉਹੀ ਸਮਾਨ ਵੱਡੀ ਗਿਣਤੀ ‘ਚ ਵੇਚ ਕਿ ਮੁਨਾਫਾ ਕਮਾ ਰਹੀਆਂ ਹਨ ।
ਦੇਸ਼ ‘ਚ ਵੱਧ ਤੋਂ ਵੱਧ ਨਿਵੇਸ਼ ਕਰਵਾਉਣਾ, ਅਮਰੀਕਨ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣੇ, ਟੈਰਿਫ ਨਾਲ ਬਜਟ ਘਾਟਾ ਸੀਮਤ ਕਰਨਾ ਜਾਂ ਖਜਾਨਾ ਸਰਪਲੱਸ ਕਰਨਾ, ਦਬਾਅ ਪਾ ਕਿ ਕਮਜ਼ੋਰ ਮੁਲਖਾਂ ਨੂੰ ਆਪਣੇ ਡਾਲਰ ਦੇ ਝੰਡੇ ਹੇਠ ਰੱਖਣ ਲਈ ਸ਼ਰਤਾਂ ਮਨਾਉਣੀਆਂ ਜਾਂ ਆਪਣੀ ਮਰਜ਼ੀ ਦੇ ਵਪਾਰ ਦੀਆਂ ਸ਼ਰਤਾਂ ਮਨਾਉਣੀਆਂ ਆਦਿ ਅਜਿਹੇ ਕਾਰਨ ਹਨ , ਜੋ ਟਰੰਪ ਦੀ ਨੀਤੀ ਦਾ ਮਕਸਦ ਹਨ ।
ਪਰ ਇੱਕ ਦੱਮ ਵਿਸ਼ਵ ਭਰ ਦੇ ਦੇਸ਼ਾਂ ਖਾਸ ਕਰ ਕੈਨੇਡਾ ਅਤੇ ਯੂਰਪ ਵੱਲੋਂ ਬਰਾਬਰ ਟੈਰਿਫ ਲੱਗਣ ਨਾਲ ਅਮਰੀਕੀ ਨਿਰਯਾਤ ਨੂੰ ਵੱਡਾ ਝਟਕਾ ਲੱਗਣਾ ਹੈ ਅਤੇ ਆਯਾਤ ‘ਤੇ ਟੈਰਿਫ ਲਾਉਣ ਜੋ ਅਮਰੀਕਾ ‘ਚ ਮਹਿੰਗਾਈ ਵੱਧਣ ਅਤੇ ਬੇਰੁਜ਼ਗਾਰੀ ਵੱਧਣ ਦਾ ਜੋ ਖਤਰਾ ਮੰਡਰਾ ਰਿਹਾ ਹੈ , ਅਮਰੀਕਨ ਸ਼ੇਅਰ, ਸਟਾਕ ਮਾਰਕੀਟ (ਡਾਓ -ਜੋਨ) ਜੋ ਮੂਧੇ ਮੂੰਹ ਥੱਲੇ ਪਈ ਹੈ , ਗੁਆਂਢੀ ਮੁਲਖ ਕੈਨੇਡਾ ਸਮੇਤ ਜੀ-7 ਦੇਸ਼ਾਂ, ਯੂਰਪੀਅਨ ਯੂਨੀਅਨ ਨਾਲ ਸੰਬੰਧਾਂ ‘ਚ ਵਿਗਾੜ ਅਤੇ ਗੈਰ-ਭਰੋਸੇਮੰਦੀ ਆਦਿ ਅਜਿਹੀਆਂ ਚੁਣੌਤੀਆਂ ਹਨ , ਜਿਸ ਲਈ ਟਰੰਪ ਕੋਲ ਜੇ ਪੁਖਤਾ ਨੀਤੀ ਦੀ ਘਾਟ ਰਹੀ ਤਾਂ ਅਮਰੀਕਾ ਦੀ ਸਰਪੰਚੀ ਸੰਸਾਰ ਭਰ ‘ਚੋਂ ਜਾਂਦੀ ਰਹੇਗੀ ਅਤੇ ਮਿੱਤਰ ਦੇਸ਼ਾਂ ਦਾ ਭਰੋਸਾ ਸਦਾ ਲਈ ਖਤਮ.ਹੋ ਜਾਵੇਗਾ । ਅਜਿਹੀਆਂ ਹਾਲਤਾਂ ‘ਚ ਚੀਨ ਨੂੰ.ਵਿਸ਼ਵ ਦੀ ਸਰਪੰਚੀ ਦਾ ਤਾਜ ਆਪ ਸਜਾਉਣ ਵਾਲੀ ਗੱਲ ਹੋਵੇਗੀ ।

Leave a Reply

Your email address will not be published. Required fields are marked *