ਡਾ ਵਰਿਆਮ ਸਿੰਘ ਸੰਧੂ, ਗੁਰਭਜਨ ਗਿੱਲ ਤੇ ਡਾ ਲਖਵਿੰਦਰ ਜੌਹਲ ਨੇ ਨਿਭਾਈ ਰਸਮ-
ਲੁਧਿਆਣਾ- ਉੱਘੇ ਪੰਜਾਬੀ ਕਵੀ, ਸਾਹਿੱਤਕ ਮੈਗਜ਼ੀਨ “ਹੁਣ” ਦੇ ਸੰਪਾਦਕ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਦਾ ਸੱਜਰਾ ਗ਼ਜ਼ਲ ਸੰਗ੍ਰਹਿ “ ਪੀਲ਼ੀ ਧਰਤੀ ਕਾਲ਼ਾ ਅੰਬਰ” ਉੱਘੇ ਪੰਜਾਬੀ ਲੇਖਕਾਂ ਡਾ. ਵਰਿਆਮ ਸਿੰਘ ਸੰਧੂ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਲਖਵਿੰਦਰ ਜੌਹਲ, ਬਲਵਿੰਦਰ ਸੰਧੂ, ਹਰਵਿੰਦਰ ਚੰਡੀਗੜ੍ਹ, ਗੁਰਮੀਤ ਪਲਾਹੀ, ਡਾ. ਗੁਰਇਕਬਾਲ ਸਿੰਘ ,ਸਹਿਜਪ੍ਰੀਤ ਸਿੰਘ ਮਾਂਗਟ, ਤ੍ਰੈਲੋਚਨ ਲੋਚੀ ਤੇ ਮਨਜਿੰਦਰ ਧਨੋਆ ਸਮੇਤ ਲੇਖਕਾਂ ਦੇ ਚੋਣਵੇਂ ਇਕੱਠ ਵਿੱਚ ਪੈਰਾਡਾਈਜ਼ ਫਾਰਮ ਹਾਊਸ ਪੱਦੀ ਖ਼ਾਲਸਾ ( ਗੁਰਾਇਆ ਨੇੜੇ) ਜਲੰਧਰ ਵਿਖੇ “ਚੇਤਰ ਚੜ੍ਹਿਆ” ਸਾਹਿੱਤਕ ਮਿਲਣੀ ਦੌਰਾਨ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਨੂੰ ਸਪਰੈੱਡ ਪਬਲੀਕੇਸ਼ਨ ਰਾਮਪੁਰ (ਲੁਧਿਆਣਾ) ਵੱਲੋਂ ਅਮਰਿੰਦਰ ਸੋਹਲ ਨੇ ਪ੍ਰਕਾਸ਼ਿਤ ਕੀਤਾ ਹੈ।
ਇਸ ਮੌਕੇ ਅਮਰੀਕਾ ਤੋਂ ਆਏ ਗਾਇਕ ਸੁਖਦੇਵ ਸਾਹਿਲ ਨੇ ਸੁਸ਼ੀਲ ਦੁਸਾਂਝ ਦਾ ਕਲਾਮ ਪੇਸ਼ ਕੀਤਾ।
ਹਾਜ਼ਰ ਸਾਹਿਤਕਾਰਾਂ ਵਲੋਂ ਸਾਹਿਤ ਦੇ ਸਮਾਜਿਕ, ਸਭਿਆਚਾਰਕ ਤੇ ਆਰਥਕ ਸਰੋਕਾਰਾਂ ਤੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਵਰਿਆਮ ਸਿੰਧ ਸੰਧੂ ਨੇ ਕਿਹਾ ਕਿ ਲੇਖਕਾਂ ਨੂੰ ਸਮਾਜ ਦੇ ਸਿਹਤਮੰਦ ਵਿਹਾਰ ਲਈ ਆਪ ਵੀ ਵਿਸ਼ਾਲ ਦ੍ਰਿਸ਼ਟੀ ਅਪਨਾਉਣੀ ਪਵੇਗੀ। ਰਸਮੀ ਤੇ ਗੈਰ ਰਸਮੀ ਸਮਾਗਮਾਂ ਵਿੱਚ ਸਮਾਜ ਲੇਖਕ ਤੋਂ ਗੰਭੀਰ ਵਿਚਾਰ ਦੀ ਆਸ ਰੱਖਦਾ ਹੈ, ਇਹ ਆਸ ਟੁੱਟਣ ਨਾ ਦਿਉ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਮੂੰਹ ਜ਼ਬਾਨੀ ਸਿੱਖਿਆ ਦੇਣ ਦੀ ਥਾਂ ਉਨ੍ਹਾਂ ਨੂੰ ਸਾਹਿੱਤਕ ਸੱਭਿਆਚਾਰਕ ਸਮਾਗਮਾਂ ਵਿੱਚ ਬਚਪਨ ਤੋਂ ਹੀ ਸ਼ਾਮਿਲ ਕਰਨਾ ਚਾਹੀਦਾ ਹੈ। ਇਸ ਨਾਲ ਸ਼ਬਦ ਸਾਂਝ ਤੇ ਵਿਰਾਸਤੀ ਜੜ੍ਹਾਂ ਮਜ਼ਬੂਤ ਹੋਣਗੀਆਂ। ਗਾਇਕ ਸੁਖਦੇਵ ਸਾਹਿਲ ਨੇ ਸੂਫ਼ੀ ਕਲਾਮ ਤੋਂ ਇਲਾਵਾ ਜਸਵਿੰਦਰ ਅਤੇ ਸ਼ਿਵ ਕੁਮਾਰ ਦੀਆਂ ਰਚਨਾਵਾਂ ਨਾਲ ਮਾਹੌਲ ਇਕਾਗਰ ਚਿੱਤ ਬਣਾ ਦਿੱਤਾ।
ਉੱਘੇ ਕਵੀ ਤਰਲੋਚਨ ਲੋਚੀ ਲੁਧਿਆਣਾ ਅਤੇ ਪਟਿਆਲਾ ਤੋਂ ਆਏ ਕਵੀ ਬਲਵਿੰਦਰ ਸੰਧੂ ਨੇ ਸੱਜਰੀਆਂ ਭਾਵ ਪੂਰਤ ਕਵਿਤਾਵਾਂ/ਗ਼ਜ਼ਲਾਂ ਪੇਸ਼ ਕੀਤੀਆਂ।
ਇਹ ਸਾਹਿੱਤਕ ਮਿੱਤਰ ਮਿਲਣੀ ਵਿੱਚ ਗੁਰਮੀਤ ਸਿੰਘ ਪਲਾਹੀ ਅਤੇ ਡਾ: ਲਖਵਿੰਦਰ ਸਿੰਘ ਜੌਹਲ ਦੀ ਨਿਵੇਕਲੀ ਸੋਚ ਦਾ ਨਤੀਜਾ ਸੀ ਜਿਸ ਨੂੰ ਸੁਲੱਖਣ ਸਿੰਘ ਜੌਹਲ ਨੇ ਨੇਪਰੇ ਚਾੜ੍ਹਿਆ। ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਲੇਖਕਾਂ ਵਿੱਚ ਸ.ਲ. ਵਿਰਦੀ, ਮੋਤਾ ਸਿੰਘ ਸਰਾਏ ਵਾਲਸਾਲ (ਯੂ ਕੇ) ਹਰਵਿੰਦਰ ਸਿੰਘ ਚੰਡੀਗੜ੍ਹ,ਗੁਰਮੀਤ ਸਿੰਘ ਰੱਤੂ, ਜਸਵਿੰਦਰ ਫਗਵਾੜਾ, ਰਵਿੰਦਰ ਚੋਟ, ਪਰਵਿੰਦਰਜੀਤ ਸਿੰਘ, ਕਮਲੇਸ਼ ਸੰਧੂ, ਦਵਿੰਦਰ ਜੱਸਲ, ਹਰਜਿੰਦਰ ਨਿਆਣਾ, ਸੰਤੋਸ਼ ਕੁਮਾਰੀ, ਪਰਮਜੀਤ ਕੌਰ ਜੌਹਲ, ਬੰਸੋ ਦੇਵੀ, ਬਲਦੇਵ ਰਾਜ ਕੋਮਲ, ਸੋਹਣ ਸਹਿਜਲ, ਜਨਕ ਪਲਾਹੀ, ਸੁਲੱਖਣ ਸਿੰਘ ਜੌਹਲ, ਡਾ. ਕੰਵਲ ਭੱਲਾ ਸ.ਹਰਵਿੰਦਰ ਸਿੰਘ ਭੱਲਾ, ਮਨਜਿੰਦਰ ਧਨੋਆ, ਰਜਵੰਤ ਕੌਰ ਸੰਧੂ ਤੇ ਮਨਦੀਪ ਸਿੰਘ ਆਦਿ ਸਾਹਿਤਕਾਰ ਸ਼ਾਮਿਲ ਹੋਏ।
ਮਿਲਣੀ ਵਿੱਚ ਤਾਜ਼ੇ ਗੰਨਿਆਂ ਦਾ ਤਾਜ਼ਾ ਰਸ, ਲੱਸੀ,ਚਾਹ, ਫਲ ਅਤੇ ਦੁਪਹਿਰ ਦਾ ਭੋਜਨ ਸ. ਸੁਲੱਖਣ ਸਿੰਘ ਜੌਹਲ ਵਲੋਂ ਅਟੁੱਟ ਵਰਤਾਇਆ ਗਿਆ। ਸ. ਸੁਲੱਖਣ ਸਿੰਘ ਨੇ ਪੇਸ਼ਕਸ਼ ਕੀਤੀ ਕਿ “ਚੇਤਰ ਚੜ੍ਹਿਆ” ਪ੍ਰੋਗ੍ਰਾਮ ਹਰ ਸਾਲ ਚੜ੍ਹਦੇ ਚੇਤਰ ਦੇ ਪਹਿਲੇ ਐਤਵਾਰ ਇਸੇ ਪੈਰਾਡਾਈਜ਼ ਫਾਰਮ ਹਾਊਸ ਤੇ ਕਰਵਾਉਣ ਦੀ ਜੇ ਸਾਰੇ ਸੱਜਣ ਸਹਿਮਤੀ ਦੇਣ ਤਾਂ ਉਹ ਮੇਜ਼ਬਾਨੀ ਕਰਨਗੇ। ਇਸ ਪੇਸ਼ਕਸ਼ ਨੂੰ ਪ੍ਰਵਾਨ ਕਰ ਲਿਆ ਗਿਆ।