ਦਾਮਿਨੀ ਯਾਦਵ-
ਅੱਜ ਮੇਰੀ ਮਾਹਵਾਰੀ ਦਾ ਦੂਜਾ ਦਿਨ ਏ
ਪੈਰਾਂ ‘ਚ ਚੱਲਣ ਦੀ ਤਾਕਤ ਨਹੀਂ
ਲੱਤਾਂ ‘ਚ ਜਿਵੇਂ ਪੱਥਰ ਦੀ ਸਿੱਲ੍ ਭਰੀ ਏ
ਪੇਟ ਦੀਆਂ ਆਂਦਰਾਂ
ਦਰਦ ਨਾਲ ਖਿੱਚੀਆਂ ਹੋਈਆਂ ਨੇ
ਇਸ ਦਰਦ ਤੋਂ ਉੱਠਦਾ ਰੋਣ
ਜਬਾੜਿਆਂ ਦੀ ਸਖ਼ਤੀ ‘ਚ
ਬੰਨ੍ਹਿਆ ਹੋਇਆ ਏ।
ਕੱਲ੍ਹ ਜਦੋਂ ਮੈਂ ਉਸ ਦੁਕਾਨ ‘ਚ
‘ਵਿਸਪਰ’ ਪੈਡ ਦਾ ਨਾਮ ਲੈ ਕੇ
ਹੌਲੇ ਜਿਹੇ ਬੋਲੀ ਸੀ
ਤਾਂ ਸਭ ਲੋਕਾਂ ਦੀਆਂ
ਜੰਮੀਆਂ ਹੋਈਆਂ ਨਜ਼ਰਾਂ ‘ਚੋਂ
ਦੁਕਾਨਦਾਰ ਨੇ ਕਾਲੀ ਥੈਲੀ ‘ਚ ਲਪੇਟ
ਮੈਨੂੰ ‘ਉਹ’ ਚੀਜ਼
ਲਗਪਗ ਲੁਕਾਉਂਦੇ ਹੋਏ ਫੜਾਈ ਸੀ।
ਅੱਜ ਤਾਂ ਪੂਰਾ ਸਰੀਰ ਹੀ
ਦਰਦ ਨਾਲ ਜਕੜਿਆ ਏ
ਦਫ਼ਤਰ ‘ਚ ਕੁਰਸੀ ‘ਤੇ
ਦੇਰ ਤੱਕ ਵੀ
ਬੈਠਿਆ ਨਹੀਂ ਜਾਂਦਾ
ਮੇਰਾ ਸਹਿਯੋਗੀ ਟੇਢਾ ਜਿਹਾ
ਮੈਨੂੰ ਵੇਖ
ਵਾਰ-ਵਾਰ ਮੁਸਕਰਾਉਂਦਾ ਏ
ਗੱਲ ਕਰਦਾ ਏ ਦੂਜਿਆਂ ਨਾਲ
ਪਰ ਘੁਮਾ ਫਿਰਾ ਕੇ ਮੈਨੂੰ ਹੀ
ਨਿਸ਼ਾਨਾ ਬਣਾਉਂਦਾ ਏ।
ਅਚਾਨਕ ਮੇਰਾ ਬੌਸ
ਮੈਨੂੰ ਕੈਬਿਨ ‘ਚ ਬੁਲਵਾਉਂਦਾ ਏ
ਕੱਲ੍ਹ ਦੇ ਅਧੂਰੇ ਕੰਮ ‘ਤੋਂ ਝਿੜਕਦਾ ਏ
ਕੰਮ ਵਿੱਚ ਚੁਸਤੀ ਵਰਤਣ ਦਾ
ਦਿੰਦੇ ਹੋਏ ਸੁਝਾਅ
ਮੇਰੇ ਪੱਚੀ ਦਿਨਾਂ ਦਾ ਲਗਾਤਾਰ
ਓਵਰਟਾਈਮ ਭੁੱਲ ਜਾਂਦਾ ਏ।
ਅਚਾਨਕ ਉਹਦੀ ਨਿਗਾਹ
ਮੇਰੇ ਚਿਹਰੇ ਦੇ ਪੀਲੇਪਣ,
ਥਕਾਵਟ
ਤੇ ਸਰੀਰ ਦੀ ਸੁਸਤੀ ‘ਤੇ ਜਾਂਦੀ ਏ
ਤੇ ਮੇਰੀ ਹਾਲਤ ਸ਼ਾਇਦ
ਉਸੇ ਵਿਸਪਰ ਦੀ ਕਿਸੇ ਮਸ਼ਹੂਰੀ
ਦੀ ਯਾਦ ਦਿਵਾਉਂਦੀ ਏ।
ਆਪਣੇ ਸੁਰ ਦੀ ਸਖ਼ਤੀ ਨੂੰ ਅੱਸੀ ਫ਼ੀਸਦੀ ਦਬਾ ਕੇ
ਕਹਿੰਦਾ ਏ
“ਕੰਮ ਨੂੰ ਨਿਬੇੜ ਲੈਣਾ
ਦੋ ਚਾਰ ਦਿਨਾਂ ‘ਚ ਦਿਲ ਲਗਾ ਕੇ”
ਕੈਬਿਨ ਦੇ ਬਾਹਰ ਜਾਂਦੇ
ਮੇਰੇ ਮਨ ‘ਚ ਤੇਜ਼ੀ ਨਾਲ
ਅਸਹਿਜਤਾ ਦੀ
ਇੱਕ ਲਹਿਰ ਆਈ ਸੀ
ਮੈਂ ਅਸਹਿਜ ਸੀ
ਕਿਉਂਕਿ
ਮੇਰੀ ਪਿੱਠ ‘ਤੇ ਹੁਣ ਤੱਕ,
ਉਹਦੀਆਂ ਨਜ਼ਰਾਂ ਜੰਮੀਆਂ ਸਨ।
ਅਤੇ ਕੰਨਾਂ ‘ਚ ਹਲਕੀ ਜਿਹੀ ਖਿੜਖਿੜਾਹਟ ਪਈ ਸੀ।
“ਇਹਨਾਂ ਔਰਤਾਂ ਦਾ
ਬਰਾਬਰੀ ਦਾ ਝੰਡਾ ਨਹੀਂ ਝੁਕਦਾ।
ਜਦ ਕਿ ਹਰ ਮਹੀਨੇ ਇਨ੍ਹਾਂ ਤੋਂ
ਆਪਣਾ ਸਰੀਰ ਹੀ ਨਹੀਂ ਸੰਭਲਦਾ।
ਸ਼ੁਕਰ ਏ ਅਸੀਂ ਮਰਦ
ਇਨ੍ਹਾਂ ਦੇ
ਇਹ ਨਖ਼ਰੇ ਸਹਿ ਲੈਂਦੇ ਹਾਂ
ਤੇ ਹੱਸ ਕੇ ਇਨ੍ਹਾਂ ਔਰਤਾਂ ਨੂੰ
ਬਰਾਬਰੀ ਦੇ ਮੌਕੇ ਦਿੰਦੇ ਹਾਂ।
.
“ਓਇ ਮਰਦੋ ! ਮੈਂ ਕੀ ਕਰਾਂ ?
ਤੁਹਾਡੀ ਇਸ ਸੋਚ ‘ਤੇ
ਹੈਰਾਨੀ ਕਿਵੇਂ ਨਾ ਜਤਾਵਾਂ !
ਮੈਂ ਅੱਜ ਜੋ ਖੂਨ-ਮਾਸ
ਸੈਨਟਰੀ ਨੈਪਕਿਨ
ਨਾਲੀਆਂ ‘ਚ ਵਹਾਉਂਦੀ ਹਾਂ
ਉਸੇ ਮਾਸ-ਲੋਥੜੇ ਤੋਂ
ਕਦੇ ਵਕ਼ਤ ਆਉਣ ‘ਤੇ
ਤੁਹਾਡੇ ਵਜੂਦ ਲਈ
‘ਕੱਚਾ ਮਾਲ’ ਜੁਟਾਉਂਦੀ ਹਾਂ।
ਅਤੇ ਇਸੇ ਮਾਹਵਾਰੀ ਦੇ ਦਰਦ ਨਾਲ
ਮੈਂ ਉਹ ਅਭਿਆਸ ਪਾਉਂਦੀ ਹਾਂ
ਜਦੋਂ ਆਪਣੀ ਜਾਨ ‘ਤੇ ਖੇਡ
ਤੁਹਾਨੂੰ ਦੁਨੀਆ ‘ਚ ਲਿਆਉਂਦੀ ਹਾਂ।
ਨਾ ਹੱਸ ਮੇਰੇ ‘ਤੇ ਕਿ ਜਦੋਂ ਮੈਂ
ਇਸ ਦਰਦ ਨਾਲ ਤੜਫ਼ਦੀ ਹਾਂ
ਇਸੇ ਮਾਹਵਾਰੀ ਦੀ ਬਦੌਲਤ
ਮੈਂ ਤੈਨੂੰ ਭਰੂਣ ਤੋਂ
ਇਨਸਾਨ ਬਣਾਉਂਦੀ ਹਾਂ।
ਅਨੁਵਾਦ – ਕੁਸੁਮ ਸੋਨੀਆ